ਧੀਆਂ ਦੇ ਵਿਰਾਸਤੀ ਸੱਭਿਆਚਾਰਕ ਮੇਲੇ 'ਸੁਨੱਖੀ ਪੰਜਾਬਣ ਮੁਟਿਆਰ' ਦੀ ਪਲੇਠੀ ਇਕੱਤਰਤਾ ਧੀਆਂ ਦੇ ਵਿਰਾਸਤੀ ਸੱਭਿਆਚਾਰਕ ਮੇਲੇ 'ਸੁਨੱਖੀ ਪੰਜਾਬਣ ਮੁਟਿਆਰ' ਦੀ ਪਲੇਠੀ ਇਕੱਤਰਤਾ
Publish Date: Mon, 19 Oct 2026 03:44 PM (IST)
Updated Date: Mon, 19 Oct 2026 03:45 PM (IST)
ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ: ਸੱਭਿਆਚਾਰ ਤੇ ਸਮਾਜ ਵਿੱਚ ਚੰਗੀ ਭੂਮਿਕਾ ਨਿਭਾਉਣ ਵਾਲੀ ਸੰਸਥਾ ਲੋਕ ਸੱਭਿਆਚਾਰਕ ਪਿੜ (ਰਜਿ:) ਗੁਰਦਾਸਪੁਰ ਵੱਲੋਂ ਪੰਜਾਬਣ ਧੀਆਂ ਨੂੰ ਪੰਜਾਬ ਦੇ ਸੱਭਿਆਚਾਰਕ ਵਿਰਸੇ ਦੀਆਂ ਅਨਮੋਲ ਨਿਸ਼ਾਨੀਆਂ ਨਾਲ ਜੋੜਨ ਵਾਲੇ ਮੁਕਾਬਲੇ ਸੁਨੱਖੀ ਪੰਜਾਬਣ ਮੁਟਿਆਰ ਦੀ ਇਕੱਤਰਤਾ ਕੀਤੀ ਗਈ। ਇਹ ਇਕੱਤਰਤਾ ਪਿੜ ਦੇ ਬਾਨੀ ਅਜੈਬ ਸਿੰਘ ਚਾਹਲ ਦੇ ਨਿਵਾਸ ਸਥਾਨ ਤੇ ਕੀਤੀ ਗਈ। ਅਜੈਬ ਸਿੰਘ ਚਾਹਲ ਦੀ ਛਤਰ-ਛਾਇਆ ਹੇਠ ਮੀਟਿੰਗਾਂ ਦੀ ਲੜੀ ਸ਼ੁਰੂ ਕੀਤੀ ਗਈ, ਜਿਸ ਵਿੱਚ ਵਿਸ਼ੇਸ਼ ਤੌਰ ਤੇ ਪ੍ਰਸਿੱਧ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਨੇ ਸ਼ਿਰਕਤ ਕੀਤੀ। ਇਸ ਮੌਕੇ ਸਾਰਿਆਂ ਦੀ ਮੌਜੂਦਗੀ ਵਿੱਚ ਕੁਝ ਅਹਿਮ ਫੈਸਲੇ ਕੀਤੇ ਗਏ। ਧੀਆਂ ਦੇ ਵਿਰਾਸਤੀ ਲੋਕ-ਕਲਾਵਾਂ ਮੁਕਾਬਲੇ ਸੁਨੱਖੀ ਪੰਜਾਬਣ ਮੁਟਿਆਰ ਦਾ ਆਯੋਜਨ ਫਰਵਰੀ 2027 ਵਿੱਚ ਕਰਵਾਇਆ ਜਾਵੇਗਾ। ਇਕੱਤਰਤਾ ਵਿੱਚ ਪਿੜ ਦੇ ਬਾਨੀ ਅਜੈਬ ਸਿੰਘ ਚਾਹਲ, ਪਿੜ ਦੇ ਪ੍ਰਧਾਨ ਜੈਕਬ ਮਸੀਹ ਤੇਜਾ ਤੋਂ ਇਲਾਵਾ ਡਾ. ਐੱਸ. ਯੂਸਫ਼, ਪ੍ਰੋ. ਕੁਲਵਿੰਦਰ ਕੌਰ, ਸਨੋਵਰ, ਹਰਕਵਲਪ੍ਰੀਤ ਸਿੰਘ (ਮਿੱਕੀ) ਆਦਿ ਹਾਜ਼ਰ ਹੋਏ। ਇਸ ਮੌਕੇ ਅਲੋਪ ਹੋ ਰਹੇ ਪੰਜਾਬੀ ਸੱਭਿਆਚਾਰ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਪੰਜਾਬ ਦੀ ਵਿਰਾਸਤ ਨਾਲ ਨਵੀਂ ਪੀੜ੍ਹੀ ਨੂੰ ਜੋੜਨ ਲਈ ਕੁਝ ਖਾਸ ਪ੍ਰੋਗਰਾਮ ਬਣਾਏ ਗਏ। ਪਿਛਲੇ ਹੋਏ ਸੁਨੱਖੀ ਪੰਜਾਬਣ ਮੁਟਿਆਰ ਮੁਕਾਬਲੇ ਦੀਆਂ ਗਤੀਵਿਧੀਆਂ ਤੇ ਚਾਨਣਾ ਪਾਇਆ ਗਿਆ। ਇਸ ਸਾਲ ਹੋਣ ਵਾਲੇ ਮੁਕਾਬਲੇ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਰੂਪ-ਰੇਖਾ ਉਲੀਕੀ ਗਈ। ਪਿੜ ਬਾਨੀ ਅਜੈਬ ਸਿੰਘ ਚਾਹਲ ਨੇ ਦੱਸਿਆ ਕਿ ਪੰਜਾਬੀ ਸੱਭਿਆਚਾਰ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਕੀਤੀ ਜਾ ਰਹੀ ਜੱਦੋ-ਜਹਿਦ ਵਿੱਚ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਸੱਭਿਆਚਾਰ, ਰੀਤੀ-ਰਿਵਾਜਾਂ, ਖਾਣ-ਪੀਣ ਅਤੇ ਰਿਸ਼ਤਿਆਂ-ਨਾਤਿਆਂ ਦੇ ਅਹਿਮ ਸੰਸਕਾਰਾਂ ਨਾਲ ਜੋੜ ਕੇ ਰੱਖਣਾ ਹੀ ਮੁੱਖ ਉਪਰਾਲਾ ਹੈ। ਲੋਕ ਸੱਭਿਆਚਾਰਕ ਪਿੜ (ਰਜਿ:) ਗੁਰਦਾਸਪੁਰ ਦਾ ਕੁਨਬਾ ਹਰ ਸਾਲ ਧੀਆਂ-ਧਿਆਣੀਆਂ ਦਾ ਵਿਰਾਸਤੀ ਮੇਲਾ ਕਰਵਾ ਕੇ ਨਿਰੋਲ ਪੰਜਾਬੀ ਸੱਭਿਆਚਾਰ ਤੇ ਪੰਜਾਬੀਅਤ ਨੂੰ ਇੱਕ ਚੰਗਾ ਸੰਦੇਸ਼ ਦੇਣ ਦੀ ਕੋਸ਼ਿਸ਼ ਕਰਦਾ ਹੈ।