- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੇਰਾ ਬਾਬਾ ਨਾਨਕ ਦੀ ਸੁੰਦਰਤਾ ਨੂੰ ਲੱਗਾ ਗ੍ਰਹਿਣ, ਗੁਰੂ ਦੀ ਨਗਰੀ 'ਚ ਲੱਗੇ ਗੰਦਗੀ ਦੇ ਢੇਰ

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ
ਡੇਰਾ ਬਾਬਾ ਨਾਨਕ : ਸਫ਼ਾਈ ਸੇਵਕਾਂ ਵੱਲੋਂ ਆਪਣੀਆਂ ਮੰਗਾਂ ਲਈ ਪਿਛਲੇ ਦਿਨਾਂ ਤੋਂ ਲਗਾਤਾਰ ਕੀਤੀ ਜਾ ਰਹੀ ਹੜਤਾਲ ਕਾਰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰੂ ਦੀ ਨਗਰੀ ਡੇਰਾ ਬਾਬਾ ਨਾਨਕ ਦੇ ਵੱਖ-ਵੱਖ ਬਾਜ਼ਾਰਾਂ ਦੀਆਂ ਸੜਕਾਂ ’ਤੇ ਗੰਦਗੀ ਦੇ ਢੇਰ ਲੱਗਣ ਕਾਰਨ ਜਿੱਥੇ ਬਿਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ। ਉੱਥੇ ਦੂਰ-ਦੁਰਾਡੇ ਤੋਂ ਆਉਣ ਵਾਲੀਆਂ ਨਾਨਕ ਨਾਮ ਲੇਵਾ ਸੰਗਤਾਂ ਅਤੇ ਰਾਹਗੀਰਾਂ ਨੂੰ ਗੰਦਗੀ ਦੇ ਆਲਮ ਵਿੱਚੋਂ ਲੰਘਣ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡੇਰਾ ਬਾਬਾ ਨਾਨਕ ਵਿੱਚ ਵੱਖ-ਵੱਖ ਥਾਵਾਂ ਤੇ ਲੱਗੇ ਗੰਦਗੀ ਦੇ ਢੇਰ, ਜੋ ਗਰਮੀ ਕਾਰਨ ਬਦਬੂ ਮਾਰ ਰਹੇ ਹਨ, ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਸਕੱਤਰ ਐਡਵੋਕੇਟ ਰਾਜੂ ਪੰਡਤ, ਸੁਖਦੇਵ, ਦਲਜੀਤ ਸਿੰਘ, ਜਗਤਾਰ ਸਿੰਘ, ਗੁਰਪ੍ਰੀਤ ਸਿੰਘ, ਭੁਪਿੰਦਰ ਸਿੰਘ ਆਦਿ ਨੇ ਦੱਸਿਆ ਇਤਿਹਾਸਕ ਕਸਬਾ ਡੇਰਾ ਬਾਬਾ ਨਾਨਕ ਵਿਖੇ ਗੁਰਦੁਆਰਾ ਚੋਲਾ ਸਾਹਿਬ ਜਿੱਥੇ ਪਹਿਲੀ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅੰਗ ਵਸਤਰ ਚੋਲਾ ਸਾਹਿਬ ਤੋਂ ਇਲਾਵਾ ਭੈਣ ਨਾਨਕੀ ਦੇ ਹੱਥ ਦਾ ਕਢਾਈ ਕੀਤਾ ਰੁਮਾਲ ਅਤੇ ਹਰੀ ਸਿੰਘ ਨਲੂਆ ਵੱਲੋਂ ਭੇਟ ਕੀਤੇ ਗਏ ਦੁਸ਼ਾਲੇ ਬਿਰਾਜ਼ਮਾਨ ਹਨ।
ਇਸ ਤੋਂ ਇਲਾਵਾ ਗੁਰਦੁਆਰਾ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਬਾਬਾ ਸ਼੍ਰੀ ਚੰਦ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਟਹਾਲੀ ਸਾਹਿਬ ਅਤੇ ਸਰਹੱਦ ਤੇ ਬਣੇ ਦਰਸ਼ਨੀ ਸਥਲ, ਕਰਤਾਰਪੁਰ ਕੋਰੀਡੋਰ ਅਤੇ ਗੁਰਦੁਆਰਾ ਸਿੱਧ ਸਿਹੋ ਰੰਧਾਵਾ ਦੇ ਦਰਸ਼ਨਾਂ ਲਈ ਦੇਸ਼-ਵਿਦੇਸ਼ ਤੋਂ ਰੋਜ਼ਾਨਾ ਸ਼ਰਧਾਲੂ ਡੇਰਾ ਬਾਬਾ ਨਾਨਕ ਆਉਂਦੇ ਹਨ ਪਰ ਅਫ਼ਸੋਸ ਕਿ ਇਸ ਇਤਿਹਾਸਕ ਨਗਰੀ ਡੇਰਾ ਬਾਬਾ ਨਾਨਕ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਸਫਾਈ ਸੇਵਕਾਂ ਦੀ ਹੜਤਾਲ ਕਾਰਨ ਗੰਦਗੀ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਹਨ। ਉਨ੍ਹਾਂ ਦੱਸਿਆ ਕਿ ਗਰਮੀ ਦੇ ਮੌਸਮ ਕਾਰਨ ਗੰਦਗੀ ਵਿੱਚੋਂ ਬੰਦਬੂ ਆਉਣ ਕਰ ਕੇ ਬਿਮਾਰੀਆਂ ਫੈਲਣ ਦਾ ਖ਼ਤਰਾ ਡੇਰਾ ਬਾਬਾ ਨਾਨਕ ਦੇ ਵਾਸੀਆਂ ’ਤੇ ਮੰਡਰਾ ਰਿਹਾ। ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਐਡਵੋਕੇਟ ਰਾਜੂ ਪੰਡਤ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਨੌਕਰੀਆਂ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਅਫ਼ਸੋਸ ਕਿ ਲੋਕਾਂ ਦੇ ਘਰਾਂ ਵਿੱਚੋਂ ਕੂੜਾਕਰਕਟ ਅਤੇ ਗੰਦਗੀ ਸੁੱਟਣ ਵਾਲੇ ਸਫ਼ਾਈ ਸੇਵਕਾਂ ਦੀਆਂ ਮੰਗਾਂ ਸਰਕਾਰ ਵੱਲੋਂ ਪ੍ਰਵਾਨ ਨਹੀਂ ਕੀਤੀਆਂ ਜਾ ਰਹੀਆਂ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਫ਼ਾਈ ਸੇਵਕਾਂ ਦੀਆਂ ਮੰਗਾਂ ਪ੍ਰਵਾਨ ਕਰੇ ਤਾਂ ਜੋ ਸਫ਼ਾਈ ਸੇਵਕ ਆਪਣੇ ਕੰਮਾਂ ਵਿੱਚ ਲੱਗ ਕੇ ਸ਼ਹਿਰਾਂ ਕਸਬਿਆਂ ਦੀ ਸਫ਼ਾਈ ਕਰ ਕੇ ਸੁੰਦਰਤਾ ਨੂੰ ਯਕੀਨੀ ਬਣਾਉਣ। ਇਸ ਮੌਕੇ ਨਗਰ ਕੌਂਸਲ ਡੇਰਾ ਬਾਬਾ ਨਾਨਕ ਦੇ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਫ਼ਾਈ ਸੇਵਕਾਂ ਵੱਲੋਂ ਪਿਛਲੇ ਸਮੇਂ ਤੋਂ ਹੜਤਾਲ ਕੀਤੀ ਹੋਈ ਹੈ ਅਤੇ ਸਫ਼ਾਈ ਸੇਵਕਾਂ ਨੂੰ ਸਫ਼ਾਈ ਦਾ ਕੰਮ ਸ਼ੁਰੂ ਕਰਨ ਸਬੰਧੀ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਵੀ ਹੋ ਚੁੱਕੀ ਹੈ ਪਰ ਸਫ਼ਾਈ ਸੇਵਕ ਆਪਣੀਆਂ ਮੰਗਾਂ ਨੂੰ ਲੈ ਕੇ ਅਜੇ ਵੀ ਹੜਤਾਲ ’ਤੇ ਹਨ।