- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਹਾਨ ਨਗਰ ਕੀਰਤਨ ਦਾ ਅੱਜ ਬਟਾਲਾ ਪਹੁੰਚਣ ਤੇ ਕੀਤਾ ਜਾਵੇਗਾ ਭਰਵਾਂ ਸਵਾਗਤ

ਸੁਖਦੇਵ ਸਿੰਘ, ਪੰਜਾਬੀ ਜਾਗਰਣ
ਬਟਾਲਾ: ਜਗਤ ਗੁਰੂ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਜਗਤ ਮਾਤਾ ਸੁਲੱਖਣੀ ਜੀ ਦਾ 539ਵਾਂ ਵਿਆਹ ਪੁਰਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ,ਕਾਰ ਸੇਵਾ ਵਾਲੇ ਮਹਾਂਪੁਰਖਾਂ ਦੇ ਵਿਸ਼ੇਸ਼ ਸਹਿਯੋਗ ਨਾਲ 18 ਸਤੰਬਰ ਦਿਨ ਸ਼ੁਕਰਵਾਰ ਨੂੰ ਇਤਿਹਾਸਕ ਗੁਰਦੁਆਰਾ ਸ੍ਰੀ ਕੰਧ ਸਾਹਿਬ ਬਟਾਲਾ, ਗੁਰਦੁਆਰਾ ਡੇਹਰਾ ਸਾਹਿਬ ਅਤੇ ਗੁਰਦੁਆਰਾ ਸਤਿਕਰਤਾਰੀਆਂ ਸਾਹਿਬ ਵਿਖੇ ਬਹੁਤ ਸ਼ਰਧਾ ਸਤਿਕਾਰ ਨਾਲ ਮਨਾਇਆ ਜਾਵੇਗਾ । ਉਕਤ ਜਾਣਕਾਰੀ ਵਿਆਹ ਪੁਰਬ ਦੇ ਮੁੱਖ ਪ੍ਰਬੰਧਕ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ , ਸੁਖਜਿੰਦਰ ਸਿੰਘ ਸੋਨੂੰ ਲੰਗਾਹ ਹਲਕਾ ਇੰਚਾਰਜ ਡੇਰਾ ਬਾਬਾ ਨਾਨਕ, ਹਲਕਾ ਕਾਦੀਆਂ ਦੇ ਸੀਨੀਅਰ ਅਕਾਲੀ ਲੀਡਰ ਕੰਵਲਪ੍ਰੀਤ ਸਿੰਘ ਕਾਕੀ ਕੌਮੀ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਅਤੇ ਪਰਮਵੀਰ ਸਿੰਘ ਲਾਡੀ ਮੈਂਬਰ ਕੋਰ ਕਮੇਟੀ ਸ਼੍ਰੋਮਣੀ ਅਕਾਲੀ ਦਲ ਨੇ ਸਾਂਝੇ ਤੌਰ ’ਤੇ ਦਿੰਦਿਆਂ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਆਰੰਭ ਹੋਏ ਮਹਾਨ ਨਗਰ ਕੀਰਤਨ ਦਾ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਵਿਖੇ ਰਾਤ ਦਾ ਵਿਸ਼ਰਾਮ ਕਰਨ ਉਪਰੰਤ ਅੱਜ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਤੋਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਮਹਾਨ ਨਗਰ ਕੀਰਤਨ ਆਰੰਭ ਹੋ ਕੇ ਸਠਿਆਲਾ, ਬੁੱਟਰ,ਮਹਿਤਾ,ਆਦੋਵਾਲੀ,ਰੰਗੜ ਨੰਗਲ, ਅੰਮੋਨੰਗਲ, ਗੁਰਦੁਆਰਾ ਸ੍ਰੀ ਅੱਚਲ ਸਾਹਿਬ,ਮਿਸਰਪੁਰਾ ਤੋਂ ਹੁੰਦਾ ਹੋਇਆ ਬਟਾਲਾ ਸ਼ਹਿਰ ਵਿਖੇ ਪੁੱਜੇਗਾ । ਜਥੇਦਾਰ ਗੋਰਾ, ਲੰਗਾਹ, ਕਾਕੀ ਅਤੇ ਲਾਡੀ ਨੇ ਦੱਸਿਆ ਕਿ ਮਹਾਨ ਨਗਰ ਕੀਰਤਨ ਦਾ ਬਟਾਲਾ ਸ਼ਹਿਰ ਵਿਖੇ ਪਹੁੰਚਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਵੱਲੋਂ ਅਕਾਸ਼ ਗੁੰਜਾਊ ਜੈਕਾਰਿਆਂ ਤੇ ਫੁੱਲਾਂ ਦੀ ਵਰਖਾ ਕਰਕੇ ਵੱਖ ਵੱਖ ਪੜਾਵਾਂ ਤੇ ਭਰਵਾਂ ਸਵਾਗਤ ਕੀਤਾ ਜਾਵੇਗਾ।ਇਸ ਮੌਕੇ ਤੇ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ,ਸ੍ਰ ਸੁਖਜਿੰਦਰ ਸਿੰਘ ਸੋਨੂੰ ਲੰਗਾਹ,ਸ੍ਰ ਕੰਵਲਪ੍ਰੀਤ ਸਿੰਘ ਕਾਕੀ ਅਤੇ ਪਰਮਵੀਰ ਸਿੰਘ ਲਾਡੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਅਸਥਾਨ ਇਤਿਹਾਸਕ ਗੁਰਦੁਆਰਾ ਡੇਹਰਾ ਸਾਹਿਬ ਵਿਖੇ 18 ਸਤੰਬਰ ਦਿਨ ਸ਼ੁਕਰਵਾਰ ਨੂੰ ਸਵੇਰੇ 6 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ 7-00 ਵਜੇ ਮਹਾਨ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਅਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਵਿੱਚ ਖਾਲਸਾਈ ਜਾਹੌ ਜਲਾਲ ਨਾਲ ਸਜਾਇਆ ਜਾਵੇਗਾ । ਜਥੇਦਾਰ ਗੋਰਾ, ਸੋਨੂੰ ਲੰਗਾਹ,ਕਾਕੀ ਅਤੇ ਲਾਡੀ ਨੇ ਕਿਹਾ ਕਿ ਮਹਾਨ ਨਗਰ ਕੀਰਤਨ ਦਾ ਸੇਵਾ ਸਭਾ ਸੁਸਾਇਟੀਆ , ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਧਾਰਮਿਕ , ਰਾਜਨੀਤਕ ਸਮਾਜਿਕ ਆਗੂਆਂ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਮਹਾਨ ਨਗਰ ਕੀਰਤਨ ਵਿੱਚ ਨਤਮਸਤਕ ਹੋ ਕੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦੇ ਅਕਾਸ਼ ਗੁੰਜਾਊ ਜੈਕਾਰਿਆਂ ਨਾਲ ਫੁੱਲਾਂ ਦੀ ਵਰਖਾ ਕਰਕੇ ਵੱਖ ਵੱਖ ਪੜਾਵਾਂ ਤੇ ਮਹਾਨ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ। ਇਸ ਮੌਕੇ ਗੁਰਤਿੰਦਰ ਪਾਲ ਸਿੰਘ ਭਾਟੀਆ ਐਡੀਸ਼ਨਲ ਮੈਨੇਜਰ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ, ਜਗਦੀਪ ਸਿੰਘ ਧਾਰੋਵਾਲੀ ਮੈਨੇਜਰ ਗੁਰਦੁਆਰਾ ਸ੍ਰੀ ਕੰਧ ਸਾਹਿਬ, ਚੇਤਨ ਸਿੰਘ ਜੰਡੂ ਸੁਪਰਵਾਈਜ਼ਰ ਸ਼੍ਰੋਮਣੀ ਕਮੇਟੀ, ਦਵਿੰਦਰ ਸਿੰਘ ਲਾਲੀ ਬਾਜਵਾ ਮੈਨੇਜਰ ਗੁਰਦੁਆਰਾ ਓਠੀਆਂ ਸਾਹਿਬ, ਰਣਜੀਤ ਸਿੰਘ ਕਲਿਆਣਪੁਰ ਮੈਨੇਜਰ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਧਾਰੀਵਾਲ , ਸਤਨਾਮ ਸਿੰਘ ਗੌਂਸਲ ਮੈਨੇਜਰ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ, ਮਲਕੀਅਤ ਸਿੰਘ ਹੈਪੀ ਮੈਨੇਜਰ ਗੁਰਦੁਆਰਾ ਸ੍ਰੀ ਅੱਚਲ ਸਾਹਿਬ, ਸਿਮਰਤਪਾਲ ਸਿੰਘ ਭਾਟੀਆ ਆਦਿ ਹਾਜ਼ਰ ਸਨ।