- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਵੀ ਦਰਿਆ ਦੇ ਧੁੱਸੀ ਬੰਨ੍ਹ ਦੀ ਹਾਲਤ ਤਰਸਯੋਗ, ਇੱਕ ਸਾਲ ਬਾਅਦ ਵੀ ਮੁਰੰਮਤ ਨਹੀਂ

- ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੇ ਪ੍ਰਸ਼ਾਸਨ ਨੂੰ ਦਿੱਤਾ ਅਲਟੀਮੇਟਮ
ਆਕਾਸ਼, ਪੰਜਾਬੀ ਜਾਗਰਣ
ਗੁਰਦਾਸਪੁਰ : ਪਿਛਲੇ ਸਾਲ ਰਾਵੀ ਦਰਿਆ ਵਿੱਚ ਆਈ ਭਿਆਨਕ ਹੜ ਦੌਰਾਨ ਸਰਹੱਦੀ ਪਿੰਡ ਚੌੜਾ ਦੇ ਨੇੜੇ ਧੁੱਸੀ ਬੰਨ੍ਹ ਟੁੱਟਣ ਦੀ ਕਗਾਰ ’ਤੇ ਪਹੁੰਚ ਗਿਆ ਸੀ। ਉਦੋਂ ਸਥਾਨਕ ਕਿਸਾਨਾਂ ਨੇ ਬੋਰੀਆਂ ਲਾ ਕੇ ਕਿਸੇ ਤਰ੍ਹਾਂ ਬੰਨ੍ਹ ਨੂੰ ਬਚਾਇਆ ਸੀ ਪਰ ਕਰੀਬ ਇੱਕ ਸਾਲ ਬੀਤ ਜਾਣ ਦੇ ਬਾਵਜੂਦ ਵੀ ਬੰਨ੍ਹ ਦੀ ਹਾਲਤ ਜਿਉਂ-ਦੀ-ਤਿਉਂ ਬਣੀ ਹੋਈ ਹੈ। ਪ੍ਰਸ਼ਾਸਨ ਨੇ ਹੁਣ ਤੱਕ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਹੈ ਜਿਸ ਕਾਰਨ ਇਲਾਕੇ ਦੇ ਕਿਸਾਨਾਂ ਵਿੱਚ ਭਾਰੀ ਰੋਸ ਹੈ। ਬੰਨ੍ਹ ਦੀ ਮੁਰੰਮਤ ਦਾ ਕੰਮ ਅਧੂਰਾ ਪਿਆ ਹੈ ਅਤੇ ਮੌਨਸੂਨ ਦੀ ਵਾਪਸੀ ਦੇ ਨਾਲ ਹੀ ਲੋਕਾਂ ਨੂੰ ਇੱਕ ਵਾਰ ਫਿਰ ਹੜ ਦਾ ਡਰ ਸਤਾਉਣ ਲੱਗਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਇਹ ਬੰਨ੍ਹ ਟੁੱਟ ਗਿਆ ਤਾਂ ਇਸ ਨਾਲ ਇਲਾਕੇ ਨੂੰ ਬਹੁਤ ਭਾਰੀ ਨੁਕਸਾਨ ਹੋਵੇਗਾ। ਬੰਨ੍ਹ ਟੁੱਟਣ ਦੀ ਸੂਰਤ ਵਿੱਚ ਪਾਣੀ ਦੀ ਮਾਰ ਪਿੰਡ ਚੌੜਾ ਤੋਂ ਲੈ ਕੇ ਕਈ ਦਰਜਨ ਪਿੰਡਾਂ ਨੂੰ ਆਪਣੀ ਲਪੇਟ ਵਿੱਚ ਲੈ ਲਵੇਗੀ। ਇਸ ਨਾਲ ਲੋਕਾਂ ਦੀ ਜਾਨ-ਮਾਲ ਦਾ ਭਾਰੀ ਖ਼ਤਰਾ ਪੈਦਾ ਹੋ ਜਾਵੇਗਾ।
ਦੱਸ ਦੇਈਏ ਕਿ ਪਿਛਲੇ ਸਾਲ ਪੰਜਾਬ ਵਿੱਚ ਆਏ ਹੜ ਨੇ ਭਾਰੀ ਤਬਾਹੀ ਮਚਾਈ ਸੀ। ਰਾਵੀ ਦਰਿਆ ਦੇ ਤਟਬੰਧ ਕਈ ਥਾਵਾਂ ਤੋਂ ਟੁੱਟ ਗਏ ਸਨ। ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਸਕੱਤਰ ਮਨਜੀਤ ਸਿੰਘ ਨੇ ਦੱਸਿਆ ਕਿ ਹੁਣ ਇਸੇ ਤ੍ਰਾਸਦੀ ਦੇ ਮੁੜ ਆਉਣ ਦਾ ਡਰ ਇੱਕ ਵਾਰ ਫਿਰ ਸਰਹੱਦੀ ਇਲਾਕੇ ਦੇ ਕਿਸਾਨਾਂ ਨੂੰ ਸਤਾ ਰਿਹਾ ਹੈ। ਇਸੇ ਨੂੰ ਲੈ ਕੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਅਤੇ ਕਿਸਾਨ ਆਗੂਆਂ ਨੇ ਫੈਸਲਾ ਲਿਆ ਹੈ ਕਿ ਜੇਕਰ ਪ੍ਰਸ਼ਾਸਨ ਨੇ ਜਲਦੀ ਤੋਂ ਜਲਦੀ ਇਸ ਬੰਨ੍ਹ ਦੀ ਮੁਰੰਮਤ ਨਾ ਕਰਵਾਈ ਤਾਂ ਇਸ ਸਬੰਧੀ ਕੋਈ ਵੱਡਾ ਕਾਰਵਾਈ ਕੀਤੀ ਜਾਵੇਗੀ। ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਵੀ ਉਨ੍ਹਾਂ ਨੇ ਇਸ ਦੀ ਚਿਤਾਵਨੀ ਦਿੱਤੀ ਸੀ, ਪਰ ਪ੍ਰਸ਼ਾਸਨ ਨੇ ਗੰਭੀਰਤਾ ਨਹੀਂ ਵਿਖਾਈ। ਕਿਸਾਨਾਂ ਦਾ ਕਹਿਣਾ ਹੈ ਕਿ ਜਿਹੜਾ ਕੰਮ ਉਨ੍ਹਾਂ ਨੇ ਅਧੂਰਾ ਛੱਡਿਆ ਸੀ, ਉਹ ਅਜੇ ਵੀ ਅਧੂਰਾ ਪਿਆ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਗੰਭੀਰਤਾ ਵਿਖਾਉਂਦਿਆਂ ਤੁਰੰਤ ਇਸ ਬੰਨ੍ਹ ਦੀ ਮੁਰੰਮਤ ਕਰਵਾਏ, ਵਰਨਾ ਆਉਣ ਵਾਲੇ ਹੜ ਵਿੱਚ ਕਈ ਪਿੰਡ ਤਬਾਹ ਹੋ ਜਾਣਗੇ। ਕਿਸਾਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਹੀ ਕੋਈ ਕਾਰਵਾਈ ਨਾ ਹੋਈ ਤਾਂ ਉਹ ਸੜਕਾਂ ’ਤੇ ਉਤਰਨ ਲਈ ਮਜਬੂਰ ਹੋ ਜਾਣਗੇ।