- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਮਨੁੱਖਤਾ ਨੂੰ ਪ੍ਰੇਮ ਅਤੇ ਸੇਵਾ ਦਾ ਮਾਰਗ ਦਿਖਾਉਂਦੀਆਂ ਹਨ : ਸਵਾਮੀ ਜੀ

ਸ਼ਾਮ ਤਿਵਾੜੀ, ਪੰਜਾਬੀ ਜਾਗਰਣ, ਬਟਾਲਾ : ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੇ ਮੌਕੇ ’ਤੇ ਬਟਾਲਾ ਆਸ਼ਰਮ ’ਚ ਵਿਸ਼ੇਸ਼ ਅਧਿਆਤਮਿਕ ਸਤਿਸੰਗ ਤੇ ਕੀਰਤਨ ਸਮਾਗਮ ਕਰਵਾਇਆ। ਇਸ ਮੌਕੇ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ ਸ਼ਿਸ਼ ਸਵਾਮੀ ਸੰਗਿਆਮਾਨੰਦ ਜੀ ਨੇ ਹਾਜ਼ਰ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸਮੁੱਚਾ ਜੀਵਨ ਮਨੁੱਖਤਾ, ਪ੍ਰੇਮ, ਸਮਾਨਤਾ, ਸੇਵਾ ਅਤੇ ਪ੍ਰਭੂ ਭਗਤੀ ਦਾ ਅਦੁੱਤੀ ਸੁਨੇਹਾ ਦਿੰਦਾ ਹੈ। ਉਨ੍ਹਾਂ ਦੀਆਂ ਸਿੱਖਿਆਵਾਂ ਅੱਜ ਵੀ ਮਨੁੱਖੀ ਸਮਾਜ ਨੂੰ ਸਹੀ ਦਿਸ਼ਾ ਦਿਖਾਉਣ ਦੇ ਨਾਲ-ਨਾਲ ਜੀਵਨ ’ਚ ਅਧਿਆਤਮਿਕ ਕਦਰਾਂ-ਕੀਮਤਾਂ ਅਪਣਾਉਣ ਦੀ ਪ੍ਰੇਰਣਾ ਦਿੰਦੀਆਂ ਹਨ। ਸਵਾਮੀ ਜੀ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸੁਨੇਹਾ ਹੋਰ ਵੀ ਵਧੇਰੇ ਪ੍ਰਾਸੰਗਿਕ ਹੈ ਕਿਉਂਕਿ ਸਮਾਜ ਕਈ ਤਰ੍ਹਾਂ ਦੇ ਤਣਾਅ, ਭੇਦਭਾਵ ਅਤੇ ਅਸ਼ਾਂਤੀ ਨਾਲ ਜੂਝ ਰਿਹਾ ਹੈ। ਲੋੜ ਇਸ ਗੱਲ ਦੀ ਹੈ ਕਿ ਅਸੀਂ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਕੇਵਲ ਸੁਣਨ ਅਤੇ ਪੜ੍ਹਨ ਤੱਕ ਸੀਮਤ ਨਾ ਰੱਖੀਏ, ਸਗੋਂ ਉਨ੍ਹਾਂ ਨੂੰ ਆਪਣੇ ਜੀਵਨ ਵਿੱਚ ਅਪਣਾਈਏ। ਇਸ ਮੌਕੇ ਸਾਧਵੀ ਅਵਿਨਾਸ਼ ਭਾਰਤੀ ਤੇ ਰੀਤਿਕਾ ਭਾਰਤੀ ਵੱਲੋਂ ਪੇਸ਼ ਕੀਤੇ ਗਏ ਭਾਵਪੂਰਵਕ ਗੁਰਬਾਣੀ ਸ਼ਬਦਾਂ ਅਤੇ ਭਗਤੀ ਕੀਰਤਨ ਨੇ ਸਮੁੱਚੇ ਮਾਹੌਲ ਨੂੰ ਭਗਤੀਮਈ ਬਣਾ ਦਿੱਤਾ। ਸੰਗਤ ਨੇ ਸਮੂਹਿਕ ਤੌਰ ’ਤੇ ਗੁਰੂ ਮਹਾਰਾਜ ਜੀ ਦੇ ਚਰਨਾਂ ’ਚ ਨਤਮਸਤਕ ਹੋ ਕੇ ਸਰਬੱਤ ਦੇ ਭਲੇ, ਸੁੱਖ-ਸ਼ਾਂਤੀ ਅਤੇ ਆਪਸੀ ਸਦਭਾਵਨਾ ਲਈ ਅਰਦਾਸ ਕੀਤੀ। ਸਮਾਗਮ ਦੀ ਸਮਾਪਤੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਜੀਵਨ ’ਚ ਧਾਰਨ ਕਰਨ ਦੇ ਸੰਕਲਪ ਨਾਲ ਹੋਈ।