ਜਵਾਹਰ ਨਵੋਦਿਆ ਵਿਦਿਆਲਿਆ ’ਚ ਸੱਭਿਆਚਾਰਕ ਪੇਸ਼ਕਾਰੀਆਂ ਨੇ ਕੀਲੇ ਦਰਸ਼ਕ ਲੋਕ ਉਤਸਵ ਗੁਰਦਾਸਪੁਰ 2026 ਦੇ ਦੂਜੇ ਦਿਨ ਦਾ ਸਮਾਗਮ ਜਵਾਹਰ ਨਵੋਦਿਆ ਵਿਦਿਆਲਿਆ ਦਬੂੜੀ ਵਿਖੇ ਕਰਵਾਇਆ
Publish Date: Tue, 17 Nov 2026 05:51 PM (IST)
Updated Date: Tue, 17 Nov 2026 05:54 PM (IST)
ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ: ਸੱਭਿਆਚਾਰਕ ਮੰਤਰਾਲਾ ਭਾਰਤ ਸਰਕਾਰ ਦੇ ਸਹਿਯੋਗ ਨਾਲ ਪੰਜਾਬ ਫੋਕ ਆਰਟ ਸੈਂਟਰ ਗੁਰਦਾਸਪੁਰ ਵੱਲੋਂ ਨੌਰਥ ਜ਼ੋਨ ਕਲਚਰਲ ਸੈਂਟਰ, ਪਟਿਆਲਾ ਅਤੇ ਕਮਿਸ਼ਨਰ ਆਫ਼ ਯੂਥ ਐਕਟੀਵਿਟੀਜ਼ ਐਂਡ ਸਪੋਰਟਸ, ਗਾਂਧੀਨਗਰ, ਗੁਜਰਾਤ ਸਰਕਾਰ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਪੰਜ ਰੋਜ਼ਾ ਲੋਕ ਉਤਸਵ ਗੁਰਦਾਸਪੁਰ 2026 ਦੇ ਦੂਜੇ ਦਿਨ ਦਾ ਪ੍ਰੋਗਰਾਮ ਅੱਜ 17 ਨਵੰਬਰ 2026 ਨੂੰ ਜਵਾਹਰ ਨਵੋਦਿਆ ਵਿਦਿਆਲਿਆ ਦਬੂੜੀ, ਗੁਰਦਾਸਪੁਰ ਵਿਖੇ ਆਯੋਜਿਤ ਕੀਤਾ ਗਿਆ। ਇਸ ਉਤਸਵ ਦੌਰਾਨ ਦੇਸ਼ ਦੇ ਵੱਖ-ਵੱਖ ਰਾਜਾਂ ਦੀ ਅਮੀਰ ਲੋਕ-ਸੱਭਿਆਚਾਰਕ ਵਿਰਾਸਤ ਅਤੇ ਰਵਾਇਤੀ ਲੋਕ ਨਾਚਾਂ ਦੀਆਂ ਮਨਮੋਹਕ ਪੇਸ਼ਕਾਰੀਆਂ ਖਿੱਚ ਦਾ ਕੇਂਦਰ ਰਹੀਆਂ। ਦੇਸ਼ ਦੇ ਅੱਠ ਰਾਜਾਂ ਤੋਂ ਆਏ ਲੋਕ ਅਤੇ ਜਨਜਾਤੀ ਕਲਾਕਾਰਾਂ ਨੇ ਆਪਣੀ ਕਲਾ ਰਾਹੀਂ ਭਾਰਤ ਦੀ ਸੱਭਿਆਚਾਰਕ ਵਿਭਿੰਨਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਪੰਜਾਬ ਫੋਕ ਆਰਟ ਸੈਂਟਰ ਦੇ ਪ੍ਰਧਾਨ ਹਰਮਨਪ੍ਰੀਤ ਸਿੰਘ ਨੇ ਮੁੱਖ ਮਹਿਮਾਨ ਸਕੂਲ ਦੇ ਵਾਈਸ ਪ੍ਰਿੰਸੀਪਲ ਸੁਸ਼ੀਲ ਕੁਮਾਰ ਅਤੇ ਹੋਰ ਪਤਵੰਤੇ ਸੱਜਣਾਂ ਦਾ ਨਿੱਘਾ ਸਵਾਗਤ ਕੀਤਾ। ਆਪਣੇ ਸਵਾਗਤੀ ਭਾਸ਼ਣ ਵਿੱਚ ਉਨ੍ਹਾਂ ਸਕੂਲ ਦੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਕਲਾ ਸਾਡੀ ਸੱਭਿਆਚਾਰਕ ਪਹਿਚਾਣ ਅਤੇ ਸ਼ਾਨਦਾਰ ਵਿਰਾਸਤ ਦਾ ਅਨਿੱਖੜਵਾਂ ਅੰਗ ਹੈ। ਅਜਿਹੇ ਸਮਾਗਮ ਵੱਖ-ਵੱਖ ਰਾਜਾਂ ਦੀਆਂ ਲੋਕ ਪਰੰਪਰਾਵਾਂ, ਸੰਗੀਤ ਅਤੇ ਨਾਚ ਸ਼ੈਲੀਆਂ ਨੂੰ ਇੱਕ ਸਾਂਝਾ ਮੰਚ ਪ੍ਰਦਾਨ ਕਰਦੇ ਹਨ। ਪ੍ਰਿੰਸੀਪਲ ਸੁਸ਼ੀਲ ਕੁਮਾਰ ਨੇ ਪੰਜਾਬ ਫੋਕ ਆਰਟ ਸੈਂਟਰ ਵੱਲੋਂ ਲੋਕ ਉਤਸਵ ਗੁਰਦਾਸਪੁਰ 2026 ਰਾਹੀਂ ਦੇਸ਼ ਦੀਆਂ ਵੱਖ-ਵੱਖ ਲੋਕ-ਸੱਭਿਆਚਾਰਕ ਪਰੰਪਰਾਵਾਂ ਨੂੰ ਇੱਕ ਮੰਚ ਤੇ ਇਕੱਠਾ ਕਰਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਪ੍ਰੋਗਰਾਮ ਦੌਰਾਨ ਵੱਖ-ਵੱਖ ਰਾਜਾਂ ਤੋਂ ਆਏ ਕਲਾਕਾਰਾਂ ਨੇ ਆਪਣੇ ਰਵਾਇਤੀ ਪਹਿਰਾਵਿਆਂ, ਸੰਗੀਤ ਅਤੇ ਨਾਚਾਂ ਰਾਹੀਂ ਭਾਰਤ ਦੀ ਸੱਭਿਆਚਾਰਕ ਵਿਭਿੰਨਤਾ ਨੂੰ ਮੰਚ ਤੇ ਸਾਕਾਰ ਕੀਤਾ। ਨਿਰਧਾਰਤ ਪ੍ਰੋਗਰਾਮ ਅਨੁਸਾਰ ਹਰਿਆਣਾ ਦੇ ਕਲਾਕਾਰਾਂ ਨੇ ਬੰਮ ਲਹਿਰੀ, ਕਸ਼ਮੀਰ ਦੇ ਕਲਾਕਾਰਾਂ ਨੇ ਰੂਫ਼, ਉੱਤਰਾਖੰਡ ਦੇ ਕਲਾਕਾਰਾਂ ਨੇ ਛਪੇਲੀ, ਗੁਜਰਾਤ ਦੇ ਕਲਾਕਾਰਾਂ ਨੇ ਡਾਂਡੀਆ, ਜੰਮੂ ਦੇ ਕਲਾਕਾਰਾਂ ਨੇ ਜਾਗਰਣਾ, ਹਿਮਾਚਲ ਪ੍ਰਦੇਸ਼ ਦੇ ਕਲਾਕਾਰਾਂ ਨੇ ਸਿਰਮੌਰੀ ਨਾਟੀ ਅਤੇ ਗੁਜਰਾਤ ਦੇ ਕਲਾਕਾਰਾਂ ਨੇ ਡਾਗੀ ਨਾਚ ਪੇਸ਼ ਕੀਤਾ। ਇਸ ਸਮੇਂ ਸਕੂਲ ਦੇ ਬੱਚਿਆਂ ਨੇ ਆਪਣਾ ਲੋਕ ਨਾਚ ਲੁੱਡੀ ਪੇਸ਼ ਕੀਤਾ। ਇਸ ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਲਈ ਸਕੂਲ ਦੇ ਮਿਊਜ਼ਿਕ ਟੀਚਰ ਚੈਨ ਸਿੰਘ ਨੇ ਆਪਣਾ ਪੂਰਾ ਯੋਗਦਾਨ ਦਿੱਤਾ। ਇਸ ਪ੍ਰੋਗਰਾਮ ਦੇ ਸੂਤਰਧਾਰ ਸੰਜੀਵ ਸ਼ਾਹਦ ਨੇ ਆਪਣੇ ਦਿਲਕਸ਼ ਅੰਦਾਜ਼, ਸ਼ੇਰੋ-ਸ਼ਾਇਰੀ ਅਤੇ ਪ੍ਰੇਰਣਾਦਾਇਕ ਗੱਲਾਂ ਨਾਲ ਨੌਜਵਾਨਾਂ ਨੂੰ ਬੰਨ੍ਹ ਲਿਆ। ਉਨ੍ਹਾਂ ਬੱਚਿਆਂ ਨੂੰ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਆਪਣੀ ਸਿਹਤ ਦਾ ਵੀ ਧਿਆਨ ਰੱਖੋ ਅਤੇ ਉਨ੍ਹਾਂ ਵੱਖ-ਵੱਖ ਪ੍ਰਦੇਸ਼ਾਂ ਦੇ ਲੋਕ ਨਾਚਾਂ ਬਾਰੇ ਵੀ ਬੱਚਿਆਂ ਨੂੰ ਜਾਣਕਾਰੀ ਦਿੱਤੀ।