ਸ਼ਹੀਦ ਊਧਮ ਸਿੰਘ ਦਾ ਜੀਵਨ ਨੌਜਵਾਨਾਂ ਲਈ ਦੇਸ਼ਭਗਤੀ, ਨਿਆਂ ਤੇ ਰਾਸ਼ਟਰੀ ਏਕਤਾ ਦੀ ਅਮਰ ਪ੍ਰੇਰਣਾ : ਡਾ. ਭੱਲਾ ਸ਼ਹੀਦ ਊਧਮ ਸਿੰਘ ਦਾ ਜੀਵਨ ਨੌਜਵਾਨਾਂ ਲਈ ਦੇਸ਼ਭਗਤੀ, ਨਿਆਂ ਅਤੇ ਰਾਸ਼ਟਰੀ ਏਕਤਾ ਦੀ ਅਮਰ ਪ੍ਰੇਰਣਾ : ਡਾ. ਅਸ਼ਵਨੀ ਕੁਮਾਰ ਭੱਲਾ
Publish Date: Sun, 02 Aug 2026 06:42 PM (IST)
Updated Date: Mon, 03 Aug 2026 04:07 AM (IST)
- ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਸੈਮੀਨਾਰ ਜੀਆਰਪੀ- ਪ੍ਰੋਗਰਾਮ ਦੌਰਾਨ ਸੰਬੋਧਨ ਕਰਦੇ ਹੋਏ ਕਾਲਜ ਦੇ ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਭੱਲਾ। ਸਰਬਜੀਤ ਚਾਹਲ, ਪੰਜਾਬੀ ਜਾਗਰਣ ਗੁਰਦਾਸਪੁਰ : ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਸ਼ਹੀਦ ਊਧਮ ਸਿੰਘ: ਵਿਅਕਤੀਤਵ ਅਤੇ ਪ੍ਰੇਰਣਾ ਵਿਸ਼ੇ ਤੇ ਸ਼ਹੀਦ ਭਗਤ ਸਿੰਘ ਸੈਮੀਨਾਰ ਹਾਲ ’ਚ ਇਕ ਪ੍ਰਭਾਵਸ਼ਾਲੀ ਸ਼ਰਧਾਂਜਲੀ ਸੈਮੀਨਾਰ ਕਰਵਾਇਆ ਗਿਆ। ਸਮਾਗਮ ਦਾ ਉਦੇਸ਼ ਵਿਦਿਆਰਥੀਆਂ ਨੂੰ ਸ਼ਹੀਦ ਊਧਮ ਸਿੰਘ ਦੇ ਜੀਵਨ, ਉਨ੍ਹਾਂ ਦੇ ਅਦੁੱਤੀ ਦੇਸ਼-ਪ੍ਰੇਮ, ਸਾਹਸ, ਨਿਆਂ ਪ੍ਰਤੀ ਅਟੁੱਟ ਵਚਨਬੱਧਤਾ ਅਤੇ ਰਾਸ਼ਟਰੀ ਏਕਤਾ ਦੇ ਸੰਦੇਸ਼ ਤੋਂ ਜਾਣੂ ਕਰਵਾਉਣਾ ਅਤੇ ਉਨ੍ਹਾਂ ਦੇ ਆਦਰਸ਼ਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਲਈ ਪ੍ਰੇਰਿਤ ਕਰਨਾ ਸੀ। ਸਮਾਗਮ ਵਿੱਚ ਲਗਭਗ 100 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਸੈਮੀਨਾਰ ਦਾ ਸ਼ੁਭ ਆਰੰਭ ਕਾਲਜ ਦੇ ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਭੱਲਾ ਦੇ ਪ੍ਰੇਰਣਾਦਾਇਕ ਸੰਬੋਧਨ ਨਾਲ ਹੋਇਆ। ਆਪਣੇ ਵਿਸਥਾਰਪੂਰਵਕ ਭਾਸ਼ਣ ਵਿੱਚ ਉਨ੍ਹਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਕੇਵਲ ਇੱਕ ਮਹਾਨ ਕ੍ਰਾਂਤੀਕਾਰੀ ਹੀ ਨਹੀਂ ਸਨ, ਸਗੋਂ ਉਹ ਭਾਰਤੀ ਸਵਾਭਿਮਾਨ, ਨਿਆਂ ਅਤੇ ਅਡੋਲ ਦੇਸ਼ਭਗਤੀ ਦੇ ਜੀਵੰਤ ਪ੍ਰਤੀਕ ਸਨ। ਉਨ੍ਹਾਂ ਕਿਹਾ ਕਿ 13 ਅਪ੍ਰੈਲ 1919 ਦੇ ਜਲਿਆਂਵਾਲਾ ਬਾਗ਼ ਦੇ ਸਾਕੇ ਨੇ ਨੌਜਵਾਨ ਊਧਮ ਸਿੰਘ ਦੇ ਮਨ ਤੇ ਅਜਿਹਾ ਡੂੰਘਾ ਪ੍ਰਭਾਵ ਪਾਇਆ ਕਿ ਉਨ੍ਹਾਂ ਨੇ ਅਨਿਆਂ ਦੇ ਵਿਰੁੱਧ ਸੰਘਰਸ਼ ਦਾ ਸੰਕਲਪ ਲਿਆ ਅਤੇ ਲਗਭਗ 21 ਸਾਲ ਤੱਕ ਉਸ ਸੰਕਲਪ ਨੂੰ ਅਟੁੱਟ ਦ੍ਰਿੜਤਾ ਨਾਲ ਨਿਭਾਉਂਦੇ ਹੋਏ 13 ਮਾਰਚ 1940 ਨੂੰ ਲੰਡਨ ਦੇ ਕੈਕਸਟਨ ਹਾਲ ਵਿੱਚ ਮਾਈਕਲ ਓ ਡਵਾਇਰ ਨੂੰ ਸਜ਼ਾ ਦੇ ਕੇ ਇਤਿਹਾਸ ਰਚ ਦਿੱਤਾ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਇਮਾਨਦਾਰੀ, ਅਨੁਸ਼ਾਸਨ, ਮਿਹਨਤ, ਉੱਚ ਚਰਿੱਤਰ ਅਤੇ ਸਮਾਜਿਕ ਜ਼ਿੰਮੇਵਾਰੀ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਅਤੇ ਨਸ਼ਿਆਂ, ਭ੍ਰਿਸ਼ਟਾਚਾਰ ਅਤੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਗਿਆਨ, ਖੋਜ, ਨਵੀਨਤਾ ਅਤੇ ਰਚਨਾਤਮਕ ਕਾਰਜਾਂ ਰਾਹੀਂ ਰਾਸ਼ਟਰ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਉਣ। ਉਨ੍ਹਾਂ ਆਪਣੇ ਸੰਬੋਧਨ ’ਚ ਸ਼ਹੀਦ ਊਧਮ ਸਿੰਘ ਵੱਲੋਂ ਅਪਣਾਏ ਗਏ ਨਾਮ ਰਾਮ ਮੁਹੰਮਦ ਸਿੰਘ ਆਜ਼ਾਦ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਕਿ ਇਹ ਕੇਵਲ ਇੱਕ ਨਾਮ ਨਹੀਂ, ਸਗੋਂ ਭਾਰਤ ਦੀ ਸਾਂਝੀ ਸੱਭਿਆਚਾਰਕ ਵਿਰਾਸਤ, ਧਾਰਮਿਕ ਸਦਭਾਵਨਾ ਅਤੇ ਰਾਸ਼ਟਰੀ ਏਕਤਾ ਦਾ ਅਮਰ ਸੰਦੇਸ਼ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਇਸ ਸੰਦੇਸ਼ ਦੀ ਹੋਰ ਵੀ ਵੱਧ ਲੋੜ ਹੈ ਅਤੇ ਹਰ ਨਾਗਰਿਕ ਨੂੰ ਧਰਮ, ਜਾਤ ਅਤੇ ਭਾਸ਼ਾ ਤੋਂ ਉੱਪਰ ਉੱਠ ਕੇ ਰਾਸ਼ਟਰ ਹਿੱਤ ਨੂੰ ਸਭ ਤੋਂ ਉਪਰ ਰੱਖਣਾ ਚਾਹੀਦਾ ਹੈ।