ਤਜਿੰਦਰ ਸਿੰਘ ਕਤਲ ਮਾਮਲਾ, ਅੰਤਿਮ ਅਰਦਾਸ ਤੋਂ ਬਾਅਦ ਜਥੇਬੰਦੀਆਂ ਵੱਲੋਂ ਇਨਸਾਫ਼ ਦੀ ਮੰਗ ਨੂੰ ਲੈ ਕੇ ਕੈਂਡਲ ਮਾਰਚ ਤਜਿੰਦਰ ਸਿੰਘ ਕਤਲ ਮਾਮਲਾ, ਅੰਤਿਮ ਅਰਦਾਸ ਤੋਂ ਬਾਅਦ ਜਥੇਬੰਦੀਆਂ ਵੱਲੋਂ ਇਨਸਾਫ਼ ਦੀ ਮੰਗ ਨੂੰ ਲੈ ਕੇ ਕੈਂਡਲ ਮਾਰਚ
Publish Date: Tue, 06 Oct 2026 04:02 PM (IST)
Updated Date: Tue, 06 Oct 2026 04:05 PM (IST)
--ਪੁਲਿਸ ਤੇ ਢਿੱਲੀ ਕਾਰਵਾਈ ਕਰਨ ਦਾ ਇਲਜ਼ਾਮ, ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਤੇਜ਼ ਕਰਨ ਦੀ ਦਿੱਤੀ ਚਿਤਾਵਨੀ ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ: ਤਜਿੰਦਰ ਸਿੰਘ ਦੀ ਸੋਮਵਾਰ ਸਵੇਰੇ ਅੰਤਿਮ ਅਰਦਾਸ ਸੰਪੰਨ ਹੋਣ ਤੋਂ ਬਾਅਦ ਦਿਨ ਢਲਦਿਆਂ ਹੀ ਉਸ ਨੂੰ ਇਨਸਾਫ਼ ਦਿਲਾਉਣ ਦੀ ਮੰਗ ਨੂੰ ਲੈ ਕੇ ਪੀੜਤ ਪਰਿਵਾਰ ਸਮੇਤ ਵੱਖ-ਵੱਖ ਕਿਸਾਨ ਅਤੇ ਨਿਹੰਗ ਜਥਬੰਦੀਆਂ ਪਰਿਵਾਰ ਨੂੰ ਇਨਸਾਫ਼ ਦਿਲਾਉਣ ਦੀ ਮੰਗ ਨੂੰ ਲੈ ਕੇ ਮਸ਼ਾਲਾਂ ਅਤੇ ਮੋਮਬੱਤੀਆਂ ਲੈ ਕੇ ਸੜਕਾਂ ਤੇ ਉਤਰ ਆਏ। ਦਾਣਾ ਮੰਡੀ ਪੁਰਾਣਾ ਸ਼ਾਲਾ ਤੋਂ ਸ਼ੁਰੂ ਹੋਏ ਕੈਂਡਲ ਮਾਰਚ ਦੌਰਾਨ ‘ਤਜਿੰਦਰ ਨੂੰ ਇਨਸਾਫ਼ ਦਿਓ’ ਦੇ ਨਾਅਰਿਆਂ ਦੇ ਨਾਲ ਗੁਰਦਾਸਪੁਰ ਪੁਲਿਸ ਦੇ ਰਵੱਈਏ ਖ਼ਿਲਾਫ਼ ਵੀ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਕੈਂਡਲ ਮਾਰਚ ਪੁਰਾਣਾ ਸ਼ਾਲਾ ਬਾਜ਼ਾਰ ਤੋਂ ਹੁੰਦਿਆਂ ਮੁਕੇਰੀਆਂ-ਗੁਰਦਾਸਪੁਰ ਮੁੱਖ ਮਾਰਗ ਤੇ ਸਥਿਤ ਪੁਰਾਣਾ ਸ਼ਾਲਾ ਚੌਕ ਪਹੁੰਚਿਆ, ਜਿੱਥੇ ਪ੍ਰਦਰਸ਼ਨਕਾਰੀਆਂ ਨੇ ਕਰੀਬ ਇੱਕ ਘੰਟਾ ਤੱਕ ਧਰਨਾ ਦਿੱਤਾ। ਮਾਝਾ ਸੰਘਰਸ਼ ਕਮੇਟੀ ਦੀ ਪ੍ਰਧਾਨ ਬੀਬੀ ਦਵਿੰਦਰ ਕੌਰ ਅਤੇ ਤਜਿੰਦਰ ਦੀ ਭੈਣ ਕਰਮਪ੍ਰੀਤ ਕੌਰ ਨੇ ਕਿਹਾ ਕਿ ਭਾਵੇਂ ਤਜਿੰਦਰ ਦੀ ਅੰਤਿਮ ਅਰਦਾਸ ਦੀਆਂ ਰਸਮਾਂ ਸੰਪੰਨ ਹੋ ਗਈਆਂ ਹਨ ਪਰ ਤਜਿੰਦਰ ਨੂੰ ਇਨਸਾਫ਼ ਦਿਲਾਉਣ ਦੀ ਅਸਲੀ ਲੜਾਈ ਅੱਜ ਤੋਂ ਸ਼ੁਰੂ ਹੋ ਗਈ ਹੈ। ਬੀਬੀ ਦਵਿੰਦਰ ਕੌਰ ਨੇ ਦਾਅਵਾ ਕੀਤਾ ਕਿ ਮਾਮਲੇ ਦੀ ਜਾਂਚ ਲਈ ਬਣਾਈ ਗਈ ਐੱਸਆਈਟੀ ਵੱਲੋਂ ਕਰੀਬ ਇੱਕ ਹਫ਼ਤਾ ਬੀਤਣ ਦੇ ਬਾਵਜੂਦ ਜਾਂਚ ਵਿੱਚ ਸਾਹਮਣੇ ਆਏ ਤੱਥਾਂ ਬਾਰੇ ਨਾ ਤਾਂ ਪਰਿਵਾਰ ਨੂੰ ਤਸੱਲੀਬਖ਼ਸ਼ ਜਾਣਕਾਰੀ ਦਿੱਤੀ ਗਈ ਹੈ ਅਤੇ ਨਾ ਹੀ ਉਨ੍ਹਾਂ ਨੂੰ ਸਾਰਵਜਨਿਕ ਕੀਤਾ ਗਿਆ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਿਆ ਅਤੇ ਮਾਮਲੇ ਦਾ ਪੂਰਾ ਸੱਚ ਸਾਹਮਣੇ ਨਹੀਂ ਲਿਆਂਦਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਦਾ ਦਾਇਰਾ ਹੋਰ ਵੱਡਾ ਕੀਤਾ ਜਾਵੇਗਾ। ਦਲ ਖਾਲਸਾ ਦੇ ਜ਼ਿਲ੍ਹਾ ਗੁਰਦਾਸਪੁਰ ਪ੍ਰਧਾਨ ਭਾਈ ਦਿਲਬਾਗ ਸਿੰਘ ਨੇ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਪੁਲਿਸ ਇਸ ਭਰਮ ਵਿੱਚ ਨਾ ਰਹੇ ਕਿ ਅੰਤਿਮ ਅਰਦਾਸ ਤੋਂ ਬਾਅਦ ਤਜਿੰਦਰ ਮਾਮਲਾ ਠੰਡਾ ਪੈ ਜਾਵੇਗਾ। ਉਨ੍ਹਾਂ ਕਿਹਾ ਕਿ ਵੱਖ-ਵੱਖ ਜਥੇਬੰਦੀਆਂ ਪਰਿਵਾਰ ਦੇ ਨਾਲ ਖੜ੍ਹੇ ਹਨ ਅਤੇ ਮਾਮਲੇ ਦਾ ਪੂਰਾ ਸੱਚ ਸਾਹਮਣੇ ਆਉਣ ਤੱਕ ਸੰਘਰਸ਼ ਜਾਰੀ ਰਹੇਗਾ। ਕੈਂਡਲ ਮਾਰਚ ਵਿੱਚ ਪੱਗੜੀ ਸੰਭਾਲ ਜੱਟਾ ਲਹਿਰ ਦੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਚੀਮਾ, ਸਰਬਜੀਤ ਸਿੰਘ ਲਾਲੀਆ, ਗੁਰਪ੍ਰਤਾਪ ਸਿੰਘ, ਏਕਤਾ ਉਗਰਾਹਾਂ ਦੇ ਪ੍ਰਧਾਨ ਦਲੀਪ ਸਿੰਘ, ਮਾਝਾ ਸੰਘਰਸ਼ ਕਮੇਟੀ ਦੀ ਪ੍ਰਧਾਨ ਬੀਬੀ ਦਵਿੰਦਰ ਕੌਰ, ਸਤਨਾਮ ਸਿੰਘ ਬਾਗੜੀਆਂ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਨੇਤਾ ਡਾ. ਦਲਜੀਤ ਸਿੰਘ, ਸਤਨਾਮ ਸਿੰਘ ਮੀਲਮਾ, ਸਤਨਾਮ ਸਿੰਘ ਬਾਗੜੀਆਂ, ਪੰਥ ਅਕਾਲੀ ਗੁਰੂ ਨਾਨਕ ਦਲ ਬਾਬਾ ਸਿੰਘ, ਬਾਬਾ ਜਗਜੀਤ ਸਿੰਘ ਆਦਿ ਮੌਜੂਦ ਸਨ। ਪਰਿਵਾਰ ਅਤੇ ਜਥੇਬੰਦੀਆਂ ਨੇ ਘੋਸ਼ਣਾ ਕੀਤੀ ਕਿ ਮਾਮਲੇ ਦਾ ਪੂਰਾ ਸੱਚ ਸਾਹਮਣੇ ਆਉਣ ਅਤੇ ਕਾਨੂੰਨ ਅਨੁਸਾਰ ਇਨਸਾਫ਼ ਮਿਲਣ ਤੱਕ ਉਨ੍ਹਾਂ ਦੀ ਲੜਾਈ ਜਾਰੀ ਰਹੇਗੀ। --ਇਹ ਹੈ ਮਾਮਲਾ- ਦੱਸ ਦੇਈਏ ਕਿ ਪਿੰਡ ਭੂਸ ਵਿੱਚ ਤਜਿੰਦਰ ਸਿੰਘ 18 ਸਤੰਬਰ ਨੂੰ ਗੰਭੀਰ ਹਾਲਤ ਵਿੱਚ ਮਿਲਿਆ ਸੀ, ਜਿਸ ਦੀ ਇਲਾਜ ਦੌਰਾਨ ਦਸ ਦਿਨ ਬਾਅਦ ਮੌਤ ਹੋ ਗਈ ਸੀ। ਪੀੜਤ ਪਰਿਵਾਰ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਰੋਸ ਤੋਂ ਬਾਅਦ ਪੁਲਿਸ ਨੇ ਤਜਿੰਦਰ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਉਸ ਦੀ ਪ੍ਰੇਮਿਕਾ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਜੋ ਇਸ ਸਮੇਂ ਜਿਊਡੀਸ਼ੀਅਲ ਰਿਮਾਂਡ ਤੇ ਚੱਲ ਰਹੀ ਹੈ। ਉੱਥੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਜਦੋਂ ਤੱਕ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਲਿਆ ਜਾਂਦਾ, ਉਹ ਤਜਿੰਦਰ ਸਿੰਘ ਦਾ ਸਸਕਾਰ ਨਹੀਂ ਕਰਨਗੇ। ਹਾਲਾਂਕਿ ਬੀਤੇ ਵੀਰਵਾਰ ਨੂੰ ਪਰਿਵਾਰ ਵੱਲੋਂ ਤਜਿੰਦਰ ਦਾ ਸਸਕਾਰ ਕਰ ਦਿੱਤਾ ਗਿਆ ਸੀ। ਮ੍ਰਿਤਕ ਦੀ ਮਾਂ ਨਰਿੰਦਰ ਕੌਰ ਨੇ ਦਾਅਵਾ ਕੀਤਾ ਸੀ ਕਿ ਘਟਨਾ ਤੋਂ ਕੁਝ ਦਿਨ ਪਹਿਲਾਂ ਕੁਝ ਨੌਜਵਾਨਾਂ ਨੇ ਤਜਿੰਦਰ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਧਮਕੀ ਦਿੱਤੀ ਸੀ। ਪਰਿਵਾਰ ਨੇ ਮੰਗ ਕੀਤੀ ਕਿ ਪੁਲਿਸ ਇਸ ਕਥਿਤ ਧਮਕੀ ਅਤੇ ਇਸ ਨਾਲ ਜੁੜੇ ਸੋਸ਼ਲ ਮੀਡੀਆ ਰਿਕਾਰਡ ਦੀ ਵੀ ਜਾਂਚ ਕੀਤੀ ਜਾਵੇ। ਪਰਿਵਾਰ ਦਾ ਕਹਿਣਾ ਹੈ ਕਿ ਧਮਕੀ ਦੇਣ ਵਾਲਿਆਂ ਦੀ ਪਛਾਣ ਸੋਸ਼ਲ ਮੀਡੀਆ ਅਕਾਊਂਟ ਅਤੇ ਮੋਬਾਈਲ ਰਿਕਾਰਡ ਤੋਂ ਹੋ ਸਕਦੀ ਹੈ। ਪਰਿਵਾਰ ਦੇ ਮੁਤਾਬਕ ਘਟਨਾ ਤੋਂ ਕਰੀਬ ਦੋ ਦਿਨ ਪਹਿਲਾਂ ਤਜਿੰਦਰ ਅਤੇ ਉਸ ਦੀ ਪ੍ਰੇਮਿਕਾ ਵਿਚਕਾਰ ਇੱਕ ਹੋਟਲ ਵਿੱਚ ਤਕਰਾਰ ਹੋਈ ਸੀ, ਜਿੱਥੇ ਉਸ ਦਾ ਮੋਬਾਈਲ ਤੋੜੇ ਜਾਣ ਦੀ ਗੱਲ ਵੀ ਕਹੀ ਗਈ। ਬਾਅਦ ਵਿੱਚ ਚੱਕ ਸ਼ਰੀਫ਼ ਬਾਜ਼ਾਰ ਵਿੱਚ ਗਿਫ਼ਟ ਵਾਪਸ ਕਰਨ ਦੌਰਾਨ ਵੀ ਦੋਵਾਂ ਵਿਚਕਾਰ ਝਗੜਾ ਹੋਇਆ ਸੀ। ਉਥੇ ਪੁਲਿਸ ਨੇ ਮਾਮਲੇ ਵਿੱਚ ਤਿੰਨ ਮੈਂਬਰੀ ਐੱਸਆਈਟੀ ਬਣਾਈ ਹੋਈ ਹੈ ਜੋ ਫਿਲਹਾਲ ਜਾਂਚ ਕਰ ਰਹੀ ਹੈ।