ਤਜਿੰਦਰ ਸਿੰਘ ਹੱਤਿਆ ਮਾਮਲਾ: ਪੀੜਤ ਪਰਿਵਾਰ ਨੇ ਜਥੇਬੰਦੀਆਂ ਨਾਲ ਕਾਹਨੂੰਵਾਨ ਥਾਣੇ ਦੇ ਸਾਹਮਣੇ ਲਗਾਇਆ ਦੋ ਘੰਟੇ ਧਰਨਾ ਤਜਿੰਦਰ ਸਿੰਘ ਹੱਤਿਆ ਮਾਮਲਾ: ਪੀੜਤ ਪਰਿਵਾਰ ਨੇ ਜਥੇਬੰਦੀਆਂ ਨਾਲ ਕਾਹਨੂੰਵਾਨ ਥਾਣੇ ਦੇ ਸਾਹਮਣੇ ਲਗਾਇਆ ਦੋ ਘੰਟੇ ਧਰਨਾ
Publish Date: Wed, 07 Oct 2026 04:57 PM (IST)
Updated Date: Wed, 07 Oct 2026 04:59 PM (IST)
ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ: ਤਜਿੰਦਰ ਸਿੰਘ ਦੀਆਂ ਅੰਤਿਮ ਰਸਮਾਂ ਭਾਵੇਂ ਹੀ ਸੰਪੰਨ ਹੋ ਚੁੱਕੀਆਂ ਹਨ ਪਰ ਉਸਨੂੰ ਇਨਸਾਫ਼ ਦਿਲਾਉਣ ਦੀ ਮੰਗ ਨੂੰ ਲੈ ਕੇ ਸ਼ੁਰੂ ਹੋਇਆ ਸੰਘਰਸ਼ ਲਗਾਤਾਰ ਤੇਜ਼ ਹੁੰਦਾ ਨਜ਼ਰ ਆ ਰਿਹਾ ਹੈ। ਪਿਛਲੇ ਦਿਨਾਂ ਵਿੱਚ ਪੁਰਾਣਾ ਸ਼ਾਲਾ ਵਿਖੇ ਤਜਿੰਦਰ ਸਿੰਘ ਦੀ ਅੰਤਿਮ ਅਰਦਾਸ ਤੋਂ ਬਾਅਦ ਪੀੜਤ ਪਰਿਵਾਰ ਅਤੇ ਵੱਖ-ਵੱਖ ਕਿਸਾਨ ਤੇ ਹੋਰ ਜਥੇਬੰਦੀਆਂ ਵੱਲੋਂ ਕੱਢੇ ਗਏ ਕੈਂਡਲ ਮਾਰਚ ਤੋਂ ਬਾਅਦ ਇਨਸਾਫ਼ ਦੀ ਇਹ ਆਵਾਜ਼ ਕਾਹਨੂੰਵਾਨ ਥਾਣੇ ਦੇ ਬਾਹਰ ਵੀ ਗੂੰਜੀ। ਪੀੜਤ ਪਰਿਵਾਰ ਦੇ ਮੈਂਬਰਾਂ ਸਮੇਤ ਬੀਬੀ ਦਵਿੰਦਰ ਕੌਰ, ਭਰਾ ਦਿਲਬਾਗ ਸਿੰਘ, ਨਿਹੰਗ ਸਿੰਘ ਜਥੇਬੰਦੀਆਂ ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨਾਲ ਜੁੜੇ ਆਗੂਆਂ ਨੇ ਕਰੀਬ ਦੋ ਘੰਟੇ ਤੱਕ ਕਾਹਨੂੰਵਾਨ ਥਾਣੇ ਦੇ ਸਾਹਮਣੇ ਚੱਲੇ ਧਰਨੇ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਖ਼ਿਲਾਫ਼ ਨਾਰੇਬਾਜ਼ੀ ਕੀਤੀ। ਇਸ ਦੌਰਾਨ ਤਜਿੰਦਰ ਮਾਮਲੇ ਵਿੱਚ ਪੂਰਾ ਸੱਚ ਸਾਹਮਣੇ ਲਿਆਉਣ ਅਤੇ ਮਾਮਲੇ ਨਾਲ ਜੁੜੇ ਸਾਰੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਤਜਿੰਦਰ ਦਾ ਅੰਤਿਮ ਸਸਕਾਰ ਅਤੇ ਅੰਤਿਮ ਅਰਦਾਸ ਹੋ ਜਾਣ ਦਾ ਇਹ ਮਤਲਬ ਨਹੀਂ ਕਿ ਇਨਸਾਫ਼ ਦੀ ਲੜਾਈ ਵੀ ਖ਼ਤਮ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਵੱਲੋਂ ਸ਼ੁਰੂ ਤੋਂ ਉਠਾਏ ਜਾ ਰਹੇ ਕਈ ਸਵਾਲਾਂ ਦੇ ਜਵਾਬ ਅਜੇ ਤੱਕ ਸਾਹਮਣੇ ਨਹੀਂ ਆਏ ਹਨ ਅਤੇ ਜਦੋਂ ਤੱਕ ਪੂਰੇ ਮਾਮਲੇ ਦੀਆਂ ਪਰਤਾਂ ਖੋਲ੍ਹ ਕੇ ਸੱਚ ਲੋਕਾਂ ਦੇ ਸਾਹਮਣੇ ਨਹੀਂ ਲਿਆਇਆ ਜਾਂਦਾ, ਸੰਘਰਸ਼ ਜਾਰੀ ਰਹੇਗਾ। ਆਗੂਆਂ ਨੇ ਕਿਹਾ ਕਿ ਪੁਲਿਸ ਇਹ ਨਾ ਸਮਝੇ ਕਿ ਤਜਿੰਦਰ ਦੀਆਂ ਅੰਤਿਮ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਇਹ ਮਾਮਲਾ ਵੀ ਸਮੇਂ ਦੇ ਨਾਲ ਠੰਡਾ ਪੈ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਪਰਿਵਾਰ ਦੇ ਨਾਲ ਖੜ੍ਹੀਆਂ ਜਥੇਬੰਦੀਆਂ ਇਸ ਮਾਮਲੇ ਨੂੰ ਅੰਜਾਮ ਤੱਕ ਲੈ ਕੇ ਜਾਵੇਂਗੇ ਅਤੇ ਜ਼ਰੂਰਤ ਪਈ ਤਾਂ ਸੰਘਰਸ਼ ਨੂੰ ਹੋਰ ਵੱਡੇ ਪੱਧਰ ਤੇ ਲਿਜਾਇਆ ਜਾਵੇਗਾ। ਬੀਬੀ ਦਵਿੰਦਰ ਕੌਰ ਅਤੇ ਹੋਰ ਨੇਤਾਵਾਂ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਕਿਸੇ ਬੇਕਸੂਰ ਨੂੰ ਫਸਾਉਣਾ ਨਹੀਂ, ਸਗੋਂ ਤਜਿੰਦਰ ਨਾਲ ਹੋਈ ਘਟਨਾ ਦਾ ਪੂਰਾ ਸੱਚ ਸਾਹਮਣੇ ਲਿਆਉਣਾ ਹੈ। ਜਾਂਚ ਦੌਰਾਨ ਜਿਸ ਕਿਸੇ ਦੀ ਵੀ ਭੂਮਿਕਾ ਸਾਹਮਣੇ ਆਉਂਦੀ ਹੈ, ਉਸ ਖ਼ਿਲਾਫ਼ ਕਾਨੂੰਨ ਦੇ ਅਨੁਸਾਰ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਧਰਨੇ ਦੌਰਾਨ ਆਗੂਆਂ ਨੇ ਪੁਲਿਸ ਜਾਂਚ ਦੀ ਰਫ਼ਤਾਰ ਅਤੇ ਹੁਣ ਤੱਕ ਹੋਈ ਕਾਰਵਾਈ ਨੂੰ ਲੈ ਕੇ ਵੀ ਕਈ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਲਈ ਐੱਸਆਈਟੀ ਬਣਾਏ ਜਾਣ ਦੇ ਬਾਵਜੂਦ ਪਰਿਵਾਰ ਨੂੰ ਜਾਂਚ ਵਿੱਚ ਸਾਹਮਣੇ ਆ ਰਹੇ ਨਵੇਂ ਤੱਥਾਂ ਬਾਰੇ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਪਰਿਵਾਰ ਅਤੇ ਜਥੇਬੰਦੀਆਂ ਵੱਲੋਂ ਇਹ ਵੀ ਮੰਗ ਕੀਤੀ ਗਈ ਕਿ ਤਜਿੰਦਰ ਨਾਲ ਹੋਈ ਘਟਨਾ ਤੋਂ ਪਹਿਲਾਂ ਅਤੇ ਬਾਅਦ ਦੇ ਸਾਰੇ ਹਾਲਾਤ, ਮੋਬਾਈਲ ਫ਼ੋਨਾਂ ਨਾਲ ਸੰਬੰਧਿਤ ਤੱਥ, ਸੋਸ਼ਲ ਮੀਡੀਆ ਰਿਕਾਰਡ, ਕਾਲ ਡਿਟੇਲ ਅਤੇ ਹੋਰ ਤਕਨੀਕੀ ਸਬੂਤਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇ ਤਾਂ ਜੋ ਘਟਨਾ ਪਿੱਛੇ ਦੀ ਪੂਰੀ ਸੱਚਾਈ ਸਾਹਮਣੇ ਆ ਸਕੇ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਤਜਿੰਦਰ ਮਾਮਲੇ ਵਿੱਚ ਉਨ੍ਹਾਂ ਨੂੰ ਇਨਸਾਫ਼ ਮਿਲਦਾ ਨਜ਼ਰ ਨਾ ਆਇਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।