- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੈਰ-ਸਿੱਖਿਆ ਕੰਮਾਂ ਦਾ ਅਧਿਆਪਕ ਕਰਨਗੇ ਬਾਈਕਾਟ, ਵਿਦਿਆਰਥੀਆਂ ਦੀ ਪੜ੍ਹਾਈ ਨੂੰ ਦੇਖਦੇ ਹੋਏ ਲਿਆ ਸਖ਼ਤ ਫ਼ੈਸਲਾ

--ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਦੇ ਮਾਧਿਅਮ ਰਾਹੀਂ ਮੁੱਖ ਮੰਤਰੀ ਨੂੰ ਭੇਜਿਆ ਗਿਆ ਪੱਤਰ
ਆਕਾਸ਼, ਪੰਜਾਬੀ ਜਾਗਰਣ
ਗੁਰਦਾਸਪੁਰ: ਅਧਿਆਪਕ ਸੰਗਠਨਾਂ ਪੰਜਾਬ ਦੇ ਤੈਅ ਪ੍ਰੋਗਰਾਮ ਅਨੁਸਾਰ ਜ਼ਿਲ੍ਹਾ ਗੁਰਦਾਸਪੁਰ ਦੇ ਸਾਰੇ ਅਧਿਆਪਕ ਸੰਗਠਨਾਂ ਦੁਆਰਾ ਗੈਰ-ਸਿੱਖਿਆ ਕੰਮਾਂ ਕਾਰਨ ਸਕੂਲਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋਣ ਦੇ ਚੱਲਦਿਆਂ ਸਖ਼ਤ ਫ਼ੈਸਲਾ ਲੈਂਦਿਆਂ ਸਾਰੇ ਗੈਰ-ਸਿੱਖਿਆ ਕੰਮਾਂ ਦਾ ਅਗਲੇ ਹਫ਼ਤੇ ਤੋਂ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸੰਬੰਧ ਵਿੱਚ ਮੰਗਲਵਾਰ ਨੂੰ ਅਧਿਆਪਕ ਆਗੂ ਗੁਰਿੰਦਰ ਸਿੱਧੂ, ਕੁਲਦੀਪ ਪੁਰੋਵਾਲ, ਸੋਮ ਸਿੰਘ, ਹਰਜਿੰਦਰ ਸਿੰਘ ਵਡਾਲਾ ਬਾਂਗਰ, ਪਲਵਿੰਦਰ ਸਿੰਘ, ਰਾਜ ਸੁਖਵਿੰਦਰ ਸਿੰਘ, ਹਰਪ੍ਰੀਤ ਸਿੰਘ, ਦਲਜੀਤ ਸਿੰਘ ਖ਼ਾਲਸਾ ਦੀ ਅਗਵਾਈ ਵਿੱਚ ਮੁੱਖ ਮੰਤਰੀ ਨੂੰ ਜ਼ਿਲ੍ਹਾ ਸਿੱਖਿਆ ਅਧਿਕਾਰੀ ਰਾਜੇਸ਼ ਸ਼ਰਮਾ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ (ਏ) ਦਫ਼ਤਰ ਦੀ ਸੁਪਰਡੈਂਟ ਅਮਨਦੀਪ ਕੌਰ ਦੇ ਮਾਧਿਅਮ ਰਾਹੀਂ ਮੰਗ ਪੱਤਰ ਸੌਂਪਿਆ ਗਿਆ।
ਅਧਿਆਪਕ ਆਗੂਆਂ ਨੇ ਦੱਸਿਆ ਕਿ ਪੰਜਾਬ ਦੇ ਸਿੱਖਿਆ ਵਿਭਾਗ ਦੇ ਅਧਿਆਪਕਾਂ ਨੂੰ ਬੂਥ ਲੈਵਲ ਅਫ਼ਸਰ, ਐਸਡੀਐਮ ਅਤੇ ਹੋਰ ਦਫ਼ਤਰਾਂ ਵਿੱਚ, ਜਨਗਣਨਾ, ਡਰੱਗ ਅਤੇ ਆਰਥਿਕ ਸਰਵੇ, ਰਾਸ਼ਨ ਕਾਰਡ, ਪਰਾਲੀ ਸਾੜਨ ਤੋਂ ਰੋਕਣ, ਐਸਆਈਆਰ ਦੇ ਕੰਮਾਂ ਤੋਂ ਇਲਾਵਾ ਕਈ ਕੰਮ ਕਰਨ ਲਈ ਦਿੱਤੇ ਗਏ ਹਨ, ਜਿਸ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਇਸ ਤੋਂ ਇਲਾਵਾ ਸੈਂਕੜੇ ਅਧਿਆਪਕਾਂ ਨੂੰ ਸਕੂਲਾਂ ਤੋਂ ਪਰਿਯੋਜਨਾਵਾਂ ਦੇ ਨਾਂ 'ਤੇ ਬਾਹਰ ਰੱਖਿਆ ਗਿਆ ਹੈ। ਆਗੂਆਂ ਨੇ ਦੱਸਿਆ ਕਿ ਹਜ਼ਾਰਾਂ ਅਸਾਮੀਆਂ ਪਹਿਲਾਂ ਹੀ ਖਾਲੀ ਹਨ ਅਤੇ ਗੈਰ-ਸਿੱਖਿਆ ਡਿਊਟੀਆਂ ਕਾਰਨ ਸਕੂਲ ਅਧਿਆਪਕਾਂ ਤੋਂ ਵਿਹੀਣ ਹੋ ਗਏ ਹਨ। ਆਗੂਆਂ ਨੇ ਕਿਹਾ ਕਿ ਮਿਡ-ਡੇ ਮੀਲ ਦਾ ਫੰਡ ਪਿਛਲੇ ਚਾਰ ਮਹੀਨਿਆਂ ਤੋਂ ਸਕੂਲਾਂ ਨੂੰ ਨਹੀਂ ਦਿੱਤਾ ਗਿਆ। ਹਜ਼ਾਰਾਂ ਸਕੂਲਾਂ ਵਿੱਚ ਸਫ਼ਾਈ ਕਰਮਚਾਰੀ ਨਹੀਂ ਦਿੱਤੇ ਗਏ ਹਨ। ਜਨਗਣਨਾ ਅਤੇ ਡਰੱਗ ਸਰਵੇ ਦੀ ਡਿਊਟੀ ਦਾ ਮਿਹਨਤਾਨਾ ਅਜੇ ਤੱਕ ਵੀ ਅਧਿਆਪਕਾਂ ਦੇ ਖਾਤੇ ਵਿੱਚ ਨਹੀਂ ਭੇਜਿਆ ਗਿਆ। ਆਗੂਆਂ ਨੇ ਮੁੱਖ ਮੰਤਰੀ, ਸਿੱਖਿਆ ਮੰਤਰੀ ਤੋਂ ਮੰਗ ਕੀਤੀ ਕਿ ਅਧਿਆਪਕਾਂ ਦੀਆਂ ਗੈਰ-ਸਿੱਖਿਆ ਡਿਊਟੀਆਂ ਤੁਰੰਤ ਵਾਪਸ ਲਈਆਂ ਜਾਣ, ਨਹੀਂ ਤਾਂ ਆਉਣ ਵਾਲੇ ਹਫ਼ਤੇ ਵਿੱਚ ਗੈਰ-ਸਿੱਖਿਆ ਕੰਮਾਂ ਦਾ ਬਾਈਕਾਟ ਕੀਤਾ ਜਾਵੇਗਾ। ਇਸ ਮੌਕੇ 'ਤੇ ਰਮਨ ਕੁਮਾਰ, ਕਪਿਲ ਸ਼ਰਮਾ, ਜਗਦੀਸ਼ ਸ਼ਰਮਾ, ਸੁਰਜੀਤ ਮਸੀਹ, ਜਤਿੰਦਰ ਕੁਮਾਰ, ਸੰਜੀਵ ਕੁਮਾਰ, ਨਵੀਨ ਸ਼ਰਮਾ, ਹਰਮੀਤ ਸਿੰਘ, ਅਨਿਲ ਕੁਮਾਰ, ਰਵੀ ਕੁਮਾਰ, ਜੋਤ ਪ੍ਰਕਾਸ਼ ਸਿੰਘ, ਬਲਕਾਰ ਸਿੰਘ, ਰਾਜਿੰਦਰ ਕੁਮਾਰ ਆਦਿ ਹਾਜ਼ਰ ਸਨ।