ਵਿਦਿਆਰਥੀ ਭਲਾਈ ਸੁਸਾਇਟੀ ਦਾ ਮੁੱਖ ਉਦੇਸ਼ ਲੋੜਵੰਦ ਬੱਚਿਆਂ ਨੂੰ ਸਿੱਖਿਆ ਨਾਲ ਜੋੜਨਾ : ਸ਼ਰਮਾ ਵਿਦਿਆਰਥੀ ਭਲਾਈ ਸੋਸਾਇਟੀ ਦਾ ਮੁੱਖ ਉਦੇਸ਼ ਲੋੜਵੰਦ ਬੱਚਿਆਂ ਨੂੰ ਸਿੱਖਿਆ ਨਾਲ ਜੋੜਨਾ : ਮਾਸਟਰ ਕੁਲਦੀਪ ਸ਼ਰਮਾ
Publish Date: Sat, 28 Nov 2026 05:14 PM (IST)
Updated Date: Sat, 28 Nov 2026 05:16 PM (IST)
ਸ਼ਾਮ ਤਿਵਾੜੀ, ਪੰਜਾਬੀ ਜਾਗਰਣ ਬਟਾਲਾ : ਵਿਦਿਆਰਥੀ ਭਲਾਈ ਸੋਸਾਇਟੀ ਵੱਲੋਂ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਕਰਨ ਅਤੇ ਉਨ੍ਹਾਂ ਨੂੰ ਸਿੱਖਿਆ ਦੇ ਖੇਤਰ ਵਿੱਚ ਅੱਗੇ ਵਧਾਉਣ ਦੇ ਉਦੇਸ਼ ਨਾਲ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਲੜੀ ਤਹਿਤ ਅੱਜ ਸੋਸਾਇਟੀ ਦੇ ਸੰਚਾਲਕ ਮਾਸਟਰ ਕੁਲਦੀਪ ਸ਼ਰਮਾ ਦੀ ਅਗਵਾਈ ਹੇਠ ਲੋੜਵੰਦ ਵਿਦਿਆਰਥੀਆਂ ਨੂੰ ਸਟੇਸ਼ਨਰੀ ਅਤੇ ਹੋਰ ਜ਼ਰੂਰੀ ਸਮਾਨ ਵੰਡਿਆ ਗਿਆ।ਇਸ ਮੌਕੇ ਗੱਲਬਾਤ ਕਰਦਿਆਂ ਮਾਸਟਰ ਕੁਲਦੀਪ ਸ਼ਰਮਾ ਨੇ ਕਿਹਾ ਕਿ ਵਿਦਿਆਰਥੀ ਭਲਾਈ ਸੋਸਾਇਟੀ ਦਾ ਮੁੱਖ ਉਦੇਸ਼ ਲੋੜਵੰਦ ਬੱਚਿਆਂ ਨੂੰ ਸਿੱਖਿਆ ਨਾਲ ਜੋੜਨਾ ਅਤੇ ਉਨ੍ਹਾਂ ਦੀ ਪੜ੍ਹਾਈ ਵਿੱਚ ਆਉਣ ਵਾਲੀਆਂ ਆਰਥਿਕ ਮੁਸ਼ਕਲਾਂ ਨੂੰ ਦੂਰ ਕਰਨ ਲਈ ਹਰ ਸੰਭਵ ਸਹਿਯੋਗ ਦੇਣਾ ਹੈ। ਉਨ੍ਹਾਂ ਦੱਸਿਆ ਕਿ ਆਰਿਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਆਗਿਆਵੰਤੀ ਮਰਵਾਹਾ ਡੀ.ਏ.ਵੀ. ਸਕੂਲ ਬਟਾਲਾ ਅਤੇ ਵੈਦਿਕ ਕੰਨਿਆ ਪਾਠਸ਼ਾਲਾ ਦੇ ਲੋੜਵੰਦ ਵਿਦਿਆਰਥੀਆਂ ਨੂੰ ਕਾਪੀਆਂ, ਰਜਿਸਟਰ, ਪੈੱਨ, ਜੁਰਾਬਾਂ, ਬਲੇਜ਼ਰ ਅਤੇ ਹੋਰ ਜ਼ਰੂਰੀ ਸਮਾਨ ਵੰਡਿਆ ਗਿਆ। ਇਸ ਦੇ ਨਾਲ ਹੀ 100 ਲੋੜਵੰਦ ਲੋਕਾਂ ਨੂੰ ਸਰਦੀ ਤੋਂ ਬਚਾਅ ਲਈ ਗਰਮ ਲੋਈਆਂ ਵੀ ਵੰਡੀਆਂ ਗਈਆਂ। ਉਨ੍ਹਾਂ ਭਰੋਸਾ ਦਿਵਾਇਆ ਕਿ ਭਵਿੱਖ ਵਿੱਚ ਵੀ ਸੋਸਾਇਟੀ ਵੱਲੋਂ ਅਜਿਹੇ ਉਪਰਾਲੇ ਲਗਾਤਾਰ ਜਾਰੀ ਰਹਿਣਗੇ।ਇਸ ਮੌਕੇ ਲਾਇਨ ਸੁਭਾਸ਼ ਸ਼ਰਮਾ ਅਤੇ ਲਾਇਨ ਵਿਪਨ ਪੁਰੀ ਨੇ ਦੱਸਿਆ ਕਿ ਬੱਚਿਆਂ ਦੇ ਉੱਜਵਲ ਭਵਿੱਖ ਲਈ ਸਿੱਖਿਆ ਸਭ ਤੋਂ ਮਹੱਤਵਪੂਰਨ ਸਾਧਨ ਹੈ। ਜੇਕਰ ਕਿਸੇ ਲੋੜਵੰਦ ਵਿਦਿਆਰਥੀ ਨੂੰ ਪੜ੍ਹਾਈ ਲਈ ਜ਼ਰੂਰੀ ਸਮੱਗਰੀ ਨਹੀਂ ਮਿਲਦੀ ਤਾਂ ਇਸ ਦਾ ਸਿੱਧਾ ਅਸਰ ਉਸ ਦੀ ਸਿੱਖਿਆ ’ਤੇ ਪੈ ਸਕਦਾ ਹੈ। ਇਸੇ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਸੋਸਾਇਟੀ ਵੱਲੋਂ ਲੋੜਵੰਦ ਵਿਦਿਆਰਥੀਆਂ ਤੱਕ ਕਾਪੀਆਂ, ਰਜਿਸਟਰ, ਪੈੱਨ ਅਤੇ ਹੋਰ ਜ਼ਰੂਰੀ ਸਮੱਗਰੀ ਪਹੁੰਚਾਉਣ ਦੇ ਕੀਤੇ ਜਾਂਦੇ ਯਤਨ ਸ਼ਲਾਘਯੋਗ ਹਨ। ਇਸ ਮੌਕੇ ਕਾਂਤਾ, ਰਾਜਿੰਦਰ ਭਾਸਕਰ, ਪ੍ਰੋ. ਐੱਮਐੱਮ ਚੱਢਾ, ਜੋਗਿੰਦਰਪਾਲ, ਬਲਦੇਵ ਰਾਜ ਸ਼ਰਮਾ, ਏਐੱਸਆਈ. ਹਰਜੀਤ ਕੌਰ, ਅਵਤਾਰ ਸਿੰਘ ਆਦਿ ਹਾਜ਼ਰ ਸਨ।