ਤਨਖਾਹਾਂ ਨੂੰ ਤਰਸੇ ਅਧਿਆਪਕ, ਵਫਦ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਮਿਲਿਆ ਤਨਖਾਹਾਂ ਨੂੰ ਤਰਸੇ ਅਧਿਆਪਕ, ਵਫਦ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਮਿਲਿਆ
Publish Date: Wed, 04 Nov 2026 04:28 PM (IST)
Updated Date: Wed, 04 Nov 2026 04:29 PM (IST)
--ਬੀਪੀਈਓ ਖਿਲਾਫ ਕਾਰਵਾਈ ਕਰਨ ਦੀ ਕੀਤੀ ਮੰਗ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੁਰਦਾਸਪੁਰ: ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਅਤੇ ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਦੇ ਆਗੂਆਂ ਦਾ ਇੱਕ ਵਫਦ ਡੀਈਓ ਪ੍ਰਾਈਮਰੀ ਪਰਮਜੀਤ ਕੌਰ ਨੂੰ ਮਿਲਿਆ। ਇਸ ਮੌਕੇ ਉਨ੍ਹਾਂ ਵੱਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਮੰਗ ਪੱਤਰ ਸੌਂਪ ਕੇ ਜਾਣੂ ਕਰਵਾਇਆ ਗਿਆ ਕਿ ਬਲਾਕ ਕਾਦੀਆਂ-2 ਦੇ ਅਧਿਆਪਕ ਬੀਪੀਈਓ ਦੀ ਗੈਰ ਹਾਜ਼ਰੀ ਕਾਰਨ ਆਪਣੀਆਂ ਤਨਖਾਹਾਂ ਨੂੰ ਤਰਸ ਰਹੇ ਹਨ। ਇਹ ਸਾਰੀ ਸਮੱਸਿਆ ਬੀਪੀਈਓ ਪੋਹਲਾ ਸਿੰਘ ਵੱਲੋਂ ਕਥਿਤ ਤੌਰ ਤੇ ਪੈਦਾ ਹਾਲਾਤ ਕਾਰਨ ਪੈਦਾ ਹੋਈ ਹੈ। ਤਾਲਮੇਲ ਕਮੇਟੀ ਦੀ ਕਨਵੀਨਰ ਮੈਡਮ ਬਲਵਿੰਦਰ ਕੌਰ ਰਾਵਲਪਿੰਡੀ ਨੇ ਦੱਸਿਆ ਕਿ ਬੀਪੀਈਓ ਪੋਹਲਾ ਸਿੰਘ ਦੀ ਬਦਲੀ ਸਿੱਖਿਆ ਵਿਭਾਗ ਪੰਜਾਬ ਵੱਲੋਂ ਸ਼ਿਕਾਇਤਾਂ ਮਿਲਣ ਉਪਰੰਤ ਵਿਭਾਗੀ ਕਾਰਵਾਈ ਕਰਦਿਆਂ ਕਾਦੀਆਂ-2 ਤੋਂ ਡੇਰਾ ਬਾਬਾ ਨਾਨਕ ਵਿਖੇ 9 ਅਕਤੂਬਰ ਨੂੰ ਪ੍ਰਬੰਧਕੀ ਆਧਾਰ ਤੇ ਬਦਲੀ ਕੀਤੀ ਗਈ ਸੀ। ਪਰ ਬੀਪੀਈਓ ਵੱਲੋਂ ਅਜੇ ਤੱਕ ਡਿਊਟੀ ਤੇ ਹਾਜ਼ਰ ਨਹੀਂ ਹੋਏ। ਜਦੋਂ ਕਿ ਉਹ ਕਾਦੀਆਂ-2 ਦਾ ਚਾਰਜ ਛੱਡ ਚੁੱਕੇ ਹਨ। ਇਸ ਕਾਰਨ ਬਲਾਕ ਦੇ ਕਰਮਚਾਰੀਆਂ ਦੀਆਂ ਤਨਖਾਹਾਂ ਪ੍ਰਬੰਧਕੀ ਆਧਾਰ ਤੇ ਨਹੀਂ ਮਿਲ ਸਕੀਆਂ। ਕਿਉਂਕਿ ਬਦਲੀ ਹੋਣ ਕਰਕੇ ਉਹਨਾਂ ਦੀ ਜਗ੍ਹਾ ਤੇ ਕਿਸੇ ਹੋਰ ਬੀਪੀਈਓ ਸਾਹਿਬਾਨ ਨੂੰ ਪ੍ਰਬੰਧਕੀ ਚਾਰਜ ਨਹੀਂ ਦਿੱਤਾ ਗਿਆ। ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਵੱਲੋਂ ਸਿਖਿਆ ਸੱਕਤਰ ਪੰਜਾਬ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਦੇ ਦਫ਼ਤਰ ਰਾਂਹੀ ਭੇਜੇ ਮੰਗ ਪੱਤਰ ਵਿਭਾਗ ਤੋਂ ਮੰਗ ਕੀਤੀ ਹੈ ਕਿ ਔਰਤਾਂ ਨੂੰ ਅਪਮਾਨਤ ਕਰਨ ਵਾਲੇ ਬੀਪੀਈਓ ਖਿਲਾਫ ਸਿਰਫ ਬਦਲੀ ਹੀ ਕਾਫੀ ਨਹੀਂ ਹੈ ਬਲਕਿ ਉਸ ਖਿਲਾਫ ਕਮੇਟੀ ਵੱਲੋਂ ਲਾਏ ਦੋਸ਼ਾਂ ਨੂੰ ਮੁੱਖ ਰੱਖਦਿਆਂ ਵਿਭਾਗੀ ਕਾਰਵਾਈ ਕਰਨੀ ਬਣਦੀ ਹੈ। ਡੀਟੀਐੱਫ ਪੰਜਾਬ ਗੁਰਦਾਸਪੁਰ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਬਦਲੀ ਰੱਦ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਦਾ ਖਮਿਆਜ਼ਾ ਸੱਤਾਧਾਰੀ ਪਾਰਟੀ ਗੇ ਆਗੂਆਂ ਜਲਦ ਹੋਣ ਵਾਲੀਆਂ ਵਿਧਾਨ ਸਭਾ ਵਿੱਚ ਭੁਗਤਣਾ ਪਵੇਗਾ। ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਅਧਿਆਪਕਾਂ ਦੀਆਂ ਤਨਖ਼ਾਹਾਂ ਕਢਵਾਉਣ ਲਈ ਬਲਾਕ ਕਾਦੀਆਂ-2 ਦਾ ਚਾਰਜ ਕਿਸੇ ਹੋਰ ਬੀਪੀਈਓ ਨੂੰ ਦੇ ਕੇ ਅਧਿਆਪਕਾਂ ਦੀਆਂ ਤਨਖ਼ਾਹਾਂ ਕਢਵਾਉਣ ਅਤੇ ਉੱਚ ਪੱਧਰੀ ਸਿੱਖਿਆ ਅਧਿਕਾਰੀਆਂ ਨੂੰ ਬੀਪੀਈਓ ਖਿਲਾਫ ਬਣਦੀ ਕਾਰਵਾਈ ਕਰਵਾਉਣ ਲਈ ਪੱਤਰ ਵਿਵਹਾਰ ਕਰਨ। ਇਸ ਮੌਕੇ ਪੀੜਤ ਅਧਿਆਪਕਾਵਾਂ ਕਮਲਪ੍ਰੀਤ ਕੌਰ ਸੁਖਪ੍ਰੀਤ ਕੌਰ ਨੇ ਮੰਗ ਕੀਤੀ ਹੈ ਕਿ ਜਾਂਚ ਪੜਤਾਲ ਕਰਨ ਵਾਲੀ ਕਮੇਟੀ ਵੱਲੋਂ ਤੱਥਾਂ ਨੂੰ ਘੋਖਣ ਉਪਰੰਤ ਪੋਹਲਾ ਸਿੰਘ ਖਿਲਾਫ ਵਿਭਾਗੀ ਕਾਰਵਾਈ ਕਰਨ ਦੀ ਸਿਫ਼ਾਰਿਸ਼ ਕੀਤੀ ਗਈ ਸੀ ਤਾਂ ਕਿ ਉਸ ਨੂੰ ਮਿਸਾਲੀ ਸਜ਼ਾ ਮਿਲਣ ਤੇ ਔਰਤ ਅਧਿਆਪਕਾਂਵਾ ਦਾ ਮਨੋਬਲ ਉੱਚਾ ਹੋ ਸਕੇ। ਉਸ ਜਾਂਚ ਰਿਪੋਰਟ ਨੂੰ ਲਾਗੂ ਕੀਤਾ ਜਾਵੇ।