ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਆਲੌਕਿਕ ਡਰੋਨ ਸ਼ੋਅ ਨੇ ਸੰਗਤਾਂ ਦਾ ਮਨ ਮੋਹਿਆ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਆਲੌਕਿਕ ਡਰੋਨ ਸ਼ੋਅ ਨੇ ਸੰਗਤਾਂ ਦਾ ਮਨ ਮੋਹਿਆ
Publish Date: Sat, 03 Oct 2026 03:36 PM (IST)
Updated Date: Sat, 03 Oct 2026 03:37 PM (IST)
ਕਸ਼ਮੀਰ ਸਿੰਘ ਸੰਧੂ, ਪੰਜਾਬੀ ਜਾਗਰਣ ਸ੍ਰੀ ਹਰਗੋਬਿੰਦਪੁਰ ਸਾਹਿਬ : ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸ੍ਰੀ ਹਰਗੋਬਿੰਦਪੁਰ ਸਾਹਿਬ ਦੀ ਗਰਾਊਂਡ ਵਿੱਚ 500 ਡਰੋਨਾਂ ਰਾਹੀਂ ਸ਼ਾਨਦਾਰ ਡਰੋਨ ਸ਼ੋਅ ਕਰਵਾਇਆ ਗਿਆ। ਡਰੋਨ ਸ਼ੋਅ ਦੌਰਾਨ ਅਸਮਾਨ ਵਿੱਚ ਰੌਸ਼ਨੀਆਂ ਰਾਹੀਂ ਗੁਰੂ ਜੀ ਦੇ ਜੀਵਨ, ਮਹਾਨ ਸਿੱਖਿਆਵਾਂ, ਸੱਚੀ-ਸੁੱਚੀ ਕਿਰਤ ਅਤੇ ਸਰਬ-ਸਾਂਝੇ ਫ਼ਲਸਫ਼ੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ ਗਿਆ। ਵੱਡੀ ਗਿਣਤੀ ਵਿੱਚ ਪਹੁੰਚੀ ਸੰਗਤ ਨੇ ਤਕਨਾਲੋਜੀ ਅਤੇ ਅਧਿਆਤਮਿਕਤਾ ਦੇ ਇਸ ਵਿਲੱਖਣ ਸੁਮੇਲ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਨਿਹਾਰਿਆ। ਡਰੋਨਾਂ ਰਾਹੀਂ ਬਰਾਬਰੀ, ਭਾਈਚਾਰਕ ਸਾਂਝ, ਦਇਆ, ਸਮਾਜਿਕ ਨਿਆਂ ਅਤੇ ਮਨੁੱਖੀ ਸਨਮਾਨ ਦੇ ਸਦੀਵੀ ਸੰਦੇਸ਼ ਨੂੰ ਬਾਖੂਬੀ ਪੇਸ਼ ਕੀਤਾ ਗਿਆ। ਇਸ ਮੌਕੇ ਵਿਧਾਇਕ ਅਮਰਪਾਲ ਸਿੰਘ, ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਸਾਬਕਾ ਵਿਧਾਇਕ ਅਤੇ ਸੀਨੀਅਰ ਆਗੂ ਬਲਵਿੰਦਰ ਸਿੰਘ ਲਾਡੀ, ਪੇਡਾ ਦੇ ਸੀਨੀਅਰ ਵਾਇਸ ਚੇਅਰਮੈਨ ਡਾ. ਕਮਲਜੀਤ ਸਿੰਘ ਕੇ.ਜੇ, ਡਾ. ਅਰਸ਼ਦੀਪ ਸਿੰਘ ਜ਼ਿਲ੍ਹਾ ਇੰਚਾਰਜ ਨਸ਼ਾ ਮੁਕਤੀ ਮੋਰਚਾ, ਮਿਸਲ ਸ਼ਹੀਦ ਭਾਈ ਤਾਰੂ ਸਿੰਘ ਪੂਹਲਾ ਜਥੇਦਾਰ ਭਾਈ ਰਣਜੀਤ ਸਿੰਘ, ਬਾਬਾ ਸੁਖਦੇਵ ਸਿੰਘ, ਐਸ.ਡੀ.ਐਮ ਬਟਾਲਾ ਸਾਰੰਗਪ੍ਰੀਤ ਸਿੰਘ ਔਜਲਾ, ਨਗਰ ਕੌਂਸਲ ਦੇ ਪ੍ਰਧਾਨ ਨਵਦੀਪ ਸਿੰਘ ਪਨੂੰ, ਚੇਅਰਪਰਸਨ ਸ੍ਰੀਮਤੀ ਰੁਪਿੰਦਰ ਕੌਰ,ਮਹਿਲਾ ਵਿੰਗ ਦੇ ਪ੍ਰਧਾਨ ਮੈਡਮ ਨੀਲਮ ਜੀ, ਚੇਅਰਮੈਨ ਨਿਸ਼ਾਨ ਸਿੰਘ ਚਾਹਲ, ਤਿਲਕ ਰਾਜ ਪੱਪੂ ਪ੍ਰਧਾਨ, ਤਹਿਸੀਲਦਾਰ ਅਰਜਨ ਸਿੰਘ ਗਰੇਵਾਲ, ਹਰਵਿੰਦਰ ਸਿੰਘ ਹੈਰੀ, ਨਿਹੰਗ ਜਥੇਬੰਦੀਆਂ ਦੇ ਮੁਖੀ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।ਸੰਗਤ ਨੂੰ ਸੰਬੋਧਨ ਕਰਦਿਆਂ ਲਾਡੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ 650ਵੇਂ ਪ੍ਰਕਾਸ਼ ਪੁਰਬ ਸਬੰਧੀ ਪ੍ਰੋਗਰਾਮਾਂ ਲਈ 100 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ। ਵਿਸ਼ੇਸ਼ ਵੈਨਾਂ ਰਾਹੀਂ ਗੁਰੂ ਜੀ ਦੇ ਜੀਵਨ ਅਤੇ ਸਿੱਖਿਆਵਾਂ ’ਤੇ ਆਧਾਰਿਤ ਡਾਕੂਮੈਂਟਰੀ ਸ਼ੋਅ ਸੂਬੇ ਦੇ 13,000 ਪਿੰਡਾਂ ਵਿੱਚ ਦਿਖਾਏ ਜਾ ਰਹੇ ਹਨ, ਜਦਕਿ ਵਿੱਦਿਅਕ ਅਦਾਰਿਆਂ ਵਿੱਚ ਵਿਦਿਆਰਥੀਆਂ ਲਈ ਸੈਮੀਨਾਰ ਵੀ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਭਰ ਵਿੱਚ 92 ਡਰੋਨ ਸ਼ੋਅ ਕਰਵਾਏ ਜਾ ਰਹੇ ਹਨ, ਜਿਨ੍ਹਾਂ ਦਾ ਉਦੇਸ਼ ਗੁਰੂ ਜੀ ਦੇ ਸਰਬ-ਸਾਂਝੇ ਫ਼ਲਸਫ਼ੇ ਅਤੇ ਸਿੱਖਿਆਵਾਂ ਦਾ ਵੱਧ ਤੋਂ ਵੱਧ ਪ੍ਰਸਾਰ ਕਰਨਾ ਹੈ। ਇਸ ਮੌਕੇ ਡਾ. ਕੇ.ਜੇ, ਡਾ. ਅਰਸ਼ਦੀਪ ਸਿੰਘ, ਪ੍ਰਧਾਨ ਨਵਦੀਪ ਸਿੰਘ ਪਨੂੰ, ਚੇਅਰਮੈਨ ਨਿਸ਼ਾਨ ਸਿੰਘ ਚਾਹਲ ਵਲੋਂ ਸੰਬੋਧਨ ਕਿਹਾ ਕਿ ਗੁਰੂ ਜੀ ਦਾ ਜੀਵਨ ਅਤੇ ਬਾਣੀ ਸਮੁੱਚੀ ਮਨੁੱਖਤਾ ਨੂੰ ਬਰਾਬਰੀ, ਸਾਂਝੀਵਾਲਤਾ ਅਤੇ ਸਨਮਾਨ ਨਾਲ ਜੀਵਨ ਬਤੀਤ ਕਰਨ ਦੀ ਪ੍ਰੇਰਨਾ ਦਿੰਦੇ ਹਨ। ਇਸ ਤੋਂ ਪਹਿਲਾਂ ਭਾਈ ਜਸਬੀਰ ਸਿੰਘ ਜੀ ਜਲੰਧਰ ਵਾਲਿਆਂ ਦੇ ਰਾਗੀ ਜਥੇ ਵੱਲੋਂ ਸੰਗਤ ਨੂੰ ਮਨੋਹਰ ਕੀਰਤਨ ਦੁਆਰਾ ਨਿਹਾਲ ਕੀਤਾ ਗਿਆ।