- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਹੱਦ ਨਾਲ ਵਹਿੰਦਾ ਰਾਵੀ ਦਰਿਆ ਲਾ ਰਿਹਾ ਵੱਡੀ ਢਾਹ

* ਸਰਹੱਦੀ ਕਿਸਾਨਾਂ ਦੀਆਂ ਜ਼ਮੀਨਾਂ, ਡਿਫੈਂਸ ਧੁੱਸੀ ਤੇ ਕੰਡਿਆਲੀ ਤਾਰ ਲਪੇਟ 'ਚ
* ਸਰਹੱਦੀ ਕਿਸਾਨਾਂ ਤੇ ਬੀਐੱਸਐੱਫ ਦੇ ਜਵਾਨਾਂ 'ਤੇ ਰਾਵੀ ਦੇ ਪਾਣੀ ਦਾ ਖ਼ਤਰਾ ਮੰਡਰਾ ਰਿਹਾ
ਜੀਆਰਪੀ- ਭਾਰਤ-ਪਾਕਿਸਤਾਨ ਦੀ ਸਰਹੱਦ ਨਾਲ ਵਹਿੰਦੇ ਰਾਵੀ ਦਰਿਆ ਦੇ ਤੇਜ਼ ਵਹਾਅ ਵਾਲੇ ਪਾਣੀ ਕਾਰਨ ਆਏ ਕਟਾਅ ਨਾਲ ਪਾਣੀ ਦੀ ਲਪੇਟ ਵਿੱਚ ਆਇਆ ਕੰਡਿਆਲੀ ਤਾਰ।
ਜੀਆਰਪੀ- ਪਾਣੀ ਨਾਲ ਖੁਰੇ ਜ਼ਮੀਨਾਂ ਦੇ ਕਿਨਾਰੇ।
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ
ਡੇਰਾ ਬਾਬਾ ਨਾਨਕ : ਭਾਰਤ-ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ਨਾਲ ਲੱਗਦੇ ਸਰਹੱਦੀ ਜ਼ਿਲ੍ਹਿਆਂ ਗੁਰਦਾਸਪੁਰ, ਪਠਾਨਕੋਟ ਤੇ ਅੰਮ੍ਰਿਤਸਰ ਦੇ ਇਲਾਕੇ ’ਚ ਵਹਿੰਦਾ ਰਾਵੀ ਦਰਿਆ ਜਿੱਥੇ ਹਰ ਵਰ੍ਹੇ ਬਰਸਾਤੀ ਮੌਸਮ ਦੌਰਾਨ ਵੱਡੀ ਤਬਾਹੀ ਮਚਾਉਂਦਾ ਹੈ, ਉੱਥੇ ਪਿਛਲੇ ਵਰ੍ਹੇ ਅਗਸਤ ਮਹੀਨੇ ’ਚ ਰਾਵੀ ਦਰਿਆ ਵਿਚ ਪਹਾੜਾਂ ਤੋਂ ਆਏ ਪਾਣੀ ਕਾਰਨ ਆਏ ਹੜ੍ਹਾਂ ਨਾਲ ਕਿਸਾਨੀ ਜ਼ਮੀਨਾਂ, ਸਰਹੱਦ 'ਤੇ ਬਣੇ ਧੁੱਸੀ ਬੰਨ੍ਹ ਤੇ ਕੰਡਿਆਲੀ ਤਾਰ 'ਤੇ ਲੱਗੇ ਗੇਟ ਪਾਣੀ ਦੀ ਲਪੇਟ ’ਚ ਆ ਗਏ ਸਨ। ਇਸ ਦੇ ਬਾਵਜੂਦ ਕਈ ਥਾਈਂ ਬੰਨ੍ਹ ਬਣਾਉਣ ਤੇ ਕੰਡਿਆਲੀ ਤਾਰ 'ਤੇ ਲੱਗੇ ਗੇਟਾਂ ਨੂੰ ਭਵਿੱਖ ’ਚ ਰਾਵੀ ਦਰਿਆ ਦੇ ਪਾਣੀ ਤੋਂ ਬਚਾਉਣ ਲਈ ਢੁਕਵੇਂ ਪ੍ਰਬੰਧ ਨਹੀਂ ਕੀਤੇ ਗਏ, ਜਿਸ ਕਾਰਨ ਸਰਹੱਦੀ ਕਿਸਾਨਾਂ ਤੇ ਬੀਐੱਸਐੱਫ ਦੇ ਜਵਾਨਾਂ 'ਤੇ ਰਾਵੀ ਦਰਿਆ ਦੇ ਪਾਣੀ ਦਾ ਖ਼ਤਰਾ ਮੰਡਰਾ ਰਿਹਾ ਹੈ।
ਜਾਣਕਾਰੀ ਅਨੁਸਾਰ ਪਿਛਲੇ ਵਰ੍ਹੇ ਪਹਾੜਾਂ ’ਚ ਵਧੇਰੇ ਬਾਰਿਸ਼ਾਂ ਹੋਣ ਕਾਰਨ ਜੁਲਾਈ ਤੇ ਅਗਸਤ ਮਹੀਨੇ ’ਚ ਵੱਖ-ਵੱਖ ਸਮਿਆਂ 'ਤੇ ਰਾਵੀ ਦਰਿਆ ’ਚ ਤਿੰਨ ਤੋਂ ਚਾਰ ਲੱਖ ਕਿਊਸਕ ਪਾਣੀ ਛੱਡਿਆ ਗਿਆ ਸੀ। 25 ਤੇ 26 ਅਗਸਤ ਨੂੰ ਰਾਵੀ ਦਰਿਆ ਦਾ ਪਾਣੀ ਪੱਧਰ ਵਧਣ ਕਾਰਨ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਦੀਨਾਨਗਰ, ਡੇਰਾ ਬਾਬਾ ਨਾਨਕ ਤੋਂ ਇਲਾਵਾ ਅੰਮ੍ਰਿਤਸਰ ਨਾਲ ਸਬੰਧਤ ਅਜਨਾਲਾ ਤਹਿਸੀਲ ’ਚ ਕਈ ਥਾਈਂ ਡਿਫੈਂਸ ਧੁੱਸੀ ਬੰਨ੍ਹ ਟੁੱਟਣ ਕਾਰਨ ਸਰਹੱਦ ਨਾਲ ਲੱਗਦੇ ਦਰਜਨਾਂ ਪਿੰਡ ਹੜ੍ਹ ਦੇ ਪਾਣੀ ’ਚ ਡੁੱਬ ਗਏ ਸਨ। ਇਸ ਤੋਂ ਇਲਾਵਾ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਬੀਐੱਸਐੱਫ ਸੈਕਟਰ ਗੁਰਦਾਸਪੁਰ ਅਧੀਨ ਆਉਂਦੀਆਂ ਬੀਐੱਸਐੱਫ ਦੀਆਂ ਵੱਖ-ਵੱਖ ਬਟਾਲੀਅਨਾਂ ਦੇ ਖੇਤਰ ’ਚ ਸਰਹੱਦ 'ਤੇ ਲੱਗੀ ਕੰਡਿਆਲੀ ਤਾਰ, ਗੇਟ, ਸ਼ੈਲਟਰ ਹੋਮ ਤੇ ਓਪੀ ਟਾਵਰ ਪਾਣੀ ’ਚ ਡੁੱਬ ਗਏ ਸਨ। ਕਈ ਥਾਵਾਂ ਤੋਂ ਕੰਡਿਆਲੀ ਤਾਰ ਤੇ ਗੇਟ ਪਾਣੀ ਦੇ ਤੇਜ਼ ਵਹਾਅ ਕਾਰਨ ਉੱਖੜ ਗਏ ਸਨ, ਜਿਨ੍ਹਾਂ ਨੂੰ ਬੀਐੱਸਐੱਫ ਦੇ ਜਵਾਨਾਂ ਨੇ ਦਿਨ-ਰਾਤ ਮਿਹਨਤ ਕਰ ਕੇ ਮੁੜ ਠੀਕ ਕਰ ਦਿੱਤਾ ਸੀ। ਪਰ ਕੁਝ ਸੰਵੇਦਨਸ਼ੀਲ ਥਾਵਾਂ 'ਤੇ ਲੱਗੀ ਕੰਡਿਆਲੀ ਤਾਰ ਦੇ ਗੇਟ ਤੇ ਧੁੱਸੀ ਬੰਨ੍ਹ ਦਾ ਨਿਰਮਾਣ ਅਜੇ ਵੀ ਅਧੂਰਾ ਪਿਆ ਹੋਇਆ ਹੈ। ਜੇਕਰ ਆਉਣ ਵਾਲੇ ਦਿਨਾਂ ’ਚ ਰਾਵੀ ਦਰਿਆ ਦਾ ਪਾਣੀ ਪੱਧਰ ਵਧਦਾ ਹੈ ਤਾਂ ਇਨ੍ਹਾਂ ਥਾਵਾਂ 'ਤੇ ਰਾਵੀ ਦਰਿਆ ਦਾ ਪਾਣੀ ਵੱਡੀ ਤਬਾਹੀ ਮਚਾ ਸਕਦਾ ਹੈ।
ਰਾਵੀ ਦਰਿਆ ਤੇ ਕੰਡਿਆਲੀ ਤਾਰ ਤੋਂ ਪਾਰ ਪੈਂਦੀਆਂ ਜ਼ਮੀਨਾਂ ਦੇ ਮਾਲਕ ਕਿਸਾਨ ਅਮਰ ਸਿੰਘ, ਹਰਦੇਵ ਸਿੰਘ, ਗੁਰਦਿਆਲ ਸਿੰਘ, ਸਤਨਾਮ ਸਿੰਘ, ਕੁਲਦੀਪ ਸਿੰਘ, ਪ੍ਰਭਸਰਨ ਸਿੰਘ, ਬਲਵਿੰਦਰ ਸਿੰਘ ਤੇ ਹਰਜੀਤ ਸਿੰਘ ਆਦਿ ਨੇ ਦੱਸਿਆ ਕਿ ਰਾਵੀ ਦਰਿਆ ਦਾ ਸੰਤਾਪ ਉਨ੍ਹਾਂ ਦੇ ਵੱਡੇ-ਵਡੇਰੇ ਭਾਰਤ-ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਵੀ ਬਰਸਾਤੀ ਮੌਸਮ ’ਚ ਭੋਗਦੇ ਰਹੇ ਹਨ। ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਭਾਰਤ-ਪਾਕਿਸਤਾਨ ਦੀ ਵੰਡ ਦੌਰਾਨ ਹੋਈ ਵੱਢ-ਟੁੱਕ ਤੋਂ ਬਾਅਦ 1965 ਤੇ 1971 ਦੀਆਂ ਜੰਗਾਂ, ਅੱਤਵਾਦ ਦੇ ਦੌਰ, ਕਾਰਗਿਲ ਯੁੱਧ ਤੇ ਆਪਰੇਸ਼ਨ ਸਿੰਧੂਰ ਤੋਂ ਇਲਾਵਾ ਹਰ ਵਰ੍ਹੇ ਰਾਵੀ ਦਰਿਆ ਦੇ ਤੇਜ਼ ਵਹਾਅ ਵਾਲੇ ਪਾਣੀ ਦਾ ਸੰਤਾਪ ਭੋਗਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਉਨ੍ਹਾਂ ਦੀਆਂ ਜ਼ਮੀਨਾਂ ਕੰਡਿਆਲੀ ਤਾਰ ਤੋਂ ਪਾਰ ਰਾਵੀ ਦਰਿਆ ਦੇ ਨਾਲ-ਨਾਲ ਹੋਣ ਕਾਰਨ ਉਨ੍ਹਾਂ ਨੂੰ ਦੋਹਰੀ ਮਾਰ ਸਹਿਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਕੰਡਿਆਲੀ ਤਾਰ ਤੋਂ ਪਾਰ ਰਾਵੀ ਦਰਿਆ ਨਾਲ਼ ਲੱਗਦੀਆਂ ਜ਼ਮੀਨਾਂ ’ਚ ਉਨ੍ਹਾਂ ਦੀ ਮਾਲਕੀ ਜ਼ਮੀਨ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਮੁਆਵਜ਼ਾ ਮਾਤਰ ਨਹੀਂ ਮਿਲ ਰਿਹਾ। ਦੂਜੇ ਪਾਸੇ ਹਰ ਵਰ੍ਹੇ ਰਾਵੀ ਦਰਿਆ ਦੇ ਪਾਣੀ ਕਾਰਨ ਉਨ੍ਹਾਂ ਵੱਲੋਂ ਬੀਜੇ ਜਾਣ ਵਾਲੇ ਝੋਨੇ, ਮਾਂਹ ਤੇ ਤਿਲ ਦੀਆਂ ਫ਼ਸਲਾਂ ਨਸ਼ਟ ਹੋ ਜਾਂਦੀਆਂ ਹਨ। ਕਿਸਾਨਾਂ ਨੇ ਦੱਸਿਆ ਕਿ ਰਾਵੀ ਦਰਿਆ ਦੇ ਪਾਣੀ ਨਾਲ ਹਰ ਸਾਲ ਕਿਸਾਨਾਂ ਦੀਆਂ ਜ਼ਮੀਨਾਂ ਦਰਿਆ ਬੁਰਦ ਹੋ ਰਹੀਆਂ ਹਨ। ਇਸ ਤੋਂ ਇਲਾਵਾ ਰਾਵੀ ਦਰਿਆ ਦਾ ਤੇਜ਼ ਵਹਾਅ ਵਾਲਾ ਪਾਣੀ ਸਰਹੱਦ 'ਤੇ ਲੱਗੀ ਕੰਡਿਆਲੀ ਤਾਰ ਨੂੰ ਵੀ ਆਪਣੀ ਲਪੇਟ ਵਿੱਚ ਲੈ ਰਿਹਾ ਹੈ, ਜਿਸ ਕਾਰਨ ਸਰਹੱਦੀ ਕਿਸਾਨਾਂ ਅਤੇ ਬੀਐੱਸਐੱਫ ਜਵਾਨਾਂ ਦੀਆਂ ਮੁਸ਼ਕਲਾਂ ਹਰ ਸਾਲ ਵਧਦੀਆਂ ਜਾ ਰਹੀਆਂ ਹਨ।
ਹੜ੍ਹਾਂ ਨਾਲ ਪ੍ਰਭਾਵਿਤ ਬੰਨ੍ਹਿਆਂ ਦਾ ਨਿਰਮਾਣ ਮੁਕੰਮਲ : ਐੱਸਈ ਡਰੇਨ ਵਿਭਾਗ
ਰਾਵੀ ਦਰਿਆ ਦੇ ਪਾਣੀ ਨਾਲ ਪ੍ਰਭਾਵਿਤ ਹੋਏ ਡਿਫੈਂਸ ਧੁੱਸੀ ਦੇ ਕਿਨਾਰਿਆਂ ਸਬੰਧੀ ਡਰੇਨ ਵਿਭਾਗ ਦੇ ਐੱਸਈ ਮਹੇਸ਼ ਸਿੰਘ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦਿਆਂ ਪਿਛਲੇ ਸਾਲ ਹੜ੍ਹਾਂ ਨਾਲ ਪ੍ਰਭਾਵਿਤ ਧੁੱਸੀ ਬੰਨ੍ਹਾਂ ਨੂੰ ਮੁਕੰਮਲ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਹੱਦ 'ਤੇ ਕੁਝ ਥਾਵਾਂ ਜੋ ਡਿਫੈਂਸ ਅਧੀਨ ਆਉਂਦੀਆਂ ਹਨ, ਉਨ੍ਹਾਂ ਥਾਵਾਂ ਦਾ ਨਿਰਮਾਣ ਡਿਫੈਂਸ ਵਿਭਾਗ ਵੱਲੋਂ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਅਧੂਰੇ ਕਾਰਜਾਂ ਸਬੰਧੀ ਵਿਭਾਗ ਨੂੰ ਜਾਣੂ ਕਰਵਾਇਆ ਜਾਵੇ।