ਤਰੀਜ਼ਾ ਨਗਰ ’ਚ ਸਾਲਾਨਾ ਬਾਈਬਲ ਕਨਵੈਨਸ਼ਨ ਅਤੇ ਮਹਾ ਪ੍ਰਾਰਥਨਾ ਸਭਾ 22 ਨੂੰ ਤਰੀਜ਼ਾ ਨਗਰ ਵਿਖੇ 22 ਅਕਤੂਬਰ ਨੂੰ ਹੋਵੇਗੀ 32ਵੀਂ ਸਾਲਾਨਾ ਬਾਈਬਲ ਕਨਵੈਨਸ਼ਨ ਅਤੇ ਮਹਾ ਪ੍ਰਾਰਥਨਾ ਸਭਾ
Publish Date: Sun, 18 Oct 2026 03:46 PM (IST)
Updated Date: Mon, 19 Oct 2026 04:00 AM (IST)
ਸਰਬਜੀਤ ਚਾਹਲ, ਪੰਜਾਬੀ ਜਾਗਰਣ, ਗੁਰਦਾਸਪੁਰ : ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਤਰੀਜ਼ਾ ਨਗਰ ਵਿਖੇ ਐੱਸਐੱਸ ਮਿਨਿਸਟਰੀਜ਼ ਵੱਲੋਂ 22 ਅਕਤੂਬਰ ਨੂੰ 32ਵੀਂ ਸਾਲਾਨਾ ਬਾਈਬਲ ਕਨਵੈਨਸ਼ਨ ਅਤੇ ਮਹਾ ਪ੍ਰਾਰਥਨਾ ਸਭਾ ਕਰਵਾਈ ਜਾ ਰਹੀ ਹੈ। ਇਸ ਰੂਹਾਨੀ ਸਮਾਗਮ ਦਾ ਸਮਾਂ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਹੋਵੇਗਾ। ਸਮਾਗਮ ਨੂੰ ਲੈ ਕੇ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਸਟਰ ਸਰਾਫੀਨ ਸੱਭਰਵਾਲ ਨੇ ਸਮੂਹ ਸੰਗਤਾਂ ਨੂੰ ਪਰਿਵਾਰਾਂ ਸਮੇਤ ਇਸ ਪ੍ਰਾਰਥਨਾ ਸਭਾ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਮੁੱਖ ਪ੍ਰਚਾਰਕ ਵਜੋਂ ਪਾਸਟਰ ਸਰਾਫੀਨ ਸੱਭਰਵਾਲ ਜੀ ਵਿਸ਼ੇਸ਼ ਤੌਰ ਤੇ ਪਹੁੰਚ ਕੇ ਪ੍ਰਭੂ ਦੇ ਪਵਿੱਤਰ ਬਚਨਾਂ ਦੀ ਸਾਂਝ ਪਾਉਣਗੇ। ਇਸ ਤੋਂ ਇਲਾਵਾ ਆਰਾਧਨਾ ਦੀ ਸੇਵਾ ਬ੍ਰਦਰ ਬੌਬੀ ਸਾਬ ਅਤੇ ਸਿਸਟਰ ਕਿਰਨ ਸੱਭਰਵਾਲ ਵੱਲੋਂ ਨਿਭਾਈ ਜਾਵੇਗੀ। ਸਮਾਗਮ ਦੌਰਾਨ ਪ੍ਰਭੂ ਦੀ ਮਹਿਮਾ, ਅਮਨ-ਸ਼ਾਂਤੀ, ਆਪਸੀ ਭਾਈਚਾਰਕ ਸਾਂਝ ਅਤੇ ਲੋਕਾਂ ਦੀ ਭਲਾਈ ਲਈ ਵਿਸ਼ੇਸ਼ ਪ੍ਰਾਰਥਨਾਵਾਂ ਕੀਤੀਆਂ ਜਾਣਗੀਆਂ। ਪਾਸਟਰ ਸਰਾਫੀਨ ਸੱਭਰਵਾਲ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਨਸ਼ਿਆਂ ਦੀ ਲਤ ਕਾਰਨ ਕਈ ਨੌਜਵਾਨਾਂ ਦੇ ਜੀਵਨ ਅਤੇ ਪਰਿਵਾਰ ਪ੍ਰਭਾਵਿਤ ਹੋ ਰਹੇ ਹਨ। ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਚੰਗੇ ਰਾਹ ਤੇ ਚੱਲਣ ਦੀ ਲੋੜ ਹੈ। ਉਨ੍ਹਾਂ ਨੌਜਵਾਨਾਂ ਨੂੰ ਇਸ ਬਾਈਬਲ ਕਨਵੈਨਸ਼ਨ ਅਤੇ ਪ੍ਰਾਰਥਨਾ ਸਭਾ ਵਿੱਚ ਸ਼ਾਮਲ ਹੋ ਕੇ ਪ੍ਰਭੂ ਦੇ ਬਚਨਾਂ ਤੋਂ ਪ੍ਰੇਰਨਾ ਲੈਣ ਦਾ ਸੱਦਾ ਦਿੱਤਾ। ਇਸ ਦੇ ਨਾਲ ਹੀ ਬਿਮਾਰਾਂ, ਦੁਖੀ ਪਰਿਵਾਰਾਂ ਅਤੇ ਨਿਰਾਸ਼ਾ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਭਲਾਈ ਲਈ ਵੀ ਵਿਸ਼ੇਸ਼ ਪ੍ਰਾਰਥਨਾ ਕੀਤੀ ਜਾਵੇਗੀ। ਸਮਾਗਮ ਨੂੰ ਸੁਚਾਰੂ ਅਤੇ ਸਫ਼ਲ ਬਣਾਉਣ ਲਈ ਵਾਲੰਟੀਅਰਾਂ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ। ਸਟੇਜ ਪ੍ਰਬੰਧ, ਪਾਰਕਿੰਗ ਅਤੇ ਸੰਗਤਾਂ ਲਈ ਲੰਗਰ ਦੇ ਵਿਸ਼ੇਸ਼ ਇੰਤਜ਼ਾਮ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਲਈ ਪਿੰਡ ਦੀ ਪੰਚਾਇਤ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸਥਾਨਕ ਪ੍ਰਸ਼ਾਸਨ ਅਤੇ ਪੰਜਾਬ ਪੁਲਿਸ ਨੂੰ ਵੀ ਲਿਖਤੀ ਸੂਚਨਾ ਦਿੱਤੀ ਗਈ ਹੈ, ਤਾਂ ਜੋ ਸਮਾਗਮ ਦੌਰਾਨ ਲੋੜੀਂਦੇ ਪ੍ਰਬੰਧ ਕੀਤੇ ਜਾ ਸਕਣ।