ਖਾਣਾ ਖਾਣ ਪਰਿਵਾਰ ਗਿਆ ਸੀ ਬਾਹਰ, ਚੋਰਾਂ ਨੇ ਲੱਖਾਂ ਦੇ ਗਹਿਣੇ ਅਤੇ ਨਕਦੀ ਕੀਤੀ ਚੋਰੀ ਖਾਣਾ ਖਾਣ ਪਰਿਵਾਰ ਗਿਆ ਸੀ ਬਾਹਰ, ਚੋਰਾਂ ਨੇ ਲੱਖਾਂ ਦੇ ਗਹਿਣੇ ਅਤੇ ਨਕਦੀ ਕੀਤੀ ਚੋਰੀ
Publish Date: Wed, 21 Oct 2026 03:51 PM (IST)
Updated Date: Wed, 21 Oct 2026 03:51 PM (IST)
ਪਲਵਿੰਦਰ ਸਿੰਘ, ਪੰਜਾਬੀ ਜਾਗਰਣ ਗੁਰਦਾਸਪੁਰ: ਸ਼ਹਿਰ ਦੇ ਗੀਤਾ ਭਵਨ ਰੋਡ ਸਥਿਤ ਮੁਹੱਲਾ ਇਸਲਾਮਾਬਾਦ ਵਿੱਚ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਪਰਿਵਾਰ ਨੂੰ ਰਾਤ ਦੇ ਸਮੇਂ ਬਾਹਰ ਖਾਣਾ ਖਾਣ ਜਾਣਾ ਮਹਿੰਗਾ ਪੈ ਗਿਆ। ਪਰਿਵਾਰ ਦੀ ਗ਼ੈਰ-ਮੌਜੂਦਗੀ ਵਿੱਚ ਚੋਰਾਂ ਨੇ ਘਰ ਵਿੱਚ ਵੜ ਕੇ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲਈ। ਵਾਰਦਾਤ ਦਾ ਪਤਾ ਉਸ ਸਮੇਂ ਲੱਗਾ, ਜਦੋਂ ਪਰਿਵਾਰ ਦੇ ਮੈਂਬਰ ਵਾਪਸ ਘਰ ਪਰਤੇ। ਘਰ ਦੇ ਅੰਦਰ ਸਮਾਨ ਖਿੱਲਰਿਆ ਹੋਇਆ ਸੀ ਅਤੇ ਚੋਰ ਅਲਮਾਰੀਆਂ ਦੀ ਤਲਾਸ਼ੀ ਲੈ ਕੇ ਕੀਮਤੀ ਸਮਾਨ ਲੈ ਜਾ ਚੁੱਕੇ ਸਨ। ਪਰਿਵਾਰ ਨੇ ਇਸ ਸੰਬੰਧ ਵਿੱਚ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਗੀਤਾ ਭਵਨ ਰੋਡ ਦੇ ਮੁਹੱਲਾ ਇਸਲਾਮਾਬਾਦ ਵਿੱਚ ਰਹਿਣ ਵਾਲਾ ਪਰਿਵਾਰ ਰਾਤ ਨੂੰ ਖਾਣਾ ਖਾਣ ਲਈ ਘਰੋਂ ਬਾਹਰ ਗਿਆ ਹੋਇਆ ਸੀ। ਇਸੇ ਦੌਰਾਨ ਚੋਰਾਂ ਨੇ ਘਰ ਨੂੰ ਨਿਸ਼ਾਨਾ ਬਣਾਇਆ। ਪਰਿਵਾਰ ਦੀ ਗ਼ੈਰ-ਮੌਜੂਦਗੀ ਦਾ ਫ਼ਾਇਦਾ ਉਠਾ ਕੇ ਚੋਰ ਘਰ ਵਿੱਚ ਦਾਖ਼ਲ ਹੋਏ ਅਤੇ ਉੱਥੇ ਰੱਖੇ ਕੀਮਤੀ ਸਮਾਨ ਤੇ ਹੱਥ ਸਾਫ਼ ਕਰ ਦਿੱਤਾ। ਪਰਿਵਾਰ ਦੇ ਮੈਂਬਰ ਕਮਲਜੀਤ ਅਤੇ ਲੱਕੀ ਨੇ ਦੱਸਿਆ ਕਿ ਚੋਰ ਘਰੋਂ ਦੋ ਤੋਲੇ ਸੋਨੇ ਦਾ ਸੈੱਟ, ਸੋਨੇ ਦੇ ਟਾਪਸ ਅਤੇ ਇੱਕ ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਏ। ਚੋਰਾਂ ਨੇ ਘਰ ਦੀ ਅਲਮਾਰੀ ਖੰਗਾਲੀ ਅਤੇ ਸਮਾਨ ਦੀ ਬਾਰੀਕੀ ਨਾਲ ਤਲਾਸ਼ੀ ਲਈ। ਘਟਨਾ ਤੋਂ ਬਾਅਦ ਘਰ ਦਾ ਸਮਾਨ ਖਿੱਲਰਿਆ ਹੋਇਆ ਮਿਲਿਆ। ਲੱਕੀ ਦੇ ਅਨੁਸਾਰ ਚੋਰੀ ਦੀ ਇਸ ਵਾਰਦਾਤ ਵਿੱਚ ਪਰਿਵਾਰ ਨੂੰ ਕਰੀਬ ਸਾਢੇ ਚਾਰ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਚੋਰਾਂ ਦਾ ਪਤਾ ਲਗਾਉਣ ਅਤੇ ਚੋਰੀ ਹੋਏ ਸਮਾਨ ਦੀ ਬਰਾਮਦਗੀ ਦੀ ਮੰਗ ਕੀਤੀ ਹੈ। ਪਰਿਵਾਰ ਦਾ ਇਲਜ਼ਾਮ ਹੈ ਕਿ ਇਲਾਕੇ ਵਿੱਚ ਨਸ਼ਾ ਕਰਨ ਵਾਲੇ ਨੌਜਵਾਨ ਘੁੰਮਦੇ ਰਹਿੰਦੇ ਹਨ। ਪਰਿਵਾਰ ਨੂੰ ਸ਼ੱਕ ਹੈ ਕਿ ਇਸ ਚੋਰੀ ਦੀ ਵਾਰਦਾਤ ਦੇ ਪਿੱਛੇ ਇਹੋ ਜਿਹੇ ਨੌਜਵਾਨਾਂ ਦਾ ਹੱਥ ਹੋ ਸਕਦਾ ਹੈ। ਘਟਨਾ ਤੋਂ ਬਾਅਦ ਮੁਹੱਲੇ ਦੇ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਹੈ। ਸਥਾਨਕ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਲਾਕੇ ਵਿੱਚ ਗਸ਼ਤ ਵਧਾਉਣ ਅਤੇ ਚੋਰੀ ਦੀਆਂ ਘਟਨਾਵਾਂ ਤੇ ਅੰਕੁਸ਼ ਲਗਾਉਣ ਦੀ ਮੰਗ ਕੀਤੀ ਹੈ। ਪਰਿਵਾਰ ਨੇ ਪੁਲਿਸ ਨੂੰ ਮਾਮਲੇ ਦੀ ਜਾਂਚ ਕਰਕੇ ਮੁਲਜ਼ਮਾਂ ਨੂੰ ਜਲਦੀ ਫੜਨ ਦੀ ਅਪੀਲ ਕੀਤੀ ਹੈ।