ਸ਼ਰਧਾਲੂਆਂ ਨੂੰ ਛੱਡ ਕੇ ਵਾਪਸ ਪਰਤ ਰਹੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਵਾਲੀ ਬੱਸ ਪਲਟੀ ਸ਼ਰਧਾਲੂਆਂ ਨੂੰ ਛੱਡ ਕੇ ਵਾਪਸ ਪਰਤ ਰਹੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਵਾਲੀ ਬੱਸ ਪਲਟੀ
Publish Date: Thu, 10 Sep 2026 03:58 PM (IST)
Updated Date: Thu, 10 Sep 2026 04:01 PM (IST)
ਸੁਖਦੇਵ ਸਿੰਘ ਖੁਸ਼ੀਪੁਰ, ਪੰਜਾਬੀ ਜਾਗਰਣ ਗੁਰਦਾਸਪੁਰ: ਮਥੁਰਾ-ਵ੍ਰਿੰਦਾਵਨ ਤੋਂ ਸ਼ਰਧਾਲੂਆਂ ਨੂੰ ਦਰਸ਼ਨ ਕਰਵਾ ਕੇ ਵਾਪਸ ਪਰਤ ਰਹੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੀ ਬੱਸ ਵੀਰਵਾਰ ਨੂੰ ਗੁਰਦਾਸਪੁਰ-ਬਹਿਰਾਮਪੁਰ ਸੜਕ ਤੇ ਪਿੰਡ ਬਰਨਾਲਾ ਦੇ ਨੇੜੇ ਅਚਾਨਕ ਸੰਤੁਲਨ ਵਿਗੜਨ ਕਾਰਨ ਸੜਕ ਤੋਂ ਹੇਠਾਂ ਉਤਰ ਕੇ ਪਲਟ ਗਈ। ਹਾਦਸੇ ਵਿੱਚ ਰਾਹਤ ਦੀ ਗੱਲ ਇਹ ਰਹੀ ਕਿ ਉਸ ਸਮੇਂ ਬੱਸ ਵਿੱਚ ਕੋਈ ਸ਼ਰਧਾਲੂ ਮੌਜੂਦ ਨਹੀਂ ਸੀ। ਬੱਸ ਮਥੁਰਾ-ਵ੍ਰਿੰਦਾਵਨ ਤੋਂ ਸ਼ਰਧਾਲੂਆਂ ਨੂੰ ਉਨ੍ਹਾਂ ਦੇ ਘਰਾਂ ਤੱਕ ਛੱਡਣ ਤੋਂ ਬਾਅਦ ਵਾਪਸ ਜਾ ਰਹੀ ਸੀ। ਪਿੰਡ ਬਰਨਾਲਾ ਦੇ ਨੇੜੇ ਡਰਾਈਵਰ ਨੇ ਕਿਸੇ ਵਾਹਨ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਸੜਕ ਤੋਂ ਹੇਠਾਂ ਪਲਟ ਗਈ। ਹਾਦਸੇ ਦੇ ਸਮੇਂ ਬੱਸ ਵਿੱਚ ਸਿਰਫ਼ ਡਰਾਈਵਰ ਅਤੇ ਉਸਦੇ ਦੋ ਸਹਾਇਕ ਮੌਜੂਦ ਸਨ। ਤਿੰਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਮੌਕੇ ਤੇ ਮੌਜੂਦ ਲੋਕਾਂ ਨੇ ਤੁਰੰਤ ਬੱਸ ਵਿੱਚੋਂ ਡਰਾਈਵਰ ਅਤੇ ਉਸਦੇ ਸਾਥੀਆਂ ਨੂੰ ਬਾਹਰ ਕੱਢਿਆ। ਡਰਾਈਵਰ ਵਿਵੇਕ ਕੁਮਾਰ ਨੇ ਦੱਸਿਆ ਕਿ ਉਹ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਮਥੁਰਾ-ਵ੍ਰਿੰਦਾਵਨ ਤੋਂ ਸ਼ਰਧਾਲੂਆਂ ਨੂੰ ਉਨ੍ਹਾਂ ਦੇ ਘਰ ਛੱਡਣ ਤੋਂ ਬਾਅਦ ਵਾਪਸ ਪਰਤ ਰਿਹਾ ਸੀ। ਬਰਨਾਲਾ ਦੇ ਨੇੜੇ ਕਿਸੇ ਵਾਹਨ ਨੂੰ ਓਵਰਟੇਕ ਕਰਦੇ ਸਮੇਂ ਅਚਾਨਕ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਬੱਸ ਸੜਕ ਤੋਂ ਹੇਠਾਂ ਪਲਟ ਗਈ। ਇਸੇ ਤਰ੍ਹਾਂ ਟ੍ਰੈਫ਼ਿਕ ਇੰਚਾਰਜ ਐੱਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਕੰਟਰੋਲ ਰੂਮ ਤੋਂ ਬੱਸ ਪਲਟਣ ਦੀ ਸੂਚਨਾ ਮਿਲਣ ਤੋਂ ਬਾਅਦ ਉਹ ਮੌਕੇ ਤੇ ਪਹੁੰਚੇ। ਬੱਸ ਨੂੰ ਕਰੇਨ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਉਨ੍ਹਾਂ ਦੱਸਿਆ ਕਿ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜੋ ਕਿ ਵੱਡੀ ਰਾਹਤ ਦੀ ਗੱਲ ਹੈ। ਜ਼ਿਕਰਯੋਗ ਹੈ ਕਿ ਗੁਰਦਾਸਪੁਰ-ਬਹਿਰਾਮਪੁਰ ਸੜਕ ਤੇ ਆਮ ਤੌਰ ਤੇ ਭਾਰੀ ਆਵਾਜਾਈ ਰਹਿੰਦੀ ਹੈ। ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।