ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਨੇ ਪਿੰਡ ਦੋਸਤਪੁਰ ਦੇ ਲੋਕ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਨੇ ਪਿੰਡ ਦੋਸਤਪੁਰ ਦੇ ਲੋਕ
Publish Date: Thu, 03 Sep 2026 04:54 PM (IST)
Updated Date: Thu, 03 Sep 2026 04:55 PM (IST)
---ਸਕੂਲਾਂ ਸਾਹਮਣੇ ਖੜ੍ਹੇ ਪਾਣੀ ਕਾਰਨ ਵਿਦਿਆਰਥੀ ਤੇ ਅਧਿਆਪਕ ਪਰੇਸ਼ਾਨ ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ ਕਲਾਨੌਰ: ਸਰਹੱਦੀ ਪਿੰਡ ਦੋਸਤਪੁਰ ਵਿਖੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਿੰਡ ਦੇ ਲੋਕ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਨੂੰ ਮਜ਼ਬੂਰ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਗੰਦਾ ਪਾਣੀ ਸਕੂਲਾਂ ਦੇ ਮੂਹਰੇ ਖੜ੍ਹਾ ਹੋਣ ਕਾਰਨ ਸਕੂਲ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸਰਕਾਰੀ ਸੀਨੀਅਰ ਸੈਕੰਡਰੀ ਤੇ ਐਲੀਮੈਂਟਰੀ ਸਕੂਲ ਦੋਸਤਪੁਰ ਦੇ ਸਾਹਮਣੇ ਖੜ੍ਹੇ ਪਾਣੀ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਪਿੰਡ ਦੇ ਨੰਬਰਦਾਰ ਜਗਮੋਹਨ ਸਿੰਘ, ਕੁਲਵੰਤ ਸਿੰਘ ਮੈਂਬਰ, ਅਜੀਤ ਸਿੰਘ, ਸੁਖਦੇਵ ਸਿੰਘ, ਰਣਜੀਤ ਸਿੰਘ, ਕਸ਼ਮੀਰ ਸਿੰਘ, ਹਰਪਾਲ ਸਿੰਘ ਤੋਂ ਇਲਾਵਾ ਸਕੂਲ ਦੇ ਵਿਦਿਆਰਥੀਆਂ ਨੇ ਦੱਸਿਆ ਕਿ ਸੜਕਾਂ ਤੇ ਖੜ੍ਹਾ ਗੰਦਾ ਪਾਣੀ ਉਹਨਾਂ ਲਈ ਵੱਡੀ ਮੁਸੀਬਤ ਬਣਿਆ ਹੋਇਆ ਹੈ। ਇਸ ਮੌਕੇ ਜਗਮੋਹਨ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਗੰਦੇ ਪਾਣੀ ਦੀ ਨਿਕਾਸੀ ਲਈ ਸਰਕਾਰ ਵੱਲੋਂ ਕੋਈ ਵੀ ਪ੍ਰਬੰਧ ਨਾ ਕਰਨ ਕਰਕੇ ਲੋਕਾਂ ਦੇ ਘਰਾਂ ਦੇ ਗੰਦੇ ਪਾਣੀ ਤੋਂ ਇਲਾਵਾ ਬਰਸਾਤੀ ਪਾਣੀ ਪਿੰਡ ਦੀ ਪ੍ਰਮੁੱਖ ਸੜਕ ਜੋ ਦੋਵਾਂ ਸਕੂਲਾਂ ਦੇ ਮੂਹਰਿਓਂ ਗੁਜ਼ਰਦੀ ਹੈ ਤੇ ਅਕਸਰ ਵੱਡੇ ਪੱਧਰ ਤੇ ਗੰਦਾ ਪਾਣੀ ਖੜ੍ਹਾ ਰਹਿੰਦਾ ਹੈ ਜਿਸ ਕਾਰਨ ਜਿੱਥੇ ਸਕੂਲ ਵਿਦਿਆਰਥੀਆਂ ਦੀਆਂ ਵਰਦੀਆਂ ਚਿੱਕੜ ਨਾਲ ਖਰਾਬ ਹੁੰਦੀਆਂ ਹਨ। ਉੱਥੇ ਇਸ ਸੜਕ ਤੋਂ ਸਰਹੱਦ ਨੂੰ ਜਾਣ ਵਾਲੇ ਬੀਐੱਸਐੱਫ ਦੇ ਮਹਿਲਾ ਅਤੇ ਪੁਰਸ਼ ਜਵਾਨਾਂ ਦੀਆਂ ਵਰਦੀਆਂ ਚਿੱਕੜ ਵਿੱਚ ਖਰਾਬ ਹੋਣ ਤੋਂ ਇਲਾਵਾ ਪਿੰਡ ਕੁਮਾਲਪੁਰ ਜੱਟਾਂ, ਗੱਡੀਆਂ, ਕੁੱਕੜ ਛੋੜ, ਚੌੜਾ ਆਦਿ ਪਿੰਡਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਅਤੇ ਰਾਹਗੀਰਾਂ ਨੂੰ ਗੰਦੇ ਪਾਣੀ ਦੇ ਵਿੱਚੋਂ ਦੀ ਗੁਜ਼ਰਨਾ ਪੈਂਦਾ ਹੈ। ਉਹਨਾਂ ਕਿਹਾ ਕਿ ਗੰਦੇ ਪਾਣੀ ਕਾਰਨ ਪਿੰਡ ਵਿੱਚ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਇਸ ਮੌਕੇ ਨੰਬਰਦਾਰ ਜਗਮੋਹਨ ਸਿੰਘ ਨੇ ਸਾਥੀਆਂ ਸਮੇਤ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਨੂੰ ਅਪੀਲ ਕੀਤੀ ਕਿ ਉਹ ਪਿੰਡ ਦੋਸਤਪੁਰ ਦਾ ਦੌਰਾ ਕਰਕੇ ਵੇਖਣ ਕਿ ਲੋਕ ਕਿੰਨਾ ਹਾਲਾਤਾਂ ਵਿੱਚ ਪਿੰਡ ਵਿੱਚ ਰਹਿ ਰਹੇ ਹਨ। ਉਹਨਾਂ ਕਿਹਾ ਕਿ ਪਿੰਡ ਦੇ ਲੋਕ ਅਤੇ ਸਕੂਲੀ ਵਿਦਿਆਰਥੀ ਨਰਕ ਭਰੀ ਜ਼ਿੰਦਗੀ ਜੀਅ ਰਹੇ ਹਨ। ਉਹਨਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਹਲਕਾ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਤੋਂ ਮੰਗ ਕੀਤੀ ਹੈ ਕਿ ਪਿੰਡ ਦੋਸਤਪੁਰ ਵਿੱਚ ਗੰਦੇ ਪਾਣੀ ਦੀ ਨਿਕਾਸੀ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਪਿੰਡ ਵਾਸੀਆਂ ਨੂੰ ਗੰਦੇ ਪਾਣੀ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਸਕੇ।