ਅਕਤੂਬਰ ਮਹੀਨਾ ਸ਼ੁਰੂ, ਪਰ ਗਰਮੀ ਅਜੇ ਵੀ ਕਰ ਰਹੀ ਪਰੇਸ਼ਾਨ ਅਕਤੂਬਰ ਦਾ ਮਹੀਨਾ ਸ਼ੁਰੂ, ਪਰ ਗਰਮੀ ਅਜੇ ਵੀ ਕਰ ਰਹੀ ਪਰੇਸ਼ਾਨ
Publish Date: Sat, 03 Oct 2026 03:28 PM (IST)
Updated Date: Sat, 03 Oct 2026 03:31 PM (IST)
ਦੁਪਹਿਰ ਵੇਲੇ ਧੁੱਪ ’ਚ ਖੜ੍ਹਨਾ ਹੋ ਰਿਹਾ ਮੁਸ਼ਕਿਲ, ਸ਼ੁੱਕਰਵਾਰ ਨੂੰ ਮੀਂਹ ਪੈਣ ਦੇ ਆਸਾਰ ਪਲਵਿੰਦਰ ਸਿੰਘ, ਪੰਜਾਬੀ ਜਾਗਰਣ, ਗੁਰਦਾਸਪੁਰ: ਅਕਤੂਬਰ ਦਾ ਮਹੀਨਾ ਸ਼ੁਰੂ ਹੋ ਚੁੱਕਾ ਹੈ ਪਰ ਮੌਸਮ ਅਜੇ ਵੀ ਗਰਮ ਬਣਿਆ ਹੋਇਆ ਹੈ। ਸਵੇਰੇ ਦਸ ਵਜੇ ਦੇ ਬਾਅਦ ਮੌਸਮ ਇੰਨਾ ਗਰਮ ਹੋ ਜਾਂਦਾ ਹੈ ਕਿ ਦੁਪਹਿਰ ਵੇਲੇ ਧੁੱਪ ’ਚ ਖੜ੍ਹਨਾ ਮੁਸ਼ਕਿਲ ਹੋ ਜਾਂਦਾ ਹੈ। ਇਸ ਸਮੇਂ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 24 ਡਿਗਰੀ ਸੈਲਸੀਅਸ ਦੇ ਆਸਪਾਸ ਚੱਲ ਰਿਹਾ ਹੈ, ਜੋ ਇਸ ਮੌਸਮ ਦੇ ਹਿਸਾਬ ਨਾਲ ਕਾਫ਼ੀ ਵੱਧ ਹੈ। ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਪਿਛਲੇ ਸਾਲ ਅਕਤੂਬਰ ਮਹੀਨੇ ’ਚ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਸੈਲਸੀਅਸ ਤੱਕ ਸੀ ਪਰ ਇਸ ਵਾਰ ਤਾਪਮਾਨ ਉਸਤੋਂ ਕਾਫ਼ੀ ਉੱਪਰ ਬਣਿਆ ਹੋਇਆ ਹੈ। ਪਿਛਲੇ ਤਿੰਨ ਸਾਲਾਂ ਦੇ ਰਿਕਾਰਡ ’ਤੇ ਨਜ਼ਰ ਮਾਰੀਏ ਤਾਂ ਇਸ ਵਾਰ ਅਕਤੂਬਰ ਦੇ ਪਹਿਲੇ ਤਿੰਨ ਦਿਨ ਸਭ ਤੋਂ ਵੱਧ ਗਰਮ ਰਹੇ ਹਨ। ਮੌਸਮ ’ਚ ਇਸ ਅਸਾਧਾਰਨ ਬਦਲਾਅ ਨੇ ਆਮ ਲੋਕਾਂ ਦੇ ਨਾਲ-ਨਾਲ ਕਿਸਾਨਾਂ ਅਤੇ ਮਜ਼ਦੂਰਾਂ ਦੀ ਪਰੇਸ਼ਾਨੀ ਵੀ ਵਧਾ ਦਿੱਤੀ ਹੈ। ਇਸ ਸਮੇਂ ਖੇਤਰ ਵਿੱਚ ਝੋਨੇ ਦੀ ਕਟਾਈ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ। ਕਿਸਾਨ ਅਤੇ ਮਜ਼ਦੂਰ ਸਵੇਰੇ ਹੀ ਖੇਤਾਂ ’ਚ ਪਹੁੰਚ ਜਾਂਦੇ ਹਨ। ਦੁਪਹਿਰ ਵੇਲੇ ਤੇਜ਼ ਧੁੱਪ ਅਤੇ ਗਰਮੀ ਦੇ ਕਾਰਨ ਕੰਮ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਕਈ ਮਜ਼ਦੂਰਾਂ ਨੂੰ ਧੁੱਪ ਤੋਂ ਬਚਣ ਲਈ ਰੁੱਖਾਂ ਦੀ ਛਾਂ ’ਚ ਆਰਾਮ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ, ਜਿਸ ਨਾਲ ਕਟਾਈ ਦਾ ਕੰਮ ਵੀ ਪ੍ਰਭਾਵਿਤ ਹੋ ਰਿਹਾ ਹੈ। ਹਾਲਾਂਕਿ ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਮੀਂਹ ਦੇ ਆਸਾਰ ਜਤਾਏ ਹਨ। ਸਹਾਇਕ ਸਿਵਲ ਸਰਜਨ ਡਾ. ਪ੍ਰਭਜੋਤ ਕੌਰ ਕਲਸੀ ਨੇ ਕਿਹਾ ਕਿ ਮੌਸਮ ’ਚ ਉਤਾਰ-ਚੜ੍ਹਾਅ ਕਾਰਨ ਸਰੀਰ ਦੀ ਪ੍ਰਤਿਰੋਧਕ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ ਜਿਸ ਨਾਲ ਲੋਕ ਜਲਦੀ ਬੀਮਾਰ ਪੈਂਦੇ ਹਨ। ਤਾਜ਼ੇ ਫਲ, ਹਰੀਆਂ ਸਬਜ਼ੀਆਂ ਆਦਿ ਦਾ ਸੇਵਨ ਕਰੋ। ਪਾਣੀ ਲੋੜੀਂਦੀ ਮਾਤਰਾ ’ਚ ਪੀਓ। ਬੁਖਾਰ, ਖੰਘ ਜਾਂ ਸਾਹ ਲੈਣ ’ਚ ਤਕਲੀਫ਼ ਹੋਣ ’ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰੋ।