- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੈਕਲੋਡਗੰਜ ਵਿਖੇ ਐੱਨਐੱਸਐੱਸ ਪ੍ਰੋਗਰਾਮ ਅਫ਼ਸਰਾਂ ਦਾ ਅਧਿਆਪਕ ਸਿਖਲਾਈ ਕੈਂਪ ਸਫ਼ਲਤਾਪੂਰਵਕ ਸੰਪੰਨ

ਆਕਾਸ਼, ਪੰਜਾਬੀ ਜਾਗਰਣ
ਗੁਰਦਾਸਪੁਰ: ਡਾਇਰੈਕਟੋਰੇਟ ਆਫ਼ ਯੂਥ ਸਰਵਿਸਿਜ਼, ਪੰਜਾਬ ਵੱਲੋਂ ਡਿਪਟੀ ਡਾਇਰੈਕਟਰ ਡਾ. ਕੁਲਵਿੰਦਰ ਸਿੰਘ ਅਤੇ ਅਸਿਸਟੈਂਟ ਡਾਇਰੈਕਟਰ ਡਾ. ਦਿਲਵਰ ਸਿੰਘ ਦੀ ਦੇਖ-ਰੇਖ ਹੇਠ 2 ਤੋਂ 6 ਸਤੰਬਰ 2026 ਤੱਕ ਸੈਂਟਰਲ ਮਾਊਂਟੇਨੀਅਰਿੰਗ ਕੇਂਦਰ, ਮੈਕਲੋਡਗੰਜ (ਧਰਮਸ਼ਾਲਾ) ਵਿਖੇ ਪੰਜ ਰੋਜ਼ਾ ਅਧਿਆਪਕ ਸਿਖਲਾਈ ਕੈਂਪ ਕਰਵਾਇਆ ਗਿਆ। ਜਾਣਕਾਰੀ ਦਿੰਦੇ ਹੋਏ ਪੰਡਿਤ ਮੋਹਨ ਲਾਲ ਐੱਸਡੀ ਕਾਲਜ ਫਾਰ ਵੂਮੈਨ, ਗੁਰਦਾਸਪੁਰ ਦੇ ਪ੍ਰਿੰਸੀਪਲ ਡਾ. ਨੀਰੂ ਸ਼ਰਮਾ ਨੇ ਦੱਸਿਆ ਕਿ ਇਸ ਕੈਂਪ ਵਿੱਚ ਮਾਝਾ, ਮਾਲਵਾ ਅਤੇ ਦੁਆਬੇ ਦੇ ਸਰਕਾਰੀ ਤੇ ਪ੍ਰਾਈਵੇਟ ਕਾਲਜਾਂ ਦੇ ਪ੍ਰੋਗਰਾਮ ਅਫ਼ਸਰਾਂ, ਯੂਨੀਵਰਸਿਟੀ ਦੇ ਪ੍ਰੋਫੈਸਰ ਅਫ਼ਸਰਾਂ ਅਤੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਪ੍ਰੋਗਰਾਮ ਅਫ਼ਸਰਾਂ ਨੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਚੰਡੀਗੜ੍ਹ ਦੇ ਕਾਲਜਾਂ, ਯੂਨੀਵਰਸਿਟੀ ਅਤੇ ਸਕੂਲਾਂ ਦੇ ਪ੍ਰੋਗਰਾਮ ਅਫ਼ਸਰ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ 59 ਪ੍ਰੋਗਰਾਮ ਅਫ਼ਸਰਾਂ ਨੇ ਉਤਸ਼ਾਹਜਨਕ ਹਿੱਸਾ ਲਿਆ।
ਇਸ ਕੈਂਪ ਵਿੱਚ ਸਾਡੇ ਕਾਲਜ ਦੇ ਐੱਨਐੱਸਐੱਸ ਪ੍ਰੋਗਰਾਮ ਅਫ਼ਸਰ ਡਾ. ਸੁਖਵਿੰਦਰ ਕੌਰ ਅਤੇ ਸਮਿਤਾ ਖਜੂਰੀਆ ਨੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਕੈਂਪ ਦੌਰਾਨ ਵੱਖ-ਵੱਖ ਮਾਹਿਰਾਂ ਵੱਲੋਂ ਸਮਾਜ ਸੇਵਾ, ਅਗਵਾਈ, ਟੀਮ ਨਿਰਮਾਣ, ਵਾਤਾਵਰਨ ਸੰਭਾਲ, ਨਸ਼ਾ ਮੁਕਤੀ ਅਤੇ ਮੁੱਢਲੀ ਸਹਾਇਤਾ ਸਬੰਧੀ ਗਤੀਵਿਧੀਆਂ ਦੀ ਵਿਸਥਾਰਪੂਰਵਕ ਸਿਖਲਾਈ ਦਿੱਤੀ ਗਈ। ਇਸ ਕੈਂਪ ਵਿੱਚ ਮੁੱਖ ਬੁਲਾਰੇ ਡਾ. ਅਟੱਲ ਠਾਕੁਰ ਨੇ 'ਅਧਿਆਪਕ ਰਾਸ਼ਟਰ ਦੇ ਭਵਿੱਖ ਦੇ ਨਿਰਮਾਤਾ' ਵਿਸ਼ੇ 'ਤੇ ਆਪਣੇ ਵਿਚਾਰ ਸਾਂਝੇ ਕੀਤੇ, ਜਦਕਿ ਡਾ. ਮਲਕੀਅਤ ਸਿੰਘ ਨੇ 'ਸਮਾਜ ਸੇਵਾ ਅਤੇ ਵਾਤਾਵਰਨ' ਵਿਸ਼ੇ 'ਤੇ ਸੰਬੋਧਨ ਕੀਤਾ। ਕੈਂਪ ਦੌਰਾਨ ਡਾ. ਸੁਖਵਿੰਦਰ ਕੌਰ ਅਤੇ ਸਮਿਤਾ ਖਜੂਰੀਆ ਨੇ ਆਪਣੇ ਕਾਲਜ ਵਿੱਚ ਐੱਨਐੱਸਐੱਸ ਅਤੇ ਵੱਖ-ਵੱਖ ਕਲੱਬਾਂ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ, ਵਾਤਾਵਰਨ ਸੰਭਾਲ, ਰੁੱਖ ਲਗਾਉਣ, ਸਫ਼ਾਈ, ਨਸ਼ਾ ਵਿਰੋਧੀ ਜਾਗਰੂਕਤਾ ਅਤੇ ਵਿਦਿਆਰਥਣਾਂ ਦੀ ਸ਼ਖ਼ਸੀਅਤ ਉਸਾਰੀ ਨਾਲ ਸਬੰਧਤ ਕਾਰਜਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਕਾਲਜ ਪ੍ਰੈਜ਼ੀਡੈਂਟ ਵੈਸ਼ਾਲੀ ਸ਼ਰਮਾ, ਜਨਰਲ ਸਕੱਤਰ ਡਾ. ਪੀਕੇ ਬਜਾਜ ਅਤੇ ਕਾਲਜ ਪ੍ਰਿੰਸੀਪਲ ਡਾ. ਨੀਰੂ ਸ਼ਰਮਾ ਨੇ ਦੋਵਾਂ ਪ੍ਰੋਗਰਾਮ ਅਫ਼ਸਰਾਂ ਨੂੰ ਇਸ ਸਿਖਲਾਈ ਕੈਂਪ ਵਿੱਚ ਭਾਗ ਲੈਣ ਅਤੇ ਕਾਲਜ ਦੀਆਂ ਗਤੀਵਿਧੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ ਲਈ ਵਧਾਈ ਦਿੱਤੀ। ਪ੍ਰਿੰਸੀਪਲ ਨੇ ਕਿਹਾ ਕਿ ਅਜਿਹੇ ਸਿਖਲਾਈ ਕੈਂਪ ਅਧਿਆਪਕਾਂ ਦੇ ਗਿਆਨ ਅਤੇ ਹੁਨਰ ਵਿੱਚ ਵਾਧਾ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਸਮਾਜ ਸੇਵਾ ਅਤੇ ਨੌਜਵਾਨਾਂ ਦੀ ਸਹੀ ਦਿਸ਼ਾ ਵਿੱਚ ਅਗਵਾਈ ਕਰਨ ਲਈ ਹੋਰ ਸਮਰੱਥ ਬਣਾਉਂਦੇ ਹਨ।