- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਜਿੰਦਰ ਸਿੰਘ ਕਤਲ ਮਾਮਲਾ: ਅੰਤਿਮ ਸਸਕਾਰ ਤੋਂ ਬਾਅਦ ਹੁਣ ਮੋਟਰਸਾਈਕਲ ਦਾ ਸਾਈਲੈਂਸਰ ਸਵਾਲਾਂ ਦੇ ਘੇਰੇ ’ਚ

ਆਕਾਸ਼, ਪੰਜਾਬੀ ਜਾਗਰਣ
ਗੁਰਦਾਸਪੁਰ : ਤਜਿੰਦਰ ਸਿੰਘ ਦੇ ਕਤਲ ਮਾਮਲੇ ਵਿੱਚ ਉਸ ਦੇ ਅੰਤਿਮ ਸਸਕਾਰ ਤੋਂ ਬਾਅਦ ਹੁਣ ਮੋਟਰਸਾਈਕਲ ਦਾ ਸਾਈਲੈਂਸਰ ਸਵਾਲਾਂ ਦੇ ਘੇਰੇ ’ਚ ਆ ਗਿਆ ਹੈ। ਪੀੜਤ ਪਰਿਵਾਰ ਤੇ ਮਾਝਾ ਸੰਘਰਸ਼ ਕਮੇਟੀ ਦੀ ਬੀਬੀ ਦਵਿੰਦਰ ਕੌਰ ਨੇ ਦਾਅਵਾ ਕੀਤਾ ਕਿ ਸਸਕਾਰ ਤੋਂ ਬਾਅਦ ਦੇਰ ਸ਼ਾਮ ਉਨ੍ਹਾਂ ਨੂੰ ਪਤਾ ਲੱਗਾ ਕਿ ਪੁਲਿਸ ਕਸਟਡੀ ਵਿੱਚ ਪਏ ਤਜਿੰਦਰ ਦੇ ਮੋਟਰਸਾਈਕਲ ਦਾ ਸਾਈਲੈਂਸਰ ਟੁੱਟਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਘਟਨਾ ਦੇ ਤੁਰੰਤ ਬਾਅਦ ਦੀਆਂ ਉਨ੍ਹਾਂ ਕੋਲ ਮੌਜੂਦ ਤਿੰਨ ਵੱਖ-ਵੱਖ ਤਸਵੀਰਾਂ ਅਤੇ ਵੀਡੀਓ ਵਿੱਚ ਸਾਈਲੈਂਸਰ 'ਤੇ ਕੋਈ ਵੱਡਾ ਨੁਕਸਾਨ ਨਜ਼ਰ ਨਹੀਂ ਆਉਂਦਾ। ਪਰਿਵਾਰ ਦੇ ਮੁਤਾਬਕ ਬਾਅਦ ਵਿੱਚ ਕਾਹਨੂੰਵਾਨ ਪੁਲਿਸ ਵੱਲੋਂ ਸਾਈਲੈਂਸਰ 'ਤੇ ਖੁਰਚਣ ਦੇ ਨਿਸ਼ਾਨ ਹੋਣ ਦੀ ਗੱਲ ਕਹੀ ਗਈ ਸੀ। ਹੁਣ ਸਾਈਲੈਂਸਰ ਅਲੱਗ ਹੋਣ ਨੂੰ ਲੈ ਕੇ ਪਰਿਵਾਰ ਨੇ ਸਵਾਲ ਉਠਾਉਂਦਿਆਂ ਮਾਮਲੇ ਦੀ ਪੂਰੀ ਸਥਿਤੀ ਸਪੱਸ਼ਟ ਕਰਨ ਦੀ ਮੰਗ ਕੀਤੀ ਹੈ। ਦੂਜੇ ਪਾਸੇ ਇਸ ਸਬੰਧ ਵਿੱਚ ਥਾਣਾ ਕਾਹਨੂੰਵਾਨ ਦੇ ਐੱਸਐੱਚਓ ਕੁਲਦੀਪ ਸਿੰਘ ਨੇ ਕਿਹਾ ਕਿ ਇਸ ਦੀ ਜਾਣਕਾਰੀ ਸਿਟ ਦੇ ਅਧਿਕਾਰੀ ਹੀ ਦੇ ਸਕਦੇ ਹਨ।
ਐੱਸਆਈਟੀ ਦੇ ਅਧਿਕਾਰੀ ਐੱਸਪੀ ਮਨੋਜ ਠਾਕੁਰ ਨੇ ਪਰਿਵਾਰ ਵੱਲੋਂ ਲਾਏ ਜਾ ਰਹੇ ਇਲਜ਼ਾਮਾਂ 'ਤੇ ਵੱਖਰਾ ਪੱਖ ਰੱਖਦਿਆਂ ਕਿਹਾ ਕਿ ਮੋਟਰਸਾਈਕਲ ਦਾ ਸਾਈਲੈਂਸਰ ਤੋੜਨ ਵਾਲੀ ਕੋਈ ਗੱਲ ਨਹੀਂ ਹੈ। ਜਾਂਚ ਟੀਮ ਵੱਲੋਂ ਸਾਈਲੈਂਸਰ ਨੂੰ ਖੋਲ੍ਹ ਕੇ ਫੋਰੈਂਸਿਕ ਜਾਂਚ ਲਈ ਭੇਜਿਆ ਹੈ। ਹੁਣ ਅਹਿਮ ਸਵਾਲ ਇਹ ਹੈ ਕਿ ਫੋਰੈਂਸਿਕ ਜਾਂਚ ਤੋਂ ਬਾਅਦ ਸਾਈਲੈਂਸਰ ਅਤੇ ਮੋਟਰਸਾਈਕਲ ਸਬੰਧੀ ਕੀ ਤੱਥ ਸਾਹਮਣੇ ਆਉਂਦੇ ਹਨ, ਕਿਉਂਕਿ ਇੱਕ ਪਾਸੇ ਪਰਿਵਾਰ ਆਪਣੇ ਕੋਲ ਘਟਨਾ ਤੋਂ ਬਾਅਦ ਦੀਆਂ ਤਸਵੀਰਾਂ ਅਤੇ ਵੀਡੀਓ ਹੋਣ ਦਾ ਦਾਅਵਾ ਕਰ ਰਿਹਾ ਹੈ, ਜਦਕਿ ਦੂਜੇ ਪਾਸੇ ਐੱਸਆਈਟੀ ਸਪੱਸ਼ਟ ਕਰ ਰਹੀ ਹੈ ਕਿ ਸਾਈਲੈਂਸਰ ਨੂੰ ਨੁਕਸਾਨ ਨਹੀਂ ਪਹੁੰਚਾਇਆ ਗਿਆ ਸਗੋਂ ਜਾਂਚ ਲਈ ਖੋਲ੍ਹਿਆ ਗਿਆ ਹੈ।
--ਇਹ ਹੈ ਮਾਮਲਾ--
ਜਾਣਕਾਰੀ ਅਨੁਸਾਰ ਪਿੰਡ ਭੂਸ ਵਿੱਚ ਤਜਿੰਦਰ ਸਿੰਘ 18 ਸਤੰਬਰ ਨੂੰ ਗੰਭੀਰ ਹਾਲਤ ਵਿੱਚ ਮਿਲਿਆ ਸੀ ਜਿਸ ਦੀ ਇਲਾਜ ਦੌਰਾਨ ਦਸ ਦਿਨ ਬਾਅਦ ਮੌਤ ਹੋ ਗਈ ਸੀ। ਪੀੜਤ ਪਰਿਵਾਰ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਰੋਸ ਤੋਂ ਬਾਅਦ ਪੁਲਿਸ ਨੇ ਤਜਿੰਦਰ ਸਿੰਘ ਦੀ ਹੱਤਿਆ ਦੇ ਮਾਮਲੇ ਵਿੱਚ ਉਸ ਦੀ ਪ੍ਰੇਮਿਕਾ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਜੋ ਪੁਲਿਸ ਰਿਮਾਂਡ 'ਤੇ ਚੱਲ ਰਹੀ ਹੈ। ਦੂਜੇ ਪਾਸੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਜਦ ਤੱਕ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਲਿਆ ਜਾਂਦਾ, ਉਹ ਤਜਿੰਦਰ ਸਿੰਘ ਦਾ ਸਸਕਾਰ ਨਹੀਂ ਕਰਨਗੇ। ਹਾਲਾਂਕਿ ਵੀਰਵਾਰ ਨੂੰ ਪਰਿਵਾਰ ਵੱਲੋਂ ਤਜਿੰਦਰ ਦਾ ਸਸਕਾਰ ਕਰ ਦਿੱਤਾ ਗਿਆ ਸੀ। ਮ੍ਰਿਤਕ ਦੀ ਮਾਂ ਨਰਿੰਦਰ ਕੌਰ ਨੇ ਦਾਅਵਾ ਕੀਤਾ ਸੀ ਕਿ ਘਟਨਾ ਤੋਂ ਕੁਝ ਦਿਨ ਪਹਿਲਾਂ ਕੁਝ ਨੌਜਵਾਨਾਂ ਨੇ ਤਜਿੰਦਰ ਨੂੰ ਸੋਸ਼ਲ ਮੀਡੀਆ ਰਾਹੀਂ ਧਮਕੀ ਦਿੱਤੀ ਸੀ। ਪਰਿਵਾਰ ਨੇ ਮੰਗ ਕੀਤੀ ਕਿ ਪੁਲਿਸ ਇਸ ਕਥਿਤ ਧਮਕੀ ਅਤੇ ਇਸ ਨਾਲ ਜੁੜੇ ਸੋਸ਼ਲ ਮੀਡੀਆ ਰਿਕਾਰਡ ਦੀ ਵੀ ਜਾਂਚ ਕਰੇ। ਪਰਿਵਾਰ ਦਾ ਕਹਿਣਾ ਹੈ ਕਿ ਧਮਕੀ ਦੇਣ ਵਾਲਿਆਂ ਦੀ ਪਛਾਣ ਸੋਸ਼ਲ ਮੀਡੀਆ ਅਕਾਊਂਟ ਅਤੇ ਮੋਬਾਈਲ ਰਿਕਾਰਡ ਤੋਂ ਹੋ ਸਕਦੀ ਹੈ। ਪਰਿਵਾਰ ਦੇ ਮੁਤਾਬਕ ਘਟਨਾ ਤੋਂ ਕਰੀਬ ਦੋ ਦਿਨ ਪਹਿਲਾਂ ਤਜਿੰਦਰ ਅਤੇ ਉਸ ਦੀ ਪ੍ਰੇਮਿਕਾ ਵਿਚਕਾਰ ਇੱਕ ਹੋਟਲ ਵਿੱਚ ਤਕਰਾਰ ਹੋਈ ਸੀ, ਜਿੱਥੇ ਉਸ ਦਾ ਮੋਬਾਈਲ ਤੋੜੇ ਜਾਣ ਦੀ ਗੱਲ ਵੀ ਕਹੀ ਗਈ। ਬਾਅਦ ਵਿੱਚ ਚੱਕ ਸ਼ਰੀਫ਼ ਬਾਜ਼ਾਰ ਵਿੱਚ ਗਿਫ਼ਟ ਵਾਪਸ ਕਰਨ ਦੌਰਾਨ ਵੀ ਦੋਵਾਂ ਵਿਚਕਾਰ ਝਗੜਾ ਹੋਇਆ ਸੀ। ਪੁਲਿਸ ਨੇ ਮਾਮਲੇ ਵਿੱਚ ਤਿੰਨ ਮੈਂਬਰੀ ਸਿਟ ਗਠਿਤ ਕਰ ਰੱਖੀ ਹੈ, ਜੋ ਫਿਲਹਾਲ ਜਾਂਚ ਕਰ ਰਹੀ ਹੈ।