
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਖਾਸ ਰਿਪੋਰਟ.....ਮੌਜੂਦਾ ਵਿਧਾਇਕ ਦਾ ਇਤਿਹਾਸਕ ਪਿੰਡ ਕਿਸ਼ਨ ਕੋਟ ਅੱਜ ਵੀ ਬੁਨਿਆਦੀ ਸਹੂਲਤਾਂ ਤੋਂ ਸੱਖਣਾ।

ਕਸ਼ਮੀਰ ਸਿੰਘ ਸੰਧੂ, ਪੰਜਾਬੀ ਜਾਗਰਣ
ਸ੍ਰੀ ਹਰਗੋਬਿੰਦਪੁਰ ਸਾਹਿਬ: ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ 4 ਕਿਲੋਮੀਟਰ ਦੀ ਦੂਰੀ ’ਤੇ ਸਥਿਤ 1000 ਦੀ ਆਬਾਦੀ ਵਾਲਾ ਪਿੰਡ ਕਿਸ਼ਨਕੋਟ ਅੱਜ ਬੁਨਿਆਦੀ ਸਹੂਲਤਾਂ ਤੋਂ ਸੱਖਣਾ ਹੈ। ਲਗਭਗ 85 ਹੈਕਟੇਅਰ ਖੇਤਰ ਵਿੱਚ ਫੈਲੇ ਇਸ ਪਿੰਡ ਦੀ ਆਬਾਦੀ ਇੱਕ ਹਜ਼ਾਰ ਹੈ।ਅੱਜ ਵੀ ਆਪਣੀ ਸ਼ਾਂਤ ਪੇਂਡੂ ਜ਼ਿੰਦਗੀ ਅਤੇ ਪੁਰਾਤਨ ਵਿਰਾਸਤ ਨੂੰ ਸੰਭਾਲੀ ਬੈਠਾ ਹੈ। ਜ਼ਿਕਰਯੋਗ ਹੈ ਕਿ ਹਲਕੇ ਦਾ ਮੌਜੂਦਾ ਵਿਧਾਇਕ ਵੀ ਇਸੇ ਪਿੰਡ ਦਾ ਵਸਨੀਕ ਹੈ। ਪਰ ਇਸ ਦੇ ਬਾਵਜੂਦ ਵੀ ਆਜ਼ਾਦੀ ਦੇ ਲੱਗਭੱਗ ਅੱਠ ਦਹਾਕਿਆਂ ਬਾਅਦ ਵੀ ਪਿੰਡ ਦੀਆਂ ਗਲੀਆਂ ਨਾਲੀਆਂ ਦੀ ਹਾਲਤ ਜਿਓ ਦੀ ਤਿਓ ਬਣੀਂ ਹੋਈ ਹੈ। ਪਿੰਡ ਕਿਸ਼ਨ ਕੋਟ ਵਿਚ ਇੱਕ ਚਰਚ, ਇੱਕ ਗੁਰਦੁਆਰਾ ਸਾਹਿਬ ਤੋਂ ਇਲਾਵਾ ਤਿੰਨ ਪੁਰਾਤਨ ਇਤਿਹਾਸਕ ਮੰਦਰ, ਜਿਨ੍ਹਾਂ ਨੂੰ ਸ਼ੇਰੇ- ਏ -ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਸਮੇਂ ਬਣਵਾਇਆ ਗਿਆ ਸੀ, ਵਿੱਚ ਮਾਤਾ ਰਾਣੀ ਦਾ ਮੰਦਰ, ਸ਼ਿਵ ਭਗਵਾਨ ਦਾ ਮੰਦਰ ਅਤੇ ਸ਼੍ਰੀ ਕ੍ਰਿਸ਼ਨ ਮੰਦਰ ਜੋ ਪੁਰਾਤਨ ਸਮੇਂ ਇਸ ਮੰਦਰ 'ਚ ਹਿੰਦੂ ਇਤਿਹਾਸ ਅਤੇ ਭਗਵਾਨ ਕ੍ਰਿਸ਼ਨ ਦੇ ਜੀਵਨ ਨਾਲ ਸਬੰਧਤ ਕਥਾਵਾਂ ਨੂੰ ਦਰਸਾਉਂਦੇ ਕੰਧ ’ਤੇ ਚਿੱਤਰ ਬਣੇ ਹੋਏ ਹਨ, ਤੋਂ ਇਲਾਵਾ ਸਿੱਖ ਧਰਮ ਦੇ ਦਸ਼ਾ ਗੁਰੂਆਂ ਦੇ ਚਿੱਤਰ ਵੀ ਇਸ ਮੰਦਰ ਦੀਆਂ ਕੰਧਾਂ ਤੇ ਦਰਸ਼ਾਏ ਗਏ ਹਨ ਜੋ ਸਾਂਭ ਸੰਭਾਲ ਪੱਖੋਂ ਦਿਨੋਂ ਦਿਨ ਅਲੋਪ ਹੁੰਦੇ ਜਾ ਰਹੇ ਹਨ।
ਇਤਿਹਾਸਕ ਮਹੱਤਤਾ: ਕਿਸ਼ਨਕੋਟ ਪਿੰਡ ਦੀ ਸਭ ਤੋਂ ਵੱਡੀ ਇਤਿਹਾਸਕ ਪਛਾਣ ਇੱਥੇ ਸਥਿਤ 1830 ਦੇ ਦਹਾਕੇ ਵਿੱਚ ਬਣਿਆ ਇੱਕ ਪ੍ਰਸਿੱਧ ਇਤਿਹਾਸਕ ਕ੍ਰਿਸ਼ਨ ਮੰਦਰ ਹੈ।ਕਿਸ਼ਨਕੋਟ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੀ ਬਟਾਲਾ ਤਹਿਸੀਲ ਵਿੱਚ ਸਥਿਤ ਇੱਕ ਇਤਿਹਾਸਕ ਪਿੰਡ ਹੈ। ਇਹ ਪਿੰਡ ਆਪਣੇ ਸਦੀਆਂ ਪੁਰਾਣੇ ਇਤਿਹਾਸ, ਖਾਸ ਕਰਕੇ ਇੱਥੇ ਬਣੇ ਪ੍ਰਾਚੀਨ ਕ੍ਰਿਸ਼ਨ ਮੰਦਰ ਲਈ ਜਾਣਿਆ ਜਾਂਦਾ ਹੈ, ਜੋ ਕਿ ਇਸ ਇਲਾਕੇ ਦੀ ਇੱਕ ਮਹੱਤਵਪੂਰਨ ਇਤਿਹਾਸਕ ਅਤੇ ਸੱਭਿਆਚਾਰਕ ਵਿਰਾਸਤ ਹੈ।
ਕੀ ਕਹਿਣਾ ਹੈ ਸਰਪੰਚ ਦਾ?:
ਪਿੰਡ ਦੇ ਮੌਜੂਦਾ ਸਰਪੰਚ ਸਤਵਿੰਦਰ ਸਿੰਘ ਨੇ ਦੱਸਿਆ ਕਿ ਆਜ਼ਾਦੀ ਦੇ ਲੱਗਭੱਗ ਅੱਠ ਦਹਾਕਿਆਂ ਬਾਅਦ ਵੀ ਪਿੰਡ ਕਿਸ਼ਨ ਕੋਟ ਬੁਨਿਆਦੀ ਸਹੂਲਤਾਂ ਤੋਂ ਸੱਖਣਾ ਹੈ। ਉਨ੍ਹਾਂ ਕਿਹਾ ਕਿ ਪਿੰਡ ਦੀਆਂ ਸਮੱਸਿਆਂਵਾਂ ਸਬੰਧੀ ਕਈ ਵਾਰ ਮਹਿਕਮੇ ਨੂੰ ਜਾਣੂ ਕਰਵਾਉਣ ਦੇ ਬਾਵਜੂਦ ਵੀ ਸਮੱਸਿਆਵਾਂ ਅੱਜ ਵੀ ਮੂੰਹ ਅੱਡੀ ਖੜੀਆਂ ਹਨ, ਜਿੰਨ੍ਹਾਂ ’ਚ ਗਲੀਆਂ ਨਾਲੀਆਂ, ਸੀਵਰੇਜ, ਜਿੰਮ ਤੋਂ ਇਲਾਵਾ ਪਿੰਡ ਵਾਸੀਆਂ ਦੀ ਚਿਰੋਕਣੀ ਮੰਗ ਹੈ ਕਿ ਬੱਚਿਆਂ ਦੇ ਖੇਡਣ ਲਈ ਖੇਡ ਮੈਦਾਨ ਤੋਂ ਇਲਾਵਾ ਗੰਦੇ ਪਾਣੀ ਦੀ ਨਿਕਾਸੀ ਲਈ ਵੀ ਜ਼ਮੀਨ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦਾ ਗੰਦਾ ਪਾਣੀ ਇਸ ਸਮੇਂ ਪੁਰਾਤਨ ਸ਼ਿਵ ਮੰਦਰ ਦੇ ਨਾਲ ਬਣੇ ਤਲਾਬ ਵਿਚ ਭਰਿਆ ਹੋਇਆ ਸਰਕਾਰਾਂ ਨੂੰ ਮੂੰਹ ਚਿੜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਲਗਭਗ ਅੱਠ ਦਹਾਕਿਆਂ ਤੋਂ ਚੋਣਾਂ ਵੇਲੇ ਸਿਆਸੀ ਪਾਰਟੀਆਂ ਵੱਲੋਂ ਪਿੰਡ ਵਾਸੀਆਂ ਨਾਲ ਕੀਤੇ ਜਾਂਦੇ ਝੂਠੇ ਵਾਅਦੇ ਚੋਣਾਂ ਜਿੱਤਣ ਤੋਂ ਬਾਅਦ ਅੱਜ ਤੱਕ ਕਦੇ ਵਫਾ ਨਹੀਂ ਹੋਏ।
ਕੀ ਕਹਿਣਾ ਹਲਕਾ ਵਿਧਾਇਕ ਦਾ?:
ਪਿੰਡ ਦੇ ਵਿਕਾਸ ਸਬੰਧੀ ਜਦੋਂ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਪਿੰਡ ਦੇ ਗੰਦੇ ਪਾਣੀ ਦੀ ਸਮੱਸਿਆਂ ਦਾ ਹੱਲ ਜਲਦੀ ਕੀਤਾ ਜਾਵੇਗਾ ਅਤੇ ਪਿੰਡ ਵਿੱਚ ਜਿਮ, ਅਤੇ ਖੇਡ ਮੈਦਾਨ ਲਈ ਜ਼ਮੀਨ ਵਾਸਤੇ ਵੀ ਯਤਨ ਕੀਤੇ ਜਾ ਰਹੇ ਜਲਦੀ ਹੀ ਪਿੰਡ ਵਾਸੀਆਂ ਦੀਆਂ ਇਹਨਾਂ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ ।