- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੁਟੇਰਿਆਂ ਦੇ ਹੌਸਲੇ ਹੋਏ ਬੁਲੰਦ

ਕੁਲਦੀਪ ਸਿੰਘ ਸਲਗਾਨੀਆ, ਕਿਲਾ ਲਾਲ ਸਿੰਘ
ਕਿਲਾ ਲਾਲ ਸਿੰਘ:ਇਲਾਕੇ ਵਿੱਚ ਚੋਰਾਂ, ਲੁਟੇਰਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਦਿਨ-ਦਿਹਾੜੇ ਅਤੇ ਸ਼ਰੇਆਮ ਹੋ ਰਹੀਆਂ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਕਾਰਨ ਆਮ ਜਨਤਾ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀ ਹੈ। ਪੁਲਿਸ ਪ੍ਰਸ਼ਾਸਨ ਦੇ ਨੱਕ ਹੇਠ ਅਪਰਾਧ ਹੋਣ ਦਾ ਇੱਕ ਅਜਿਹਾ ਹੀ ਸਨਸਨੀਖੇਜ਼ ਅਤੇ ਤਾਜ਼ਾ ਮਾਮਲਾ ਅੱਡਾ ਕਿਲਾ ਲਾਲ ਸਿੰਘ ਵਿਖੇ ਸਾਹਮਣੇ ਆਇਆ ਹੈ, ਜਿੱਥੇ ਲੁਟੇਰੇ ਵੱਲੋਂ ਥਾਣੇ ਤੋਂ ਮਹਿਜ਼ ਚੰਦ ਕਦਮਾਂ ਦੀ ਦੂਰੀ 'ਤੇ ਇੱਕ ਵਿਅਕਤੀ ਕੋਲੋਂ ਮੋਬਾਈਲ ਖੋਹ ਲਿਆ ਅਤੇ ਬੜੀ ਆਸਾਨੀ ਨਾਲ ਫਰਾਰ ਹੋ ਗਿਆ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਮਦਨ ਲਾਲ ਸੂਦ ਵਾਸੀ ਕਿਲਾ ਲਾਲ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਅੱਡਾ ਕਿਲਾ ਲਾਲ ਸਿੰਘ ਵਿਖੇ ਮੁਨਿਆਰੀ ਦੀ ਦੁਕਾਨ ਚਲਾਉਂਦੇ ਹਨ। ਰੋਜ਼ਾਨਾ ਦੀ ਤਰ੍ਹਾਂ ਐਤਵਾਰ ਸ਼ਾਮ ਕਰੀਬ ਸਾਢੇ ਸੱਤ ਵਜੇ ਉਹ ਆਪਣੀ ਦੁਕਾਨ ਦੇ ਬਾਹਰ ਬੈਠੇ ਹੋਏ ਸਨ ਅਤੇ ਉਹਨਾਂ ਦੇ ਹੱਥ ਵਿੱਚ ਉਹਨਾਂ ਦਾ ਸੈਮਸੰਗ' ਕੰਪਨੀ ਦਾ ਮੋਬਾਈਲ ਫੋਨ ਸੀ।ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਅਚਾਨਕ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਉੱਥੇ ਆਇਆ। ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝ ਪਾਉਂਦੇ, ਉਕਤ ਲੁਟੇਰੇ ਨੇ ਇੱਕਦਮ ਝਪੱਟਾ ਮਾਰਿਆ ਅਤੇ ਉਨ੍ਹਾਂ ਦੇ ਹੱਥ ਵਿੱਚੋਂ ਮੋਬਾਈਲ ਫੋਨ ਖੋਹ ਲਿਆ ਅਤੇ ਬੜੀ ਤੇਜ਼ੀ ਨਾਲ ਮੋਟਰਸਾਈਕਲ ਭਜਾ ਕੇ ਮੌਕੇ ਤੋਂ ਰਫ਼ੂ-ਚੱਕਰ ਹੋ ਗਿਆ। ਹਾਲਾਂਕਿ ਪੀੜਤ ਦੁਕਾਨਦਾਰ ਵੱਲੋਂ ਤੁਰੰਤ ਰੌਲਾ ਪਾਇਆ ਗਿਆ, ਪਰ ਲੁਟੇਰੇ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਉਹ ਹਨੇਰੇ ਦਾ ਫ਼ਾਇਦਾ ਉਠਾਉਂਦੇ ਹੋਏ ਭੱਜਣ ਵਿੱਚ ਕਾਮਯਾਬ ਹੋ ਗਿਆ।