ਗੁਰਦਾਸਪੁਰ ’ਚ ਲੱਗਾ ਤਰਕਸ਼ੀਲ ਨਾਟਕ ਮੇਲਾ ਯਾਦਗਾਰੀ ਹੋ ਨਿੱਬੜਿਆ ਗੁਰਦਾਸਪੁਰ ਵਿੱਚ ਲੱਗਾ ਤਰਕਸ਼ੀਲ ਨਾਟਕ ਮੇਲਾ ਯਾਦਗਾਰੀ ਹੋ ਨਿਬੜਿਆ
Publish Date: Sat, 31 Oct 2026 04:17 PM (IST)
Updated Date: Sat, 31 Oct 2026 04:19 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਗੁਰਦਾਸਪੁਰ : ਬੀਤੇ ਦਿਨੀਂ ਤਰਕਸ਼ੀਲ ਸੁਸਾਇਟੀ ਗੁਰਦਾਸਪੁਰ ਵੱਲੋਂ ਇੱਕ ਨਾਟਕ ਮੇਲਾ ਕਰਵਾਇਆ ਗਿਆ। ਲੋਕ ਕਲਾ ਮੰਚ ਮਜੀਠਾ ਵੱਲੋਂ ਨਾਟਕ ‘ਕਾਇਆਕਲਪ’ ਵਿੱਚ ਦਿਖਾਇਆ ਗਿਆ ਕਿ ਕਿਵੇਂ ਤਾਂਤਰਿਕ ਲੋਕਾਂ ਨੂੰ ਠੱਗਦੇ ਹਨ ਅਤੇ ਅਸੀਂ ਕਿਵੇਂ ਇਨ੍ਹਾਂ ਤੋਂ ਬਚ ਸਕਦੇ ਹਾਂ। ਗੁੰਮਰਾਹ ਹੋ ਰਹੀ ਚੜ੍ਹਦੀ ਜਵਾਨੀ ਨੂੰ ਸੁਚੇਤ ਕਰਦਾ ਨਾਟਕ ਔਖੇ ਰਾਹਾਂ ਦੀ ਭਟਕਣ ਵੇਖ ਕੇ ਲੋਕ ਬਹੁਤ ਪ੍ਰਭਾਵਿਤ ਹੋਏ। ਆਕਾਸ਼ ਪਠਾਨਕੋਟ ਵੱਲੋਂ ਇੱਕ ਪਾਤਰ ਨਾਟਕ ‘ਨਸ਼ਾ ਕਰਦਾ ਨਾਸ਼’ ਵੇਖ ਕੇ ਦਰਸ਼ਕ ਬਹੁਤ ਹੀ ਲੋਕ ਭਾਵਕ ਹੋ ਗਏ। ਆਕਾਸ਼ ਦੀ ਇਸ ਸਟੇਜ ’ਤੇ ਪਹਿਲੀ ਪੇਸ਼ਕਾਰੀ ਸੀ, ਸੋ ਬਾਖੂਬ ਰਹੀ। ਰੋਕੀ ਸ਼ਹਰੀਆ ਨੇ ‘ਆਸਤਕ ਨਾਸਤਕ’ ਨਾਟਕ ਰਾਹੀਂ ਅਖੌਤੀ ਧਾਰਮਿਕ ਪਖੰਡਾਂ ਤੋਂ ਸੁਚੇਤ ਕੀਤਾ। ਤਿੰਨ ਛੋਟੀਆਂ ਬੱਚੀਆਂ ਸੁਪਰੀਤ, ਸਹਿਜ ਪ੍ਰੀਤ ਅਤੇ ਗੁਰਨੀਤ ਨੇ ਛੋਟੇ ਜਿਹੇ ਨਾਟਕ ਰਾਹੀਂ ਧਾਰਮਿਕ ਪਖੰਡਵਾਦ ਬਾਰੇ ਸੁਚੇਤ ਕੀਤਾ। ਸੁਸਾਇਟੀ ਵੱਲੋਂ ਪੂਰੇ ਪੰਜਾਬ ਵਿੱਚ ਵਿਦਿਆਰਥੀ ਚੇਤਨਾ ਪ੍ਰੀਖਿਆ ਕਰਵਾਈ ਗਈ ਸੀ। ਨਿਊ ਕਰੀਰ ਅਕੈਡਮੀ ਦੀ ਵਿਦਿਆਰਥਣ ਮਨਜੀਤ ਕੌਰ ਪੰਜਾਬ ਵਿੱਚੋਂ ਪਹਿਲੇ ਨੰਬਰ ਅਤੇ ਜਸ਼ਨਪ੍ਰੀਤ ਦੂਜੇ ਨੰਬਰ ’ਤੇ ਰਹੀਆਂ ਸਨ। ਇਨ੍ਹਾਂ ਨੂੰ ਨਕਦ ਅਤੇ ਕਿਤਾਬਾਂ ਦੀ ਸੈੱਟ ਦੇ ਕੇ ਪੰਜਾਬ ਮੁਖੀ ਵੱਲੋਂ ਸਨਮਾਨਿਤ ਕੀਤਾ ਗਿਆ। ਸੂਬਾ ਮੁਖੀ ਰਜਿੰਦਰ ਭਦੌੜ ਵੱਲੋਂ ਸੁਸਾਇਟੀ ਦੇ ਬਣਨ ਤੋਂ ਲੈ ਕੇ ਹੁਣ ਤੱਕ ਦੀਆਂ ਆਪਣੀਆਂ ਕੀਤੀਆਂ ਕੋਸ਼ਿਸ਼ਾਂ ਬਾਰੇ ਵੇਰਵਿਆਂ ਸਹਿਤ ਦੱਸਿਆ ਅਤੇ ਸਰਕਾਰਾਂ ਵੱਲੋਂ ਨਾ-ਕਾਰਤਮਕ ਸਹਿਯੋਗ ਬਾਰੇ ਵੀ ਦੱਸਿਆ। ਇਸ ਮੇਲੇ ਨੂੰ ਕਾਮਯਾਬ ਕਰਨ ਲਈ ਅਜੇ ਪਾਲ ਸੋਹਲ, ਪ੍ਰੇਮ ਥਾਪਾ, ਰਾਜੂ ਝਾਖੋਲਾੜੀ, ਸੁਚਾ ਸਿੰਘ ਨਵਾਂ ਪਿੰਡ ਅਤੇ ਬਲਜੀਤ ਸਿੰਘ ਘੁਰਾਲਾ ਨੇ ਅਹਿਮ ਯੋਗਦਾਨ ਪਾਇਆ। ਸਟੇਜ ਚਲਾਉਣ ਦੀ ਜ਼ਿੰਮੇਵਾਰੀ ਤਰਲੋਚਨ ਸਿੰਘ ਲੱਖੋਵਾਲ ਨੇ ਬਾਖੂਬ ਸੁਚੱਜੇ ਤਰੀਕੇ ਨਾਲ ਨਿਭਾਈ।