ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਕੀਤਾ ਤਹਿਸੀਲ ਪੱਧਰੀ ਰੋਸ ਪ੍ਰਦਰਸ਼ਨ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਕੀਤਾ ਤਹਿਸੀਲ ਪੱਧਰੀ ਰੋਸ ਪ੍ਰਦਰਸ਼ਨ
Publish Date: Wed, 21 Oct 2026 04:50 PM (IST)
Updated Date: Wed, 21 Oct 2026 04:51 PM (IST)
ਸ਼ਾਮ ਤਿਵਾੜੀ, ਪੰਜਾਬੀ ਜਾਗਰਣ ਬਟਾਲਾ: ‘ਇਨਲਿਸਟਮੈਂਟ-ਆਊਟਸੋਰਸ ਤਾਲਮੇਲ ਕਮੇਟੀ ਪੰਜਾਬ’ ਦੇ ਸੱਦੇ ’ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਗੁਰਦਾਸਪੁਰ ਇਕਾਈ ਦੀ ਬਟਾਲਾ ਬ੍ਰਾਂਚ ਵੱਲੋਂ ਦੀਵਾਲੀ ਤੋਂ ਪਹਿਲਾਂ ਜੁਆਇਨਿੰਗ ਪੱਤਰ ਜਾਰੀ ਨਾ ਕਰਨ ਦੇ ਵਿਰੋਧ ਵਿੱਚ ਅੱਜ ਦਫ਼ਤਰ ਮੰਡਲ ਬਟਾਲਾ ਵਿਖੇ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਤਹਿਸੀਲ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਠੇਕਾ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।ਇਸ ਮੌਕੇ ਯੂਨੀਅਨ ਦੇ ਸੂਬਾਈ ਆਗੂ ਜਗਰੂਪ ਸਿੰਘ ਕੋਟਲਾ ਸੂਬਾ ਸਿੰਘ, ਜ਼ਿਲ੍ਹਾ ਆਗੂ ਮਨਦੀਪ ਸਿੰਘ ਖੱਖ ਅਤੇ ਜਨਰਲ ਸਕੱਤਰ ਗੁਰਬਚਨ ਸਿੰਘ ਖੋਦੇਬੇਟ ਨੇ ਕਿਹਾ ਕਿ 15 ਅਕਤੂਬਰ 2026 ਨੂੰ ਕੈਬਨਿਟ ਸਬ-ਕਮੇਟੀ ਦੇ ਚੇਅਰਮੈਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਹੋਈ ਪੈਨਲ ਮੀਟਿੰਗ ਦੌਰਾਨ ਸਹਿਮਤੀ ਬਣੀ ਸੀ ਕਿ ਦੀਵਾਲੀ ਤੋਂ ਪਹਿਲਾਂ ਵੱਖ-ਵੱਖ ਵਿਭਾਗਾਂ ਵਿੱਚ ਇਨਲਿਸਟਮੈਂਟ ਅਤੇ ਆਊਟਸੋਰਸ ਸਮੇਤ ਵੱਖ-ਵੱਖ ਕੈਟਾਗਰੀਆਂ ਅਧੀਨ ਲੰਮੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਠੇਕਾ ਮੁਲਾਜ਼ਮਾਂ ਨੂੰ ਪੰਜਾਬ ਰਾਜ ਆਊਟਸੋਰਸ ਪਰਸੋਨਲ (ਕੰਟਰੈਕਚੁਅਲ ਇੰਗੇਜਮੈਂਟ ਵਿੱਚ ਤਬਦੀਲੀ) ਬਿੱਲ-2026 ਅਧੀਨ ਜੁਆਇਨਿੰਗ ਪੱਤਰ ਜਾਰੀ ਕੀਤੇ ਜਾਣਗੇ, ਪਰ ਅਜੇ ਤੱਕ ਜੁਆਇਨਿੰਗ ਪੱਤਰ ਜਾਰੀ ਨਾ ਕੀਤੇ ਜਾਣ ’ਤੇ ਠੇਕਾ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਮੰਗ ਕੀਤੀ ਕਿ ਤਾਲਮੇਲ ਕਮੇਟੀ ਵਿੱਚ ਸ਼ਾਮਲ ਵਿਭਾਗਾਂ ਦੇ ਇਨਲਿਸਟਮੈਂਟ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ ਬਿਨਾਂ ਸ਼ਰਤ ਤੁਰੰਤ ਜੁਆਇਨਿੰਗ ਪੱਤਰ ਜਾਰੀ ਕੀਤੇ ਜਾਣ ਅਤੇ ਨਾਲ ਹੀ ਮੰਗ ਪੱਤਰ ਵਿੱਚ ਦਰਜ ਸਾਰੇ ਮਸਲਿਆਂ ਦਾ ਤੁਰੰਤ ਹੱਲ ਕੀਤਾ ਜਾਵੇ। ਉਨ੍ਹਾਂ ਐਲਾਨ ਕੀਤਾ ਕਿ ਮੰਗਾਂ ਦਾ ਹੱਲ ਨਾ ਹੋਣ ’ਤੇ 25 ਅਕਤੂਬਰ ਨੂੰ ਮੁੱਖ ਮੰਤਰੀ ਦੇ ਹਲਕੇ ਧੂਰੀ ਵਿੱਚ ਸੂਬਾ ਪੱਧਰੀ ਰੋਸ ਰੈਲੀ ਕੀਤੀ ਜਾਵੇਗੀ, ਜਿਸ ’ਚ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਦੀ ਬਟਾਲਾ ਬ੍ਰਾਂਚ ਦੇ ਮੁਲਾਜ਼ਮ ਆਪਣੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਸ਼ਮੂਲੀਅਤ ਕਰਨਗੇ। ਇਸ ਮੌਕੇ ਬ੍ਰਾਂਚ ਖ਼ਜ਼ਾਨਚੀ ਜਤਿੰਦਰ ਸਿੰਘ ਤੋਂ ਇਲਾਵਾ ਸੰਦੀਪ ਸਿੰਘ, ਜਸਪਾਲ ਸਿੰਘ, ਹਰਜੀਤ ਸਿੰਘ, ਨਰਿੰਦਰ ਸਿੰਘ, ਬਲਦੇਵ ਸਿੰਘ, ਨਿਸ਼ਾਨ ਸਿੰਘ ਜੌੜਾ ਸਿੰਘਾ, ਕਸ਼ਮੀਰ ਸਿੰਘ, ਬੁੱਧ ਸਿੰਘ, ਅਮਰ ਪ੍ਰਤਾਪ ਸਿੰਘ, ਸਤਨਾਮ ਸਿੰਘ, ਸ਼ਿੰਗਾਰਾ, ਅਮੀਰ ਸਿੰਘ, ਗੁਲਸ਼ਨ ਮਸੀਹ, ਰੋਹਿਤ ਬੇਦੀ, ਬਲਕਾਰ ਸਿੰਘ, ਹਰਪਾਲ ਸਿੰਘ, ਸੁਖਰਾਜ ਸਿੰਘ, ਰਣਜੀਤ ਸਿੰਘ, ਸੁਖਵੰਤ ਸਿੰਘ ਅਤੇ ਜਗਤਾਰ ਸਿੰਘ ਸਮੇਤ ਹੋਰ ਮੁਲਾਜ਼ਮ ਹਾਜ਼ਰ ਸਨ।