- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
33ਵਾਂ ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਸਨਮਾਨ ਸਮਾਰੋਹ ਯਾਦਗਾਰੀ ਪੈੜਾਂ ਪਾਉਂਦਾ ਹੋਇਆ ਸੰਪੰਨ

4 ਦਾ ਬਾਟਮ)
-ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ 13 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਬਾਰੇ ਲੇਖਕ ਵਧ ਚੜ੍ਹ ਕੇ ਲੈਣ ਹਿੱਸਾ
ਸਰਬਜੀਤ ਚਾਹਲ, ਪੰਜਾਬੀ ਜਾਗਰਣ, ਗੁਰਦਾਸਪੁਰ : ਜ਼ਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ ਵੱਲੋਂ 33ਵਾਂ ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਸਨਮਾਨ-ਸਮਾਰੋਹ ਜ਼ਿਲ੍ਹਾ ਭਰ ਦੀਆਂ ਸਾਹਿਤ ਸਭਾਵਾਂ ਦੇ ਸਹਿਯੋਗ ਨਾਲ ਰਾਮ ਸਿੰਘ ਦੱਤ ਦੇਸ਼ ਭਗਤ ਯਾਦਗਾਰ ਹਾਲ ਗੁਰਦਾਸਪੁਰ ਵਿਖੇ ਬੜੇ ਹੀ ਉਤਸ਼ਾਹ ਪੂਰਵਕ ਮਨਾਇਆ ਗਿਆ। ਸਮਾਰੋਹ ਦੇ ਪ੍ਰਧਾਨਗੀ-ਮੰਡਲ ਵਿੱਚ ਡਾ. ਲੇਖ ਰਾਜ ਪ੍ਰਧਾਨ, ਡਾ. ਕੁਲਦੀਪ ਪੁਰੀ, ਸੁਸ਼ੀਲ ਦੁਸਾਂਝ, ਡਾ. ਬਲਦੇਵ ਸਿੰਘ ਬੱਧਨ, ਡਾ. ਰਵਿੰਦਰ ਬਟਾਲਾ, ਦੀਪ ਦੇਵਿੰਦਰ ਸਿੰਘ, ਸੇਲੇਂਦਰਜੀਤ ਰਾਜਨ, ਸੁਰਿੰਦਰ ਕੌਰ ਗਿੱਲ, ਕੰਵਲਦੀਪ ਕੌਰ ਪੁਰੀ, ਯਤਿੰਦਰ ਕੌਰ ਮਾਹਲ, ਹਰਪਾਲ ਸਿੰਘ ਨਾਗਰਾ, ਮੱਖਣ ਕੁਹਾੜ, ਮੰਗਤ ਚੰਚਲ, ਤਰਸੇਮ ਸਿੰਘ ਭੰਗੂ, ਜੇਪੀ ਖਰਲਾਂਵਾਲਾ ਅਤੇ ਗੁਰਮੀਤ ਬਾਜਵਾ ਸ਼ਾਮਲ ਹੋਏ, ਜਦਕਿ ਪ੍ਰੋ. ਜੈਪਾਲ ਸਿੰਘ ਬਤੌਰ ਮੁੱਖ-ਮਹਿਮਾਨ ਸ਼ਾਮਲ ਹੋਏ।
ਮੰਚ ਸੰਭਾਲਦਿਆਂ ਸਾਹਿਤ ਕੇਂਦਰ ਦੇ ਜਨਰਲ ਸਕੱਤਰ ਮੰਗਤ ਚੰਚਲ ਵੱਲੋਂ ਪਿਛਲੇ ਅਰਸੇ ਦੌਰਾਨ ਸਾਹਿਤਕ ਸਫ਼ਰ ਕਰਦਿਆਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਾਥੀਆਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਰਖਵਾਇਆ ਗਿਆ ਅਤੇ ਵਿਛੜੀਆਂ ਰੂਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਮੌਕੇ ਡਾ. ਲੇਖ ਰਾਜ ਪ੍ਰਧਾਨ ਵੱਲੋਂ ਹਾਜ਼ਰ ਮਹਿਮਾਨਾਂ ਦਾ ਸਨੇਹ ਭਰੇ ਸ਼ਬਦਾਂ ਰਾਹੀਂ ਸਵਾਗਤ ਕੀਤਾ ਗਿਆ। ਪ੍ਰੋਗਰਾਮ ਦਾ ਬਕਾਇਦਾ ਆਰੰਭ ਜਨਵਾਦੀ ਕਵੀ ਵਿਜੇ ਅਗਨੀਹੋਤਰੀ ਦੇ ਕ੍ਰਾਂਤੀਕਾਰੀ ਗੀਤ ਨਾਲ ਹੋਇਆ। ਪ੍ਰਿੰਸੀਪਲ ਸੁਜਾਨ ਸਿੰਘ ਦੇ ਜਵਾਈ ਡਾ. ਕੁਲਦੀਪ ਪੁਰੀ ਨੇ ਪ੍ਰਿੰਸੀਪਲ ਸੁਜਾਨ ਸਿੰਘ ਬਾਰੇ ਬੋਲਦਿਆਂ ਕਿਹਾ ਕਿ ਉਹ ਨਸ਼ੇ ਖ਼ਿਲਾਫ਼ ਤਾਂ ਸਨ ਹੀ, ਪਰ ਇਸ ਦੇ ਨਾਲ ਉਨ੍ਹਾਂ ਨੇ ਆਪਣੇ ਲੇਖਾਂ ਵਿੱਚ ਨਸ਼ੇ ਖ਼ਿਲਾਫ਼ ਉਚੇਚਾ ਜ਼ਿਕਰ ਵੀ ਕੀਤਾ ਹੈ। ਉਹ ਲਿਖਦੇ ਹਨ ਕਿ ਬੋਤਲ ਉੱਪਰ ਤਾਂ ਲਿਖ ਦਿੱਤਾ ਜਾਂਦਾ ਹੈ ਕਿ ਸ਼ਰਾਬ ਸਿਹਤ ਲਈ ਹਾਨੀਕਾਰਕ ਹੈ, ਪਰ ਸ਼ਰਾਬ ਵੇਚਣੀ ਬੰਦ ਨਹੀਂ ਕੀਤੀ ਜਾਂਦੀ। ਅੱਜ ਦੇ ਵਿਸ਼ੇ 'ਨਸ਼ੇ, ਸਰਕਾਰ, ਸਮਾਜ ਤੇ ਸਾਹਿਤ' 'ਤੇ ਬੋਲਦਿਆਂ ਮੁੱਖ ਬੁਲਾਰੇ ਪ੍ਰੋ. ਜੈਪਾਲ ਨੇ ਸਭ ਤੋਂ ਪਹਿਲਾਂ ਡਾ. ਨਿਰਮਲ ਸਿੰਘ ਆਜ਼ਾਦ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਉੱਤਰੀ ਭਾਰਤ ਦੀਆਂ ਯੂਨੀਵਰਸਿਟੀਆਂ ਵਿੱਚ ਇੱਕ ਪੇਪਰ 'ਪੁਲੀਟੀਕਲ ਇਕਾਨਮੀ ਆਫ ਡਿਵੈਲਪਮੈਂਟ' ਨੂੰ ਸੋਸ਼ਲਿਜ਼ਮ ਦਾ ਪੇਪਰ ਕਹਿੰਦਿਆਂ ਸ਼ੁਰੂ ਕਰਵਾਇਆ, ਜੋ ਕਿ ਉਨ੍ਹਾਂ ਦੀ ਉਚੇਚੇ ਤੌਰ 'ਤੇ ਇੱਕ ਪ੍ਰਾਪਤੀ ਸੀ। ਸਾਥੀ ਸੁਸ਼ੀਲ ਦੁਸਾਂਝ ਨੇ ਵੀ ਪ੍ਰੋ. ਜੈਪਾਲ ਜੀ ਦੇ ਵਿਚਾਰਾਂ ਦੀ ਪ੍ਰੋੜਤਾ ਕੀਤੀ ਅਤੇ ਸਰਕਾਰਾਂ ਦੀ ਦੋਗਲੀ ਨੀਤੀ 'ਤੇ ਕਰਾਰੀ ਚੋਟ ਕੀਤੀ। ਸਾਹਿਤ ਕੇਂਦਰ ਦੇ ਸੰਯੋਜਕ ਮੱਖਣ ਕੁਹਾੜ ਨੇ ਪ੍ਰਿੰਸੀਪਲ ਸੁਜਾਨ ਸਿੰਘ ਅਤੇ ਡਾ. ਨਿਰਮਲ ਸਿੰਘ ਆਜ਼ਾਦ ਨੂੰ ਯਾਦ ਕਰਦਿਆਂ ਉਨ੍ਹਾਂ ਵੱਲੋਂ ਸਾਹਿਤਕ, ਸਮਾਜਕ ਅਤੇ ਆਰਥਿਕ ਖੇਤਰਾਂ ਵਿੱਚ ਪਾਏ ਬਹੁਮੁੱਲੇ ਯੋਗਦਾਨ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ 13 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਬਾਰੇ ਜਾਣਕਾਰੀ ਦਿੰਦਿਆਂ ਲੇਖਕ ਭਾਈਚਾਰੇ ਨੂੰ ਵਧ-ਚੜ੍ਹ ਕੇ ਭਾਗ ਲੈਣ ਦੀ ਅਪੀਲ ਕੀਤੀ। ਡਾ. ਬਲਦੇਵ ਸਿੰਘ ਬੱਧਨ, ਦੀਪ ਦੇਵਿੰਦਰ ਸਿੰਘ, ਡਾ. ਰਵਿੰਦਰ ਬਟਾਲਾ, ਸਮਰਦੀਪ ਸਿੰਘ ਸੰਮੀ, ਕੁਲਵਿੰਦਰ ਸਿੰਘ ਗਾਖਲ, ਡਾ. ਸੁਰਿੰਦਰ ਸਾਂਤ, ਬਲਵਿੰਦਰ ਬਾਲਮ, ਯਤਿੰਦਰ ਕੌਰ ਮਾਹਲ, ਕੁਲਦੀਪ ਸਿੰਘ ਅੰਮ੍ਰਿਤਸਰ, ਕਮਲਦੀਪ ਕੌਰ ਪੁਰੀ, ਸਤਬੀਰ ਸਿੰਘ ਖਾਨਪੁਰੀ ਆਦਿ ਨੇ ਵੀ ਵਿਚਾਰ ਰੱਖੇ। ਇਸ ਤੋਂ ਉਪਰੰਤ ਕਹਾਣੀਕਾਰ ਦੀਪ ਦੇਵਿੰਦਰ ਵੱਲੋਂ ਸਨਮਾਨ ਕੀਤੇ ਜਾਣ ਵਾਲੇ ਕਹਾਣੀਕਾਰਾਂ ਦੀਆਂ ਉਪਲਬਧੀਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ ਗਈ। ਇਸ ਦੇ ਨਾਲ ਹੀ ਜ਼ਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ ਦੇ ਸਮੂਹ ਮੈਂਬਰਾਂ ਡਾ. ਲੇਖ ਰਾਜ ਪ੍ਰਧਾਨ, ਮੱਖਣ ਕੁਹਾੜ ਸੰਯੋਜਕ, ਮੰਗਤ ਚੰਚਲ ਜਨਰਲ ਸਕੱਤਰ, ਸੀਤਲ ਸਿੰਘ ਗੁੰਨੋਪੁਰੀ, ਗੁਰਮੀਤ ਸਿੰਘ ਬਾਜਵਾ, ਬੂਟਾ ਰਾਮ ਆਜ਼ਾਦ, ਗੁਰਪ੍ਰੀਤ ਸਿੰਘ ਰੰਗੀਲਪੁਰ, ਡਾ. ਰਜਵਿੰਦਰ ਕੌਰ ਨਾਗਰਾ, ਡਾ. ਸੁਰਿੰਦਰ ਸਾਂਤ, ਸੋਹਣ ਸਿੰਘ, ਸੁੱਚਾ ਸਿੰਘ ਪਸਨਾਵਾਲ, ਗੋਪਾਲ ਸ਼ਰਮਾ ਫਿਰੋਜ਼ਪੁਰੀ, ਨਿਸ਼ਾਨ ਸਿੰਘ ਜੌੜਾਸਿੰਘਾ, ਸੁਖਵਿੰਦਰ ਸਿੰਘ ਰੰਧਾਵਾ, ਸ਼ੀਸ਼ਮ ਸਿੰਘ ਸੰਧੂ ਅਤੇ ਪ੍ਰਿੰਸੀਪਲ ਸੁਜਾਨ ਸਿੰਘ ਦੇ ਪਰਿਵਾਰ ਦੇ ਮੈਂਬਰਾਂ ਅਤੇ ਪ੍ਰਧਾਨਗੀ-ਮੰਡਲ ਵੱਲੋਂ ਕਹਾਣੀਕਾਰ ਡਾ. ਸੁਖਪਾਲ ਸਿੰਘ ਥਿੰਦ ਨੂੰ ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਅਤੇ ਅੰਮ੍ਰਿਤਪਾਲ ਕਲੇਰ ਨੂੰ ਉਤਸ਼ਾਹ-ਵਰਧਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਅਤੇ ਪ੍ਰੋ. ਜੈਪਾਲ ਸਿੰਘ (ਮੁੱਖ-ਮਹਿਮਾਨ ਅਤੇ ਮੁੱਖ ਬੁਲਾਰੇ) ਨੂੰ ਡਾ. ਨਿਰਮਲ ਸਿੰਘ ਆਜ਼ਾਦ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਸਨਮਾਨਿਤ ਹਸਤੀਆਂ ਵੱਲੋਂ ਵੀ ਖੁਸ਼ੀ ਦਾ ਪ੍ਰਗਟਵਾ ਕੀਤਾ ਗਿਆ।
ਇਸ ਦੇ ਨਾਲ ਹੀ ਸਿਮਰਤੀ ਗ੍ਰੰਥ 'ਪ੍ਰਿੰਸੀਪਲ ਸੁਜਾਨ ਸਿੰਘ' (ਸੰਪਾਦਕ ਮੱਖਣ ਕੁਹਾੜ), 'ਜੇ ਸਰਕਾਰ ਮਾਂ ਬਣ ਜਾਵੇ ਤਾਂ...?' (ਡਾ. ਸਰਬਜੀਤ ਸਿੰਘ ਛੀਨਾ), 'ਪੰਜਾਬੀ ਲੋਕਜੀਵਨ ਦੇ ਅਲੋਪ ਹੋ ਰਹੇ ਰੰਗ' (ਡਾ. ਰਜਵਿੰਦਰ ਕੌਰ ਨਾਗਰਾ) ਅਤੇ 'ਸੁਖਾਵੇਂ ਫੁਰਨੇ' (ਅਮਰੀਕ ਸਿੰਘ ਲੇਹਲ) ਦੀਆਂ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ। ਇਸ ਤੋਂ ਮਗਰੋਂ ਕਵੀ-ਦਰਬਾਰ ਦਾ ਮੰਚ ਸੰਚਾਲਨ ਸੀਤਲ ਸਿੰਘ ਗੁੰਨੋਪੁਰੀ ਵੱਲੋਂ ਸੰਭਾਲਿਆ ਗਿਆ, ਜਿਸ ਵਿੱਚ ਸੁਲਤਾਨ ਭਾਰਤੀ, ਜਸਵੰਤ ਹਾਂਸ, ਸਬੀਨਾ ਚੋਪੜਾ, ਬਲਦੇਵ ਸਿੰਘ ਉਲਫ਼ਤ, ਤਰਸੇਮ ਸਿੰਘ ਭੰਗੂ, ਕੁਲਦੀਪ ਸਿੰਘ ਘਾਂਗਲਾ, ਕੁਲਜੀਤ ਸਿੰਘ ਰੰਧਾਵਾ, ਜਗਦੀਸ ਸਿੰਘ ਕਲਾਨੌਰ, ਅਮਰੀਕ ਸਿੰਘ ਲੇਹਲ, ਰਘਬੀਰ ਚਾਹਲ, ਸਰਬਜੀਤ ਸਿੰਘ ਚਾਹਲ, ਹੀਰਾ ਸਿੰਘ ਸੈਣੀ, ਹਰਪਾਲ ਬੈਂਸ, ਰਮੇਸ਼ ਜਾਨੂੰ, ਬਲਬੀਰ ਮੁਗਰਾਲਾ, ਰੋਜੀ ਸਿੰਘ, ਜੇਪੀ ਖਰਲਾਂਵਾਲਾ, ਜਸਵਿੰਦਰ ਸਿੰਘ, ਰਵੀ ਮੰਗਲਾ, ਵਿਜੇ ਤਾਲਿਬ, ਲੱਖਣ ਮੇਘੀਆਂ, ਰਾਜਨ ਤਰੇੜੀਆ, ਰਾਜ ਗੁਰਦਾਸਪੁਰੀ, ਮਹੇਸ਼ ਚੰਦਰਭਾਨੀ, ਬਲਵਿੰਦਰ ਸਿੰਘ ਗੰਭੀਰ, ਬਲਬੀਰ ਕਲਸੀ, ਗਗਨਦੀਪ ਸਿੰਘ, ਇੰਦੂ ਠਾਕਰ, ਪੂਨਮ ਠਾਕੁਰ ਆਦਿ ਨੇ ਭਾਗ ਲਿਆ। ਇਨ੍ਹਾਂ ਤੋਂ ਇਲਾਵਾ ਸੰਤੋਖ ਸਿੰਘ ਔਲਖ, ਧਿਆਨ ਸਿੰਘ ਠਾਕੁਰ, ਜਸਵੰਤ ਖਾਨਪੁਰੀ, ਮਨਦੀਪ ਸਿੰਘ, ਕਸ਼ਮੀਰ ਸਿੰਘ ਅੰਮ੍ਰਿਤਸਰ, ਜਤਿੰਦਰ ਭਨੋਟ, ਡਾ. ਜਗਜੀਵਨ ਲਾਲ, ਦਵਿੰਦਰ ਦਾਸ, ਸੁਨੀਲ ਦੱਤ ਐੱਮਸੀ, ਜਤਿੰਦਰ ਕੁਮਾਰ ਜ਼ਿਲ੍ਹਾ ਫਾਰਮੇਸੀ ਅਫ਼ਸਰ, ਅਮਰਜੀਤ ਸ਼ਾਸਤਰੀ, ਜੋਗਿੰਦਰ ਸਿੰਘ ਡਾਲੀਆ, ਰਜਨੀਸ਼ ਵਸਿਸ਼ਟ, ਹਿੰਮਤ ਸਿੰਘ, ਲੋਕੇਸ਼ ਗੋਲਡੀ ਸਾਬਕਾ ਐੱਮਸੀ, ਰਾਜਪਾਲ ਬਾਠ ਅਤੇ ਤਰਲੋਚਨ ਸਿੰਘ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸੂਝਵਾਨ ਲੋਕ ਹਾਜ਼ਰ ਸਨ।