ਰਿਆੜਕੀ ਕਾਲਜ ਵਿਖੇ 36ਵੇਂ ਗਿਆਨੀ ਮੇਵਾ ਸਿੰਘ ਯਾਦਗਾਰੀ ਗੁਰਮਤਿ ਕੈਂਪ ਦਾ ਦੂਜਾ ਦਿਨ ਰੂਹਾਨੀ ਰੰਗ ਵਿੱਚ ਰੰਗਿਆ ਰਿਆੜਕੀ ਕਾਲਜ ਵਿਖੇ 36ਵੇਂ ਗਿਆਨੀ ਮੇਵਾ ਸਿੰਘ ਯਾਦਗਾਰੀ ਗੁਰਮਤਿ ਕੈਂਪ ਦਾ ਦੂਜਾ ਦਿਨ ਰੂਹਾਨੀ ਰੰਗ ਵਿੱਚ ਰੰਗਿਆ
Publish Date: Wed, 07 Oct 2026 03:51 PM (IST)
Updated Date: Wed, 07 Oct 2026 03:53 PM (IST)
ਕਸ਼ਮੀਰ ਸਿੰਘ ਸੰਧੂ, ਪੰਜਾਬੀ ਜਾਗਰਣ ਕਾਦੀਆਂ : ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਵਿਖੇ ਗਿਆਨੀ ਮੇਵਾ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਚੱਲ ਰਹੇ 36ਵੇਂ ਸਲਾਨਾ ਗੁਰਮਤ ਕੈਂਪ ਦਾ ਦੂਜਾ ਦਿਨ ਗੁਰਬਾਣੀ, ਸਿੱਖ ਇਤਿਹਾਸ, ਵਿਚਾਰ-ਵਟਾਂਦਰੇ ਅਤੇ ਰੂਹਾਨੀ ਰੰਗ ਨਾਲ ਭਰਪੂਰ ਰਿਹਾ। ਦਿਨ ਦੀ ਸ਼ੁਰੂਆਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਈ ਗਈ ਸਿੱਖ ਇਤਿਹਾਸ ਦੀ ਚਿੱਤਰ ਪ੍ਰਦਰਸ਼ਨੀ ਅਤੇ ਪੁਸਤਕ ਪ੍ਰਦਰਸ਼ਨੀ ਦੇ ਦਰਸ਼ਨਾਂ ਨਾਲ ਹੋਈ। ਪ੍ਰਿੰਸੀਪਲ ਸਵਰਨ ਸਿੰਘ ਵਿਰਕ ਨੇ ਕਿਹਾ ਕਿ ਇਤਿਹਾਸ ਨੂੰ ਸੁਣਨ ਦੇ ਨਾਲ-ਨਾਲ ਤਸਵੀਰਾਂ ਰਾਹੀਂ ਵੇਖਣ ਨਾਲ ਵਿਦਿਆਰਥੀਆਂ ਦੇ ਮਨਾਂ ਵਿੱਚ ਇਤਿਹਾਸਕ ਘਟਨਾਵਾਂ ਅਤੇ ਸ਼ਹਾਦਤਾਂ ਦੀ ਤਸਵੀਰ ਹੋਰ ਸਪਸ਼ਟ ਰੂਪ ਵਿੱਚ ਉਭਰਦੀ ਹੈ।ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਇਤਿਹਾਸ ਕੇਵਲ ਪੁਸਤਕਾਂ ਦੇ ਪੰਨਿਆਂ ਤੱਕ ਸੀਮਤ ਨਹੀਂ ਰਹਿੰਦਾ, ਸਗੋਂ ਵਿਦਿਆਰਥੀਆਂ ਦੇ ਸਾਹਮਣੇ ਜੀਵੰਤ ਹੋ ਉੱਠਦਾ ਹੈ। ਕੈਂਪ ਦੀ ਕਾਰਵਾਈ ਦੋ ਪੜਾਵਾਂ ਵਿੱਚ ਹੋਈ। ਪਹਿਲੇ ਪੜਾਅ ਦੀ ਸ਼ੁਰੂਆਤ ਗੁਰਦੁਆਰਾ ਅਚਲ ਸਾਹਿਬ, ਬਟਾਲਾ ਦੇ ਭਾਈ ਗੁਰਵਿੰਦਰ ਸਿੰਘ ਦੇ ਕੀਰਤਨੀ ਜਥੇ ਵੱਲੋਂ ਰਸ-ਭਿੰਨੇ ਕੀਰਤਨ ਨਾਲ ਹੋਈ। ਗੁਰਬਾਣੀ ਦੀਆਂ ਰੂਹਾਨੀ ਧੁਨਾਂ ਨੇ ਸਮੁੱਚੇ ਮਾਹੌਲ ਨੂੰ ਅਧਿਆਤਮਿਕ ਰੰਗ ਵਿੱਚ ਰੰਗ ਦਿੱਤਾ। ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਖੇਤਰ ਦੇ ਡਾਇਰੈਕਟਰ ਡਾ. ਅਮਰਜੀਤ ਸਿੰਘ ਨੇ ਸ਼ਿਰਕਤ ਕਰਦਿਆਂ “ਸਫ਼ਲ ਤੇ ਖੁਸ਼ ਇਨਸਾਨ ਕਿਵੇਂ ਬਣੀਏ” ਵਿਸ਼ੇ ’ਤੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ ਅਤੇ ਗਿਆਨੀ ਮੇਵਾ ਸਿੰਘ ਜੀ ਦੀ ਗੁਰਮਤਿ ਪ੍ਰਤੀ ਸਮਰਪਣ, ਸੱਚੀ ਸ਼ਰਧਾ,ਭਾਵਨਾ ਨੂੰ ਵੀ ਯਾਦ ਕੀਤਾ। ਇਸੇ ਪੜਾਅ ਵਿੱਚ ਕਵੀਸ਼ਰ ਭਾਈ ਸੁੱਚਾ ਸਿੰਘ ਜੀ ਡੇਰਾ ਪਠਾਣਾਂ ਨੇ ਆਪਣੀ ਕਵੀਸ਼ਰੀ ਰਾਹੀਂ ਸ੍ਰੀ ਗੁਰੂ ਰਾਮਦਾਸ ਜੀ ਦੇ ਬਚਪਨ ਅਤੇ ਜੀਵਨ ਦੇ ਮੁੱਢਲੇ ਪੜਾਅ ਨੂੰ ਜੀਵੰਤ ਕੀਤਾ। ਦੂਜੇ ਪੜਾਅ ਵਿੱਚ ਭਾਈ ਅਮਨਜੀਤ ਸਿੰਘ ਜੀ ਦੇ ਢਾਡੀ ਜਥੇ ਨੇ ਆਪਣੀਆਂ ਜੋਸ਼ੀਲੀਆਂ ਵਾਰਾਂ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ, ਉਨ੍ਹਾਂ ਦੀ ਬਾਣੀ ਅਤੇ ਜੀਵਨ ਨਾਲ ਜੁੜੀਆਂ ਅਨੇਕਾਂ ਇਤਿਹਾਸਕ ਘਟਨਾਵਾਂ ਨੂੰ ਸੁਰਾਂ ਵਿੱਚ ਪੇਸ਼ ਕੀਤਾ। ਇਸੇ ਪੜਾਅ ਵਿੱਚ ਪ੍ਰਚਾਰਕ ਭਾਈ ਜਗਦੇਵ ਸਿੰਘ ਜੀ ਨੇ ਚੰਗੀ ਸੰਗਤ ਦੀ ਮਹੱਤਤਾ ਉਜਾਗਰ ਕਰਦਿਆਂ ਵਿਦਿਆਰਥੀਆਂ ਨੂੰ ਸੁਚੱਜੀ ਜੀਵਨ-ਜਾਚ ਅਪਣਾਉਣ ਦਾ ਸੁਨੇਹਾ ਦਿੱਤਾ।ਮੰਚ ਸੰਚਾਲਨ ਪ੍ਰਚਾਰਕ ਭਾਈ ਲਵਪ੍ਰੀਤ ਸਿੰਘ ਨੇ ਕੀਤਾ। ਅਖੀਰ ’ਚ ਗਗਨਦੀਪ ਸਿੰਘ ਵਿਰਕ ਨੇ ਆਏ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।