ਪੰਜਾਬ ਪੁਲਿਸ ਦੇ ਬਹਾਦਰ ਜਵਾਨਾਂ ਨੇ ਹਮੇਸ਼ਾਂ ਵੱਡੀਆਂ ਕੁਰਬਾਨੀਆਂ ਦੇ ਕੇ ਸ਼ਾਨਾਮੱਤਾ ਇਤਿਹਾਸ ਸਿਰਜਿਆ- ਐੱਸਐੱਸਪੀ ਪੰਜਾਬ ਪੁਲਿਸ ਦੇ ਬਹਾਦਰ ਜਵਾਨਾਂ ਨੇ ਹਮੇਸ਼ਾਂ ਵੱਡੀਆਂ ਕੁਰਬਾਨੀਆਂ ਦੇ ਕੇ ਸ਼ਾਨਾਮੱਤਾ ਇਤਿਹਾਸ ਸਿਰਜਿਆ- ਐੱਸਐੱਸਪੀ
Publish Date: Wed, 21 Oct 2026 03:43 PM (IST)
Updated Date: Wed, 21 Oct 2026 03:45 PM (IST)
--ਦੇਸ਼ ਖਾਤਰ ਜਾਨਾਂ ਵਾਰਨ ਵਾਲੇ ਬਹਾਦਰ ਪੁਲਿਸ ਜਵਾਨਾਂ ਨੂੰ ਗੁਰਦਾਸਪੁਰ ਪੁਲਿਸ ਨੇ ਸ਼ਹੀਦੀ ਦਿਵਸ ਮੌਕੇ ਦਿੱਤੀ ਨਿੱਘੀ ਸ਼ਰਧਾਂਜਲੀ ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ: ਪੰਜਾਬ ਪੁਲਿਸ ਦੇ ਬਹਾਦਰ ਜਵਾਨਾਂ ਨੇ ਹਮੇਸ਼ਾਂ ਹੀ ਸੂਬੇ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਦਿਆਂ ਵੱਡੀਆਂ ਕੁਰਬਾਨੀਆਂ ਦੇ ਕੇ ਸ਼ਾਨਾਮੱਤਾ ਇਤਿਹਾਸ ਸਿਰਜਿਆ ਹੈ। ਇਹ ਪ੍ਰਗਟਾਵਾ ਐੱਸਐੱਸਪੀ ਗੁਰਦਾਸਪੁਰ ਆਦਿੱਤਿਆ ਨੇ ਸਥਾਨਕ ਪੁਲਿਸ ਲਾਈਨ ਵਿਖੇ ਪੁਲਿਸ ਸ਼ਹੀਦੀ ਦਿਵਸ ਸਮਾਗਮ ਮੌਕੇ ਸ਼ਹੀਦ ਹੋਏ ਪੰਜਾਬ ਪੁਲਸ ਤੇ ਹੋਰ ਸੁਰੱਖਿਆ ਬਲਾਂ ਦੇ ਜਵਾਨਾਂ ਨੂੰ ਭਾਵ-ਭਿੰਨੀ ਸ਼ਰਧਾਂਜਲੀ ਭੇਂਟ ਕਰਦਿਆਂ ਕੀਤਾ। ਇਸ ਮੌਕੇ ਜ਼ਿਲ੍ਹਾ ਅਤੇ ਸ਼ੈਸਨ ਜੱਜ ਗੁਰਦਾਸਪੁਰ, ਹਰਬੰਸ ਸਿੰਘ ਲੇਖੀ, ਡਿਪਟੀ ਕਮਿਸ਼ਨਰ ਗੁਰਦਾਸਪੁਰ ਆਦਿੱਤਿਆ ਉੱਪਲ, ਐੱਸਐੱਸਪੀ ਆਦਿਤਿਆ, ਵਧੀਕ ਜ਼ਿਲ੍ਹਾ ਅਤੇ ਸ਼ੈਸਨ ਜੱਜ ਗੁਰਦਾਸਪੁਰ ਰੰਜੀਵ ਪਾਲ ਸਿੰਘ ਚੀਮਾ, ਸੀਜੀਐੱਮ- ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਹਰਪ੍ਰੀਤ ਸਿੰਘ, ਐੱਸਪੀ (ਐੱਚ) ਮਨਿੰਦਰਪਾਲ ਸਿੰਘ, ਐੱਸਪੀ ਦੇਵਿੰਦਰ ਚੌਧਰੀ, ਐੱਸਪੀ ਮਨੋਜ ਕੁਮਾਰ, ਐੱਮਡੀ ਡਾ. ਅਜੈਪਾਲ ਸਿੰਘ, ਸਮੂਹ ਡੀਐੱਸਪੀਜ਼, ਸਮੂਹ ਐੱਸਐੱਚਓਜ਼, ਸ਼ਹੀਦ ਜਵਾਨਾਂ ਦੇ ਪਰਿਵਾਰਕ ਮੈਂਬਰ, ਸਾਬਕਾ ਪੁਲਿਸ ਅਧਿਕਾਰੀ ਅਤੇ ਵੈਲਫੇਅਰ ਐਸੋਸੀਏਸ਼ਨ ਗੁਰਦਾਸਪੁਰ ਦੇ ਨੁਮਾਇੰਦੇ ਮੌਜੂਦ ਸਨ। ਐੱਸਐੱਸਪੀ ਆਦਿੱਤਿਆ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਨ ਕਰਦਿਆਂ ਕਿਹਾ ਕਿ ਸ਼ਹੀਦ, ਦੇਸ਼ ਤੇ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਪੂਰਾ ਦੇਸ਼ ਹਮੇਸ਼ਾਂ ਆਪਣੇ ਸ਼ਹੀਦਾਂ ਦਾ ਰਿਣੀ ਰਹੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਨੇ ਅੱਤਵਾਦ ਨੂੰ ਖਤਮ ਕਰਨ ਲਈ ਬੜੀ ਬਹਾਦਰੀ ਨਾਲ ਲੜਾਈ ਲੜੀ ਹੈ ਅਤੇ ਪੰਜਾਬ ਪੁਲਿਸ ਦੇ ਸਿਪਾਹੀ ਤੋਂ ਲੈ ਕੇ ਵੱਡੇ ਅਧਿਕਾਰੀ ਤੱਕ ਨੇ ਸ਼ਹਾਦਤ ਦਾ ਜਾਮ ਪੀਤਾ ਹੈ। ਐੱਸਐੱਸਪੀ ਗੁਰਦਾਸਪੁਰ ਨੇ ਅੱਗੇ ਕਿਹਾ ਸ਼ਹੀਦਾਂ ਦੇ ਪਰਿਵਾਰ, ਸਾਡੇ ਆਪਣੇ ਪਰਿਵਾਰ ਹਨ ਅਤੇ ਪੁਲਿਸ ਵਿਭਾਗ ਸ਼ਹੀਦ ਪਰਿਵਾਰਾਂ ਦੇ ਹਰ ਦੁੱਖ-ਸੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਨਾਲ ਖੜ੍ਹਾ ਹੈ। ਐੱਸਐੱਸਪੀ ਗੁਰਦਾਸਪੁਰ ਨੇ 21 ਅਕਤੂਬਰ ਦੇ ਇਤਿਹਾਸ ਦਾ ਜ਼ਿਕਰ ਕਰਦਿਆਂ ਦੱਸਿਆ ਕਿ 1959 ਨੂੰ ਲੱਦਾਖ ਦੇ ਹੌਟ ਸਪਰਿੰਗਜ਼ ਵਿਖੇ ਚੀਨ ਦੇ ਬਾਰਡਰ ’ਤੇ ਪੈਟਰੋਲਿੰਗ ਕਰ ਰਹੀ ਸੀਆਰਪੀਐੱਫ ਦੀ ਟੁੱਕੜੀ ’ਤੇ ਚੀਨੀ ਫੌਜੀਆਂ ਨੇ ਘਾਤ ਲਗਾ ਕੇ ਹਮਲਾ ਕੀਤਾ ਸੀ, ਜਿਸਦਾ ਸਾਡੇ ਦੇਸ਼ ਦੇ ਜਵਾਨਾਂ ਨੇ ਬੜੀ ਦਲੇਰੀ ਤੇ ਬਹਾਦਰੀ ਨਾਲ ਮੁਕਾਬਲਾ ਕੀਤਾ ਅਤੇ ਦੇਸ਼ ਦੀ ਰਾਖੀ ਲਈ ਇਹ ਜਵਾਨ ਸ਼ਹਾਦਤ ਪ੍ਰਾਪਤ ਕਰ ਗਏ ਸਨ। ਉਨ੍ਹਾਂ ਸ਼ਹੀਦਾਂ ਦੀ ਯਾਦ ਵਿਚ ਸਾਲ 1960 ਤੋਂ ਦੇਸ਼ ਦੀਆਂ ਸਾਰੀਆਂ ਪੁਲਿਸ ਫੋਰਸਿਜ਼, ਸੁਰੱਖਿਆ ਬਲਾਂ ਵਲੋਂ ਲਏ ਗਏ ਫੈਸਲੇ ਮੁਤਾਬਕ ਹਰ ਸਾਲ 21 ਅਕਤੂਬਰ ਦਾ ਦਿਨ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਜਾਨਾਂ ਵਾਰਨ ਵਾਲੇ ਬਹਾਦਰ ਜਵਾਨਾਂ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਪ੍ਰਦੀਪ ਸਿੰਘ , ਡੀਐੱਸਪੀ ਦੀ ਕਮਾਂਡ ਹੇਠ ਪੁਲਿਸ ਦੇ ਜਵਾਨਾਂ ਨੇ ਸ਼ੋਕ ਸਲਾਮੀ ਦੌਰਾਨ ਹਥਿਆਰ ਉਲਟੇ ਕਰਕੇ ਸ਼ਹੀਦ ਅਫਸਰਾਂ ਤੇ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਦੋ ਮਿੰਟ ਦਾ ਮੌਨ ਧਾਰਨ ਕੀਤਾ। ਇਸ ਮੌਕੇ ਡੀਐੱਸਪੀ ਹਰੀਸ਼ ਬਹਿਲ ਵਲੋਂ ਪਿਛਲੇ ਇੱਕ ਸਾਲ ਦੌਰਾਨ ਦੇਸ਼ ਭਰ ਵਿੱਚ ਸ਼ਹੀਦ ਹੋਏ ਸੁਰੱਖਿਆ ਜਵਾਨਾਂ ਦੇ ਨਾਮ ਪੜ੍ਹ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਉਪਰੰਤ ਐੱਸਐੱਸਪੀ ਗੁਰਦਾਸਪੁਰ ਵਲੋਂ ਸ਼ਹੀਦਾਂ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਦੁੱਖ ਤਕਲੀਫ਼ਾਂ ਵੀ ਸੁਣੀਆਂ ਤੇ ਕਿਹਾ ਕਿ ਪੁਲਿਸ ਵਿਭਾਗ, ਸ਼ਹੀਦ ਪਰਿਵਾਰ ਦੀਆਂ ਮੁਸ਼ਕਿਲਾਂ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ ਵਚਨਬੱਧ ਹੈ।