- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਸਾਨ ਸੰਗਠਨਾਂ ਅਤੇ ਪੁਲਿਸ ਵਿਚਕਾਰ ਤਣਾਅ, ਲੜਕੀ ਨੂੰ ਹਿਰਾਸਤ ਵਿੱਚ ਲੈਣ 'ਤੇ ਹੰਗਾਮਾ

--ਥਾਣਾ ਪੁਰਾਣਾ ਸ਼ਾਲਾ ਦਾ ਮਾਮਲਾ, ਕਿਸਾਨ ਆਗੂਆਂ ਨੇ ਲੜਕੀ ਨੂੰ ਕਰਵਾਇਆ ਰਿਹਾਅ
ਉਮੇਸ਼ ਅੱਤਰੀ, ਪੰਜਾਬੀ ਜਾਗਰਣ
ਪੁਰਾਣਾ ਸ਼ਾਲਾ: ਪੁਰਾਣਾ ਸ਼ਾਲਾ ਥਾਣਾ ਖੇਤਰ ਵਿੱਚ ਵੀਰਵਾਰ ਨੂੰ ਕਿਸਾਨ ਸੰਗਠਨਾਂ ਅਤੇ ਪੁਲਿਸ ਵਿਚਕਾਰ ਸਥਾਨਕ ਚੌਕ ਵਿੱਚ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਸਵੇਰੇ-ਸਵੇਰੇ ਪੁਲਿਸ ਨੇ ਪਿੰਡ ਚੰਦਰਭਾਨ ਨਿਵਾਸੀ ਸਾਬਕਾ ਫੌਜੀ ਮਲਕੀਤ ਸਿੰਘ ਉਰਫ਼ ਲਾਲੀ ਦੀ ਬੇਟੀ ਨੂੰ ਘਰੋਂ ਹਿਰਾਸਤ ਵਿੱਚ ਲੈ ਲਿਆ। ਜ਼ਿਕਰਯੋਗ ਹੈ ਕਿ ਪੰਜ ਜੁਲਾਈ ਨੂੰ ਪਿੰਡ ਭੁੰਡੇਵਾਲ ਦੇ ਰੋਹਿਤ ਸਿੰਘ ਦੀ ਹੱਤਿਆ ਦੇ ਮਾਮਲੇ ਵਿੱਚ ਪੁਰਾਣਾ ਸ਼ਾਲਾ ਪੁਲਿਸ ਨੇ ਛੇ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਇਨ੍ਹਾਂ ਛੇ ਮੁਲਜ਼ਮਾਂ ਵਿੱਚ ਪਿੰਡ ਚੰਦਰਭਾਨ ਦੇ ਸਾਬਕਾ ਫੌਜੀ ਮਲਕੀਤ ਸਿੰਘ ਉਰਫ਼ ਲਾਲੀ ਦੇ ਪੁੱਤਰ ਗੁਰਸੇਵਕ ਸਿੰਘ ਦਾ ਨਾਮ ਵੀ ਸ਼ਾਮਲ ਹੈ। ਗੁਰਸੇਵਕ ਸਿੰਘ ਉਸ ਸਮੇਂ ਤੋਂ ਹੀ ਫ਼ਰਾਰ ਚੱਲ ਰਿਹਾ ਹੈ।
ਵੀਰਵਾਰ ਨੂੰ ਪੁਰਾਣਾ ਸ਼ਾਲਾ ਥਾਣਾ ਮੁਖੀ ਕੁਲਵਿੰਦਰ ਸਿੰਘ ਅਤੇ ਡੀਐੱਸਪੀ ਸੀਮਾ ਕੁਮਾਰੀ ਨੇ ਪਿੰਡ ਚੰਦਰਭਾਨ ਵਿੱਚ ਮੁਲਜ਼ਮ ਦੇ ਘਰ ਅਚਾਨਕ ਛਾਪਾਮਾਰੀ ਕੀਤੀ ਅਤੇ ਸਾਬਕਾ ਫੌਜੀ ਦੀ ਬੇਟੀ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਦੌਰਾਨ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਪੁਲਿਸ ਦਾ ਵਿਰੋਧ ਕੀਤਾ, ਕਿਉਂਕਿ ਇਸ ਮਾਮਲੇ ਨਾਲ ਯੁਵਤੀ ਦਾ ਕੋਈ ਲੈਣਾ-ਦੇਣਾ ਨਹੀਂ ਸੀ ਪਰ ਪੁਲਿਸ ਨੇ ਉਨ੍ਹਾਂ ਦੀ ਇੱਕ ਨਾ ਸੁਣੀ। ਇਸ ਮਗਰੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਪੱਗੜੀ ਸੰਭਾਲ ਜੱਟਾ ਲਹਿਰ ਦੇ ਆਗੂਆਂ ਨੇ ਪੁਰਾਣਾ ਸ਼ਾਲਾ ਚੌਕ 'ਤੇ ਥਾਣਾ ਮੁਖੀ ਅਤੇ ਡੀਐੱਸਪੀ ਦੀਆਂ ਸਰਕਾਰੀ ਗੱਡੀਆਂ ਨੂੰ ਘੇਰ ਲਿਆ। ਪੁਲਿਸ ਨੇ ਭੜਕੇ ਹੋਏ ਲੋਕਾਂ ਦਾ ਰੋਸ ਵੇਖਦਿਆਂ ਲੜਕੀ ਨੂੰ ਧਰਨਾਕਾਰੀਆਂ ਦੀ ਮੌਜੂਦਗੀ ਵਿੱਚ ਹੀ ਮੌਕੇ 'ਤੇ ਛੱਡ ਦਿੱਤਾ।
ਪੁਰਾਣਾ ਸ਼ਾਲਾ ਪੁਲਿਸ ਦੇ ਇਸ ਰਵੱਈਏ ਨੂੰ ਲੈ ਕੇ ਕਿਸਾਨ ਨੇਤਾ ਰਣਜੀਤ ਸਿੰਘ ਰਾਣਾ, ਬਲਜਿੰਦਰ ਸਿੰਘ ਚੀਮਾ, ਭੁਪਿੰਦਰ ਸਿੰਘ ਸੇਖਵਾਂ ਅਤੇ ਬਲਦੇਵ ਸਿੰਘ ਸੇਖਵਾਂ ਦਾ ਕਹਿਣਾ ਸੀ ਕਿ ਜੇਕਰ ਸਾਬਕਾ ਫੌਜੀ ਦੇ ਪੁੱਤਰ ਨੇ ਕੋਈ ਗਲਤੀ ਕੀਤੀ ਹੈ ਤਾਂ ਪੁਲਿਸ ਜਦੋਂ ਚਾਹੇ ਉਸਨੂੰ ਗ੍ਰਿਫ਼ਤਾਰ ਕਰ ਸਕਦੀ ਹੈ, ਉਨ੍ਹਾਂ ਨੂੰ ਇਸ ਤੋਂ ਕੋਈ ਇਤਰਾਜ਼ ਨਹੀਂ, ਪਰ ਇਸ ਤਰ੍ਹਾਂ ਕਾਨੂੰਨ ਨੂੰ ਛਿੱਟੇ 'ਤੇ ਰੱਖ ਕੇ ਪੁਲਿਸ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਉਹ ਕਿਸੇ ਦੀ ਭੈਣ-ਬੇਟੀ ਨੂੰ ਬਿਨਾਂ ਵਜ੍ਹਾ ਚੁੱਕ ਕੇ ਪਰੇਸ਼ਾਨ ਕਰੇ।
ਨੇਤਾਵਾਂ ਨੇ ਦੱਸਿਆ ਕਿ ਪੁਰਾਣਾ ਸ਼ਾਲਾ ਥਾਣਾ ਮੁਖੀ ਕੁਲਵਿੰਦਰ ਸਿੰਘ ਇਸੇ ਇਲਾਕੇ ਦੇ ਰਹਿਣ ਵਾਲੇ ਹਨ। ਲੋਕਾਂ ਨੂੰ ਪਹਿਲਾਂ ਉਨ੍ਹਾਂ ਤੋਂ ਇੰਸਾਫ਼ ਦੀ ਉਮੀਦ ਸੀ, ਪਰ ਅਫ਼ਸੋਸ ਦੀ ਗੱਲ ਹੈ ਕਿ ਇਸ ਇਲਾਕੇ ਦਾ ਹੋਣ ਦੇ ਬਾਵਜੂਦ ਵੀ ਉਨ੍ਹਾਂ ਅਜਿਹਾ ਰਵੱਈਆ ਅਪਣਾਇਆ ਜਿਸ ਨੂੰ ਲੈ ਕੇ ਇਲਾਕਾ ਵਾਸੀਆਂ ਵਿੱਚ ਉਨ੍ਹਾਂ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪੀੜਤ ਪਰਿਵਾਰ ਦਾ ਇਹ ਵੀ ਕਹਿਣਾ ਹੈ ਕਿ ਪੁਲਿਸ ਦੀ ਇਸ ਕਾਰਵਾਈ ਦੇ ਸਬੂਤ ਵਜੋਂ ਉਨ੍ਹਾਂ ਕੋਲ ਵੀਡੀਓ ਵੀ ਮੌਜੂਦ ਹੈ, ਜਿਸ ਦੇ ਆਧਾਰ 'ਤੇ ਉਹ ਉਕਤ ਪੁਲਿਸ ਅਧਿਕਾਰੀਆਂ ਨੂੰ ਅਦਾਲਤ ਤੱਕ ਲੈ ਜਾਣਗੇ। ਉੱਥੇ ਹੀ ਮਾਮਲੇ ਨੂੰ ਲੈ ਕੇ ਪੁਲਿਸ ਨੇ ਪੂਰੀ ਤਰ੍ਹਾਂ ਚੁੱਪੀ ਸਾਧ ਰੱਖੀ ਹੈ।