ਗੋਲੀਬਾਰੀ ਦੀਆਂ ਘਟਨਾਵਾਂ ਨੇ ਲੋਕਾਂ ਵਿੱਚ ਸੁਰੱਖਿਆ ਨੂੰ ਲੈ ਕੇ ਚਿੰਤਾ ਪੈਦਾ ਕੀਤੀ: ਐਡਵੋਕੇਟ ਅਮਨਦੀਪ ਜੈਂਤੀਪੁਰ ਡਬਲ ਕਾਲਮ..........ਗੋਲੀਬਾਰੀ ਦੀਆਂ ਘਟਨਾਵਾਂ ਨੇ ਲੋਕਾਂ ਵਿੱਚ ਸੁਰੱਖਿਆ ਨੂੰ ਲੈ ਕੇ ਚਿੰਤਾ ਪੈਦਾ ਕੀਤੀ: ਐਡਵੋਕੇਟ ਅਮਨਦੀਪ ਜੈਂਤੀਪੁਰ
Publish Date: Wed, 23 Sep 2026 05:19 PM (IST)
Updated Date: Wed, 23 Sep 2026 05:21 PM (IST)
ਸੁਖਦੇਵ ਸਿੰਘ, ਪੰਜਾਬੀ ਜਾਗਰਣ ਬਟਾਲਾ: ਬਟਾਲਾ ਹਲਕੇ ਵਿੱਚ ਪਿਛਲੇ ਕੁਝ ਦਿਨਾਂ ਦੌਰਾਨ ਸਾਹਮਣੇ ਆਈਆਂ ਗੋਲੀਬਾਰੀ ਦੀਆਂ ਘਟਨਾਵਾਂ ਨੇ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਵਿੱਚ ਸੁਰੱਖਿਆ ਨੂੰ ਲੈ ਕੇ ਚਿੰਤਾ ਪੈਦਾ ਕਰ ਦਿੱਤੀ ਹੈ। ਇਸ ਸਬੰਧੀ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਨਿਕਲਣ ਸਮੇਂ ਵੀ ਸੁਰੱਖਿਆ ਦੀ ਚਿੰਤਾ ਹੋਣੀ ਗੰਭੀਰ ਮਾਮਲਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਵਿੱਚ ਗੁਰਦਾਸਪੁਰ ਰੋਡ ’ਤੇ ਦਿਨ-ਦਿਹਾੜੇ ਇੱਕ ਨੌਜਵਾਨ ਨੂੰ ਗੋਲੀ ਲੱਗਣ ਦੀ ਘਟਨਾ ਸਾਹਮਣੇ ਆਈ, ਜਿਸ ਤੋਂ ਬਾਅਦ ਮੱਲਿਆਂਵਾਲ ਵਿੱਚ ਘਰ ਦੇ ਬਾਹਰ ਸੈਰ ਕਰ ਰਹੇ 35 ਸਾਲਾ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਦੀ ਵਾਰਦਾਤ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ। ਇਸ ਤੋਂ ਬਾਅਦ ਬਟਾਲਾ ਦੇ ਗਾਂਧੀ ਕੈਂਪ ਇਲਾਕੇ ਵਿੱਚ ਇੱਕ ਤੋਂ ਬਾਅਦ ਇਕ ਵਾਪਰ ਰਹੀਆਂ ਘਟਨਾਵਾਂ ਨੇ ਸਰਕਾਰ ਅਤੇ ਪੁਲਿਸ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾ ਦਿੱਤੇ ਹਨ। ਐਡਵੋਕੇਟ ਜੈਂਤੀਪੁਰ ਨੇ ਕਿਹਾ ਕਿ ਜੇਕਰ ਬਟਾਲਾ ਵਿੱਚ ਲਗਾਤਾਰ ਗੋਲੀਆਂ ਚੱਲਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਤਾਂ ਇਹ ਸਿਰਫ਼ ਕਿਸੇ ਇੱਕ ਪਰਿਵਾਰ ਜਾਂ ਇੱਕ ਇਲਾਕੇ ਦੀ ਸਮੱਸਿਆ ਨਹੀਂ, ਸਗੋਂ ਸਮੁੱਚੀ ਕਾਨੂੰਨ-ਵਿਵਸਥਾ ਨਾਲ ਜੁੜਿਆ ਮਾਮਲਾ ਹੈ। ਉਨ੍ਹਾਂ ਸਵਾਲ ਕੀਤਾ ਕਿ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਇਹਨਾਂ ਘਟਨਾਵਾਂ ’ਤੇ ਕਾਬੂ ਪਾਉਣ ਵਿਚ ਪੂਰੀ ਤਰ੍ਹਾਂ ਅਸਫਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪੰਜਾਬ ਵਿੱਚ ਅਮਨ-ਕਾਨੂੰਨ ਕਾਇਮ ਰੱਖਣ ਦੇ ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਜ਼ਮੀਨੀ ਪੱਧਰ ’ਤੇ ਵਾਰ-ਵਾਰ ਸਾਹਮਣੇ ਆ ਰਹੀਆਂ ਗੋਲੀਬਾਰੀ ਦੀਆਂ ਘਟਨਾਵਾਂ ਲੋਕਾਂ ਦੇ ਮਨਾਂ ਵਿੱਚ ਕਈ ਸਵਾਲ ਪੈਦਾ ਕਰ ਰਹੀਆਂ ਹਨ। ਪੁਲਿਸ ਪ੍ਰਸ਼ਾਸਨ ਨੂੰ ਸਿਰਫ਼ ਵਾਰਦਾਤ ਤੋਂ ਬਾਅਦ ਜਾਂਚ ਸ਼ੁਰੂ ਕਰਨ ਦੀ ਬਜਾਏ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਪਹਿਲਾਂ ਤੋਂ ਪ੍ਰਭਾਵਸ਼ਾਲੀ ਕਦਮ ਚੁੱਕਣੇ ਚਾਹੀਦੇ ਹਨ। ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਮੰਗ ਕੀਤੀ ਕਿ ਬਟਾਲਾ ਸ਼ਹਿਰ ਅਤੇ ਆਸ-ਪਾਸ ਦੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਪੁਲਿਸ ਗਸ਼ਤ ਵਧਾਈ ਜਾਵੇ, ਗੈਰਕਾਨੂੰਨੀ ਹਥਿਆਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਹਾਲੀਆ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਸ਼ਾਮਲ ਵਿਅਕਤੀਆਂ ਦੀ ਪਛਾਣ ਕਰਕੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ।