ਸ੍ਰੀ ਅੱਚਲੇਸ਼ਵਰ ਧਾਮ ਵਿਖੇ ਨੌਵੀਂ-ਦਸਵੀਂ ਦਾ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਸ਼ੁਰੂ ਸ੍ਰੀ ਅੱਚਲੇਸ਼ਵਰ ਧਾਮ ਵਿਖੇ ਨੌਵੀਂ-ਦਸਵੀਂ ਦਾ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਸ਼ੁਰੂ
Publish Date: Wed, 18 Nov 2026 06:05 PM (IST)
Updated Date: Thu, 19 Nov 2026 04:04 AM (IST)
ਫੋਟੋ:18ਬੀਟੀਐਲ18 : ਸ਼੍ਰੀ ਕਾਰਤਿਕ ਸਵਾਮੀ ਮੰਦਰ ਦੇ ਦਰਸ਼ਨ ਕਰਨ ਦੌਰਾਨ ਉਮੜੀ ਸੰਗਤਾਂ ਦੀ ਭੀੜ। ਫੋਟੋ:18ਬੀਟੀਐਲ19 : ਪਵਿੱਤਰ ਸਰੋਵਰ ’ਚ ਇਸ਼ਨਾਨ ਕਰਦੇ ਸ਼ਰਧਾਲੂ। ਫੋਟੋ:18ਬੀਟੀਐਲ20: ਮੇਲੇ ’ਚ ਲੱਗੇ ਪੰਗੂੜੇ। ਫੋਟੋ: 18ਬੀਟੀਐਲ21 ਗੁਰਦੁਆਰਾ ਸ੍ਰੀ ਅਚਲ ਸਾਹਿਬ ਵਿਖੇ ਨਤਮਸਤਕ ਹੁੰਦੀਆਂ ਸੰਗਤਾਂ। ਸੁਖਦੇਵ ਸਿੰਘ\ਸ਼ਾਮ ਤਿਵਾੜੀ, ਪੰਜਾਬੀ ਜਾਗਰਣ ਬਟਾਲਾ : ਸ੍ਰੀ ਕਾਰਤਿਕ ਸਵਾਮੀ ਜੀ ਦੀ ਪਵਿੱਤਰ ਯਾਦ ਵਿੱਚ ਸੁਸ਼ੋਭਿਤ ਵਿਸ਼ਵ ਪ੍ਰਸਿੱਧ ਧਾਰਮਿਕ ਅਸਥਾਨ ਸ੍ਰੀ ਅੱਚਲੇਸ਼ਵਰ ਧਾਮ ਵਿਖੇ ਨੌਵੀਂ-ਦਸਵੀਂ ਦਾ ਸਾਲਾਨਾ ਮੇਲਾ ਅੱਜ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਸ਼ੁਰੂ ਹੋ ਗਿਆ। ਮੇਲੇ ਦੇ ਪਹਿਲੇ ਦਿਨ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਧਾਮ ਵਿਖੇ ਪਹੁੰਚ ਕੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ ਅਤੇ ਇਸ ਉਪਰੰਤ ਸ੍ਰੀ ਕਾਰਤਿਕ ਸਵਾਮੀ ਜੀ ਦੇ ਮੰਦਰ ਅਤੇ ਸਰੋਵਰ ਦੇ ਵਿਚਕਾਰ ਸਥਿਤ ਭਗਵਾਨ ਭੋਲੇਨਾਥ ਦੇ ਮੰਦਰ ਵਿਖੇ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਮੇਲੇ ਦੇ ਪਹਿਲੇ ਦਿਨ ਸਵੇਰੇ ਤੜਕਸਾਰ ਤੋਂ ਹੀ ਸ੍ਰੀ ਅੱਚਲੇਸ਼ਵਰ ਧਾਮ ਵਿਖੇ ਸ਼ਰਧਾਲੂਆਂ ਦੀ ਭਾਰੀ ਆਮਦ ਸ਼ੁਰੂ ਹੋ ਗਈ ਸੀ। ਦੂਰ-ਦੁਰਾਡੇ ਦੇ ਇਲਾਕਿਆਂ ਤੋਂ ਪਹੁੰਚੀਆਂ ਸੰਗਤਾਂ ਵਿੱਚ ਭਾਰੀ ਉਤਸ਼ਾਹ ਅਤੇ ਸ਼ਰਧਾ ਦੇਖਣ ਨੂੰ ਮਿਲੀ। ਮੰਦਰ ਵਿੱਚ ਦਰਸ਼ਨਾਂ ਲਈ ਸ਼ਰਧਾਲੂਆਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਸਨ ਅਤੇ ਸੰਗਤਾਂ ਕਤਾਰਬੱਧ ਹੋ ਕੇ ਆਪਣੀ ਵਾਰੀ ਦੀ ਉਡੀਕ ਕਰਦੀਆਂ ਨਜ਼ਰ ਆਈਆਂ। ਪੂਰਾ ਧਾਰਮਿਕ ਅਸਥਾਨ ਭਗਤੀਮਈ ਮਾਹੌਲ ਵਿੱਚ ਰੰਗਿਆ ਹੋਇਆ ਸੀ। ਇਸ ਮੌਕੇ ਸ੍ਰੀ ਅੱਚਲੇਸ਼ਵਰ ਧਾਮ ਨੂੰ ਰੰਗ-ਬਿਰੰਗੇ ਫੁੱਲਾਂ ਅਤੇ ਮਨਮੋਹਕ ਲਾਈਟਾਂ ਨਾਲ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ। ਮੰਦਰ ਦੀ ਸ਼ਾਨਦਾਰ ਸਜਾਵਟ ਸ਼ਰਧਾਲੂਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀ ਰਹੀ।ਧਾਰਮਿਕ ਸਮਾਗਮ ਦੇ ਨਾਲ-ਨਾਲ ਮੇਲੇ ਵਿੱਚ ਲੱਗੀਆਂ ਰੌਣਕਾਂ ਨੇ ਵੀ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਮੇਲੇ ਵਿੱਚ ਵੱਖ-ਵੱਖ ਤਰ੍ਹਾਂ ਦੇ ਸੁੰਦਰ ਬਾਜ਼ਾਰ ਸਜਾਏ ਗਏ ਸਨ, ਜਿੱਥੇ ਲੋਕਾਂ ਨੇ ਆਪਣੀ ਪਸੰਦ ਦੀਆਂ ਵਸਤਾਂ ਦੀ ਖਰੀਦਦਾਰੀ ਕੀਤੀ। ਇਸ ਤੋਂ ਇਲਾਵਾ ਬੱਚਿਆਂ ਅਤੇ ਨੌਜਵਾਨਾਂ ਲਈ ਵੱਖ-ਵੱਖ ਤਰ੍ਹਾਂ ਦੇ ਝੂਲੇ ਵੀ ਲਗਾਏ ਗਏ ਸਨ, ਜਿਨ੍ਹਾਂ ਦਾ ਲੋਕਾਂ ਨੇ ਖੂਬ ਆਨੰਦ ਮਾਣਿਆ। ਮੇਲੇ ਵਿੱਚ ਪਰਿਵਾਰਾਂ ਸਮੇਤ ਪਹੁੰਚੇ ਲੋਕਾਂ ਨੇ ਧਾਰਮਿਕ ਦਰਸ਼ਨਾਂ ਦੇ ਨਾਲ-ਨਾਲ ਮੇਲੇ ਦੀਆਂ ਰੌਣਕਾਂ ਦਾ ਵੀ ਆਨੰਦ ਮਾਣਿਆ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਸ਼੍ਰੀ ਅੱਚਲੇਸ਼ਵਰ ਮੰਦਰ ਕਾਰ ਸੇਵਾ ਟਰੱਸਟ ਦੇ ਮੁੱਖ ਸੇਵਾਦਾਰ ਪਵਨ ਕੁਮਾਰ ਪੰਮਾ ਨੇ ਦੱਸਿਆ ਕਿ ਨੌਵੀ ਤੇ ਦਸ਼ਮੀ ਦੇ ਮੇਲੇ ਨੂੰ ਲੈ ਕੇ ਸੰਗਤਾਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਅੱਜ ਹਜ਼ਾਰਾਂ ਦੀ ਗਿਣਤੀ ’ਚ ਸੰਗਤਾਂ ਨੇ ਭਗਵਾਨ ਭੋਲੇ ਨਾਥ ਅਤੇ ਸ਼੍ਰੀ ਕਾਰਤਿਕ ਸਵਾਮੀ ਜੀ ਦੇ ਮੰਦਰਾਂ ਦੇ ਦਰਸ਼ਨ ਕੀਤੇ ਹਨ। ਉਨ੍ਹਾਂ ਕਿਹਾ ਕਿ ਟਰੱਸਟ ਵਲੋਂ ਸੰਗਤਾਂ ਦੀ ਸਹੂਲਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਅਤੇ ਮੇਲੇ ਦੌਰਾਨ ਕਿਸੇ ਵੀ ਸ਼ਰਧਾਲੂ ਨੂੰ ਕੋਈ ਵੀ ਪ੍ਰੇਸ਼ਾਨੀ ਨਹੀਂ ਹੋਣ ਦਿੱਤੀ ਜਾਵੇਗੀ। ਅੰਤ ’ਚ ਉਨ੍ਹਾਂ ਸਾਰਿਆਂ ਨੂੰ ਨੌਵੀ ਤੇ ਦਸ਼ਮੀ ਦੇ ਮੇਲੇ ਦੀ ਵਧਾਈ ਦਿੱਤੀ।