- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
35 ਤੋਂ 38 ਡਿਗਰੀ ਤਾਪਮਾਨ ਨੇ ਬਟਾਲਾ ਵਾਸੀਆਂ ਦਾ ਕੱਢਿਆ ਪਸੀਨਾ

ਸ਼ਾਮ ਤਿਵਾੜੀ, ਪੰਜਾਬੀ ਜਾਗਰਣ
ਬਟਾਲਾ : ਭਾਵੇਂ ਸ਼ੁੱਕਰਵਾਰ ਨੂੰ ਬਟਾਲਾ ਦਾ ਵੱਧ ਤੋਂ ਵੱਧ ਤਾਪਮਾਨ ਕਰੀਬ 35 ਤੋਂ 38 ਡਿਗਰੀ ਸੈਲਸੀਅਸ ਦੇ ਵਿਚਕਾਰ ਰਿਹਾ, ਪਰ ਹਵਾ ਨਾ ਚੱਲਣ ਅਤੇ ਉਮਸ ਭਰੇ ਮੌਸਮ ਨੇ ਲੋਕਾਂ ਦੀਆਂ ਮੁਸ਼ਕਲਾਂ ਕਈ ਗੁਣਾ ਵਧਾ ਦਿੱਤੀਆਂ। ਸਵੇਰ ਤੋਂ ਹੀ ਤਿੱਖੀ ਧੁੱਪ ਅਤੇ ਦੁਪਹਿਰ ਵੇਲੇ ਬੰਦ ਹਵਾ ਕਾਰਨ ਸ਼ਹਿਰ ਦੀਆਂ ਸੜਕਾਂ ’ਤੇ ਨਿਕਲਣ ਵਾਲੇ ਲੋਕ ਗਰਮੀ ਤੋਂ ਬਚਣ ਲਈ ਛਾਂ ਦੀ ਭਾਲ ਕਰਦੇ ਨਜ਼ਰ ਆਏ। ਹੁੰਮਸ ਇੰਨੀ ਜ਼ਿਆਦਾ ਸੀ ਕਿ ਕੁਝ ਸਮਾਂ ਬਾਹਰ ਖੜ੍ਹਾ ਰਹਿਣਾ ਵੀ ਲੋਕਾਂ ਲਈ ਔਖਾ ਹੋ ਗਿਆ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਰਾਹਗੀਰ ਅਤੇ ਸਾਈਕਲ ਸਵਾਰ ਸੜਕ ਕਿਨਾਰੇ ਦਰੱਖਤਾਂ ਦੀ ਛਾਂ ਹੇਠ ਬੈਠ ਕੇ ਆਰਾਮ ਕਰਦੇ ਅਤੇ ਗਰਮੀ ਤੋਂ ਰਾਹਤ ਲੈਂਦੇ ਵੇਖੇ ਗਏ। ਇੱਕ ਬਜ਼ੁਰਗ ਵਿਅਕਤੀ ਵੀ ਸੜਕ ਕਿਨਾਰੇ ਦਰੱਖਤ ਦੀ ਛਾਂ ਹੇਠ ਬੈਠ ਕੇ ਕੁਝ ਸਮਾਂ ਆਰਾਮ ਕਰਦਾ ਦਿਖਾਈ ਦਿੱਤਾ।
ਉਨ੍ਹਾਂ ਦੱਸਿਆ ਕਿ ਤਿੱਖੀ ਧੁੱਪ ਅਤੇ ਬੰਦ ਹਵਾ ਕਾਰਨ ਸਫ਼ਰ ਕਰਨਾ ਕਾਫ਼ੀ ਮੁਸ਼ਕਿਲ ਹੋ ਗਿਆ ਹੈ ਅਤੇ ਕੁਝ ਸਮੇਂ ਲਈ ਛਾਂ ਵਿੱਚ ਬੈਠ ਕੇ ਹੀ ਰਾਹਤ ਮਿਲਦੀ ਹੈ। ਗਰਮੀ ਦਾ ਅਸਰ ਦਿਹਾੜੀਦਾਰ ਮਜ਼ਦੂਰਾਂ ਅਤੇ ਫੁੱਟਪਾਥ ’ਤੇ ਰੋਜ਼ੀ-ਰੋਟੀ ਕਮਾਉਣ ਵਾਲਿਆਂ ’ਤੇ ਵੀ ਸਪਸ਼ਟ ਤੌਰ ’ਤੇ ਦੇਖਣ ਨੂੰ ਮਿਲਿਆ। ਸੜਕ ਕਿਨਾਰੇ ਛੱਤਰੀਆਂ ਵੇਚਣ ਵਾਲਾ ਇੱਕ ਨੌਜਵਾਨ ਗਾਹਕਾਂ ਦੀ ਉਡੀਕ ਕਰਦੇ-ਕਰਦੇ ਆਪਣੀ ਚਾਦਰ ਵਿਛਾ ਕੇ ਫੁੱਟਪਾਥ ’ਤੇ ਹੀ ਸੌਂਦਾ ਨਜ਼ਰ ਆਇਆ। ਦੁਪਹਿਰ ਦੀ ਤਿੱਖੀ ਗਰਮੀ ਅਤੇ ਸੁੰਨੀਆਂ ਸੜਕਾਂ ਕਾਰਨ ਕਾਰੋਬਾਰ ਵੀ ਪ੍ਰਭਾਵਿਤ ਰਿਹਾ ਅਤੇ ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਦੇ ਰਹੇ। ਸਿਰਫ਼ ਇਨਸਾਨ ਹੀ ਨਹੀਂ, ਸਗੋਂ ਬੇਜ਼ੁਬਾਨ ਪਸ਼ੂ ਵੀ ਗਰਮੀ ਤੋਂ ਬੇਹਾਲ ਦਿਖਾਈ ਦਿੱਤੇ। ਸ਼ਹਿਰ ਦੇ ਕਈ ਹਿੱਸਿਆਂ ਵਿੱਚ ਬਲਦ ਅਤੇ ਹੋਰ ਪਸ਼ੂ ਦਰੱਖਤਾਂ ਦੀ ਛਾਂ ਹੇਠ ਬੈਠ ਕੇ ਆਰਾਮ ਕਰਦੇ ਵੇਖੇ ਗਏ। ਸੜਕ ਕਿਨਾਰੇ ਇੱਕ ਬਲਦ ਦਰੱਖਤ ਦੀ ਠੰਡੀ ਛਾਂ ਹੇਠ ਬੈਠ ਕੇ ਗਰਮੀ ਤੋਂ ਰਾਹਤ ਲੈਂਦਾ ਨਜ਼ਰ ਆਇਆ। ਇਹ ਦ੍ਰਿਸ਼ ਦੱਸ ਰਹੇ ਸਨ ਕਿ ਤਿੱਖੀ ਗਰਮੀ ਦਾ ਅਸਰ ਹਰ ਜੀਵ ’ਤੇ ਪੈ ਰਿਹਾ ਹੈ। ਮੌਸਮ ਦੀ ਇਸ ਸਥਿਤੀ ਕਾਰਨ ਦੁਪਹਿਰ ਵੇਲੇ ਬਾਜ਼ਾਰਾਂ ਵਿੱਚ ਵੀ ਆਮ ਦਿਨਾਂ ਦੇ ਮੁਕਾਬਲੇ ਘੱਟ ਰੌਣਕ ਦੇਖਣ ਨੂੰ ਮਿਲੀ। ਲੋਕਾਂ ਨੇ ਬਿਨਾਂ ਲੋੜ ਘਰਾਂ ਤੋਂ ਬਾਹਰ ਨਿਕਲਣ ਤੋਂ ਪਰਹੇਜ਼ ਕੀਤਾ ਅਤੇ ਜਿਨ੍ਹਾਂ ਨੂੰ ਜ਼ਰੂਰੀ ਕੰਮ ਲਈ ਨਿਕਲਣਾ ਪਿਆ, ਉਹ ਵੀ ਵਾਰ-ਵਾਰ ਛਾਂ ਜਾਂ ਠੰਢੀਆਂ ਥਾਵਾਂ ’ਤੇ ਰੁਕਦੇ ਰਹੇ। ਮੌਸਮ ਮਾਹਿਰਾਂ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਵੀ ਗਰਮੀ ਅਤੇ ਹੁੰਮਸ ਤੋਂ ਤੁਰੰਤ ਰਾਹਤ ਮਿਲਣ ਦੀ ਸੰਭਾਵਨਾ ਘੱਟ ਹੈ। ਅਜਿਹੇ ਵਿੱਚ ਲੋਕਾਂ ਨੂੰ ਦੁਪਹਿਰ ਸਮੇਂ ਬੇਲੋੜੀ ਧੁੱਪ ਤੋਂ ਬਚਣ, ਵੱਧ ਤੋਂ ਵੱਧ ਪਾਣੀ ਪੀਣ ਅਤੇ ਬਜ਼ੁਰਗਾਂ, ਬੱਚਿਆਂ ਅਤੇ ਪਸ਼ੂਆਂ ਦਾ ਖ਼ਾਸ ਧਿਆਨ ਰੱਖਣ ਦੀ ਸਲਾਹ ਦਿੱਤੀ ਜਾ ਰਹੀ ਹੈ।