ਲਿੰਕ ਸੜਕ ਦੀ ਹਾਲਤ ਤਰਸਯੋਗ, ਥਾਂ-ਥਾਂ ਪਏ ਡੂੰਘੇ ਟੋਏ ਬਣੇ ਲੋਕਾਂ ਲਈ ਮੁਸੀਬਤ ਸਰਹੱਦੀ ਪਿੰਡਾਂ ਨੂੰ ਕਸਬਾ ਦੋਰਾਂਗਲਾ ਨਾਲ ਜੋੜਨ ਵਾਲੀ ਲਿੰਕ ਸੜਕ ਦੀ ਹਾਲਤ ਤਰਸਯੋਗ, ਥਾਂ-ਥਾਂ ਪਏ ਡੂੰਘੇ ਟੋਏ ਬਣੇ ਲੋਕਾਂ ਲਈ ਮੁਸੀਬਤ
Publish Date: Sat, 14 Nov 2026 05:14 PM (IST)
Updated Date: Sun, 15 Nov 2026 04:01 AM (IST)
ਸੁਖਦੇਵ ਸਿੰਘ ਖੁਸ਼ੀਪੁਰ, ਪੰਜਾਬੀ ਜਾਗਰਣ, ਦੋਰਾਂਗਲਾ : ਸਰਹੱਦੀ ਖੇਤਰ ਦੇ ਪਿੰਡਾਂ ਨੂੰ ਕਸਬਾ ਅਤੇ ਬਲਾਕ ਦੋਰਾਂਗਲਾ ਨਾਲ ਜੋੜਨ ਵਾਲੀਆਂ ਕਈ ਲਿੰਕ ਸੜਕਾਂ ਦੀ ਹਾਲਤ ਬੇਹੱਦ ਖਸਤਾ ਹੋ ਚੁੱਕੀ ਹੈ। ਇਨ੍ਹਾਂ ਸੜਕਾਂ ਤੇ ਥਾਂ-ਥਾਂ ਡੂੰਘੇ ਟੋਏ ਪਏ ਹੋਏ ਹਨ ਜਿਸ ਕਾਰਨ ਰੋਜ਼ਾਨਾ ਇਨ੍ਹਾਂ ਰਸਤਿਆਂ ਤੋਂ ਆਉਣ-ਜਾਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਦੋਰਾਂਗਲਾ ਤੋਂ ਉਮਰਪੁਰਾ ਕਲਾਂ, ਭੁੱਲਾ, ਦਬੂੜੀ ਅਤੇ ਖੋਖਰ ਰਾਜਪੂਤਾਂ ਵਾਇਆ ਬੈਂਸ ਨੂੰ ਜਾਣ ਵਾਲੀਆਂ ਲਿੰਕ ਸੜਕਾਂ ਦੀ ਹਾਲਤ ਪਿਛਲੇ ਲੰਬੇ ਸਮੇਂ ਤੋਂ ਤਰਸਯੋਗ ਬਣੀ ਹੋਈ ਹੈ। ਇਲਾਕਾ ਵਾਸੀਆਂ ਅਨੁਸਾਰ ਪਿਛਲੇ ਪੰਜ ਸਾਲਾਂ ਤੋਂ ਇਹ ਸੜਕਾਂ ਮੁਰੰਮਤ ਦੀ ਉਡੀਕ ਕਰ ਰਹੀਆਂ ਹਨ, ਪਰ ਅਜੇ ਤੱਕ ਇਨ੍ਹਾਂ ਦੀ ਸੁਧਾਰ ਵੱਲ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਸੜਕਾਂ ਦੀ ਖਸਤਾ ਹਾਲਤ ਸਬੰਧੀ ਇਲਾਕੇ ਦੇ ਬਲਜੀਤ ਸਿੰਘ ਦਾਦੂਵਾਲ, ਸਮਾਜ ਸੇਵੀ ਬੀਕੇ ਸ਼ਰਮਾ ਵੱਲੋਂ ਵੀ ਆਵਾਜ਼ ਉਠਾਈ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸੜਕਾਂ ਰਾਹੀਂ ਸਰਹੱਦੀ ਖੇਤਰ ਦੇ ਲੋਕਾਂ ਨੂੰ ਆਪਣੇ ਰੋਜ਼ਾਨਾ ਦੇ ਕੰਮਾਂ ਲਈ ਕਸਬਾ ਦੋਰਾਂਗਲਾ ਪਹੁੰਚਣਾ ਪੈਂਦਾ ਹੈ। ਦੋਰਾਂਗਲਾ ਵਿਖੇ ਬਲਾਕ ਅਤੇ ਸਬ-ਡਵੀਜ਼ਨ ਦਫ਼ਤਰਾਂ ਤੋਂ ਇਲਾਵਾ ਤਿੰਨ ਸਰਕਾਰੀ ਬੈਂਕ, ਸੀਡੀਪੀਓ ਦਫ਼ਤਰ ਅਤੇ ਸੀਨੀਅਰ ਸੈਕੰਡਰੀ ਸਕੂਲ ਵੀ ਸਥਿਤ ਹਨ। ਇਸ ਲਈ ਇਨ੍ਹਾਂ ਸੜਕਾਂ ਦੀ ਮਹੱਤਤਾ ਹੋਰ ਵੀ ਵਧ ਜਾਂਦੀ ਹੈ। ਸੜਕਾਂ ਤੇ ਬਣੇ ਡੂੰਘੇ ਟੋਇਆਂ ਵਿੱਚ ਬਰਸਾਤੀ ਪਾਣੀ ਭਰਿਆ ਰਹਿੰਦਾ ਹੈ, ਜਿਸ ਕਾਰਨ ਵਾਹਨ ਚਾਲਕਾਂ ਨੂੰ ਟੋਇਆਂ ਦੀ ਡੂੰਘਾਈ ਦਾ ਅੰਦਾਜ਼ਾ ਨਹੀਂ ਲੱਗਦਾ ਅਤੇ ਕਈ ਵਾਰ ਵਾਹਨ ਪਾਣੀ ਵਿੱਚ ਹੀ ਬੰਦ ਹੋ ਜਾਂਦੇ ਹਨ। ਇਸ ਕਾਰਨ ਦੋਪਹੀਆ ਵਾਹਨ ਚਾਲਕਾਂ, ਰਾਹਗੀਰਾਂ ਅਤੇ ਸਕੂਲੀ ਬੱਚਿਆਂ ਨੂੰ ਖਾਸ ਤੌਰ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕੇ ਦੇ ਕਿਸਾਨ ਹਰਦੇਵ ਸਿੰਘ ਰੰਧਾਵਾ, ਅਮਰਜੀਤ, ਮਨਜੀਤ ਸਵਗੌਤਰਾ ਆਦਿ ਜਥੇਬੰਦੀਆਂ, ਸਮਾਜਿਕ ਸੰਸਥਾਵਾਂ ਤੇ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਸੜਕਾਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ, ਤਾਂ ਜੋ ਲੋਕਾਂ ਨੂੰ ਰੋਜ਼ਾਨਾ ਦੀ ਖੱਜਲ-ਖੁਆਰੀ ਤੋਂ ਨਿਜਾਤ ਮਿਲ ਸਕੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਨਾ ਕਰਵਾਇਆ ਗਿਆ ਤਾਂ ਉਹ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਣਗੇ।