ਗੁਰੂ ਨਾਨਕ ਕਾਲਜ ਬਟਾਲਾ ਵਿਖੇ ‘ਸ਼ਬਦ’ ਮੈਗਜ਼ੀਨ ਦਾ ‘ਸੁਰਿੰਦਰ ਗੀਤ ਵਿਸ਼ੇਸ਼ ਅੰਕ’ ਰਿਲੀਜ਼ ਗੁਰੂ ਨਾਨਕ ਕਾਲਜ ਬਟਾਲਾ ਵਿਖੇ ‘ਸ਼ਬਦ’ ਮੈਗਜ਼ੀਨ ਦਾ ‘ਸੁਰਿੰਦਰ ਗੀਤ ਵਿਸ਼ੇਸ਼ ਅੰਕ’ ਰਿਲੀਜ਼
Publish Date: Thu, 10 Sep 2026 03:46 PM (IST)
Updated Date: Thu, 10 Sep 2026 03:49 PM (IST)
ਸੁਖਦੇਵ ਸਿੰਘ, ਪੰਜਾਬੀ ਜਾਗਰਣ ਬਟਾਲਾ: ਗੁਰੂ ਨਾਨਕ ਕਾਲਜ ਬਟਾਲਾ ਵਿਖੇ ਪ੍ਰਿੰਸੀਪਲ ਡਾ. ਚਰਨਜੀਤ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਵਿਸ਼ੇਸ਼ ਸਾਹਿਤਕ ਤੇ ਅਕਾਦਮਿਕ ਸਮਾਗਮ ਦੌਰਾਨ ਪੰਜਾਬੀ ਦੀ ਪ੍ਰਸਿੱਧ ਪਰਵਾਸੀ ਲੇਖਿਕਾ ਸੁਰਿੰਦਰ ਗੀਤ ਦੀ ਸਾਹਿਤਕ ਦੇਣ ਨੂੰ ਸਮਰਪਿਤ ‘ਸ਼ਬਦ’ ਮੈਗਜ਼ੀਨ ਦਾ ‘ਸੁਰਿੰਦਰ ਗੀਤ ਵਿਸ਼ੇਸ਼ ਅੰਕ 47’ ਰਸਮੀ ਤੌਰ ’ਤੇ ਰਿਲੀਜ਼ ਕੀਤਾ ਗਿਆ। ਇਸ ਮੌਕੇ ਪੰਜਾਬੀ ਸਾਹਿਤ ਵਿੱਚ ਸੁਰਿੰਦਰ ਗੀਤ ਦੀ ਰਚਨਾਤਮਕ ਭੂਮਿਕਾ, ਪਰਵਾਸੀ ਜੀਵਨ ਦੇ ਯਥਾਰਥ ਅਤੇ ਉਨ੍ਹਾਂ ਦੀਆਂ ਰਚਨਾਵਾਂ ਵਿੱਚ ਪ੍ਰਗਟ ਹੁੰਦੇ ਸਮਾਜਿਕ ਸਰੋਕਾਰਾਂ ਸਬੰਧੀ ਵਿਸਥਾਰਪੂਰਵਕ ਵਿਚਾਰ-ਚਰਚਾ ਹੋਈ। ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਬੀਰ ਸਿੰਘ, ਪ੍ਰੋ. ਨਵਤੇਜ ਕੌਰ, ਡਾ. ਮਨਦੀਪ ਕੌਰ, ਪ੍ਰੋ. ਅੰਮ੍ਰਿਤਪਾਲ ਸਿੰਘ ਅਤੇ ਡਾ. ਹਰਮੀਤ ਕੌਰ ਨੇ ਵਿਸ਼ੇਸ਼ ਅੰਕ ਵਿੱਚ ਪ੍ਰਕਾਸ਼ਿਤ ਖੋਜ-ਪੱਤਰਾਂ, ਮੁਲਾਕਾਤਾਂ ਅਤੇ ਆਲੋਚਨਾਤਮਕ ਲੇਖਾਂ ਦੇ ਹਵਾਲੇ ਨਾਲ ਸੁਰਿੰਦਰ ਗੀਤ ਦੀ ਰਚਨਾਕਾਰੀ ਦੇ ਵੱਖ-ਵੱਖ ਪੱਖਾਂ ’ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਬੁਲਾਰਿਆਂ ਨੇ ਕਿਹਾ ਕਿ ਸੁਰਿੰਦਰ ਗੀਤ ਦੀ ਸਾਹਿਤਕ ਸਿਰਜਣਾ ਪਰਵਾਸੀ ਜੀਵਨ ਦੇ ਬਾਹਰੀ ਦ੍ਰਿਸ਼ਾਂ ਤੱਕ ਸੀਮਤ ਨਹੀਂ, ਸਗੋਂ ਇਸ ਵਿੱਚ ਪਰਵਾਸੀ ਮਨ ਦੀ ਅੰਦਰੂਨੀ ਪੀੜ, ਇਕੱਲਤਾ, ਪਛਾਣ ਦਾ ਸੰਕਟ, ਨਸਲੀ ਵਿਤਕਰੇ ਅਤੇ ਜਨਮ-ਭੂਮੀ ਨਾਲ ਜੁੜੇ ਮੋਹ ਦੀ ਡੂੰਘੀ ਅਭਿਵਿਅਕਤੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਲੇਖਿਕਾ ਦੀਆਂ ਰਚਨਾਵਾਂ ਵਿੱਚ ਪੰਜਾਬ ਦੀ ਮਿੱਟੀ ਦੀ ਮਹਿਕ ਅਤੇ ਪਰਵਾਸੀ ਧਰਤੀ ਦੇ ਜੀਵਨ-ਅਨੁਭਵ ਦਾ ਸੁੰਦਰ ਸੁਮੇਲ ਦਿਖਾਈ ਦਿੰਦਾ ਹੈ। ਵਕਤਿਆਂ ਨੇ ਕਿਹਾ ਕਿ ਸੁਰਿੰਦਰ ਗੀਤ ਦੀ ਕਲਮ ਸਮਾਜ ਦੇ ਹਾਸ਼ੀਏ ’ਤੇ ਧੱਕੇ ਲੋਕਾਂ ਦੀ ਆਵਾਜ਼ ਬਣ ਕੇ ਉੱਭਰਦੀ ਹੈ। ਕਿਰਤੀ, ਕਿਸਾਨ, ਮਜ਼ਦੂਰ, ਔਰਤ ਅਤੇ ਆਮ ਮਨੁੱਖ ਦੇ ਦੁੱਖ-ਦਰਦ, ਸੰਘਰਸ਼ ਅਤੇ ਅਧਿਕਾਰਾਂ ਨੂੰ ਉਨ੍ਹਾਂ ਨੇ ਆਪਣੀਆਂ ਰਚਨਾਵਾਂ ਵਿੱਚ ਸੰਵੇਦਨਸ਼ੀਲਤਾ ਨਾਲ ਪੇਸ਼ ਕੀਤਾ ਹੈ। ਉਨ੍ਹਾਂ ਦੀ ਸ਼ਾਇਰੀ ਵਿੱਚ ਸਮਾਜਿਕ ਨਾਬਰਾਬਰੀ, ਧਾਰਮਿਕ ਕੱਟੜਤਾ, ਅਨਿਆਂ ਅਤੇ ਮਨੁੱਖੀ ਬੇਹੁਰਮਤੀ ਵਿਰੁੱਧ ਪ੍ਰਤੀਰੋਧੀ ਚੇਤਨਾ ਵੀ ਸਪਸ਼ਟ ਰੂਪ ਵਿੱਚ ਨਜ਼ਰ ਆਉਂਦੀ ਹੈ। ਬੁਲਾਰਿਆਂ ਨੇ ਉਨ੍ਹਾਂ ਦੀਆਂ ਕਹਾਣੀਆਂ ‘ਕੈਨੇਡਾ ਦੀ ਟਿਕਟ’, ‘ਧੀ ਦਾ ਕਰਜ਼’, ‘ਰੰਗਾਂ ਦੀ ਖੇਡ’ ਅਤੇ ‘ਤੋਹਫ਼ਾ’ ਅਤੇ ਕਵਿਤਾਵਾਂ ਦੀਆਂ ਕਿਤਾਬਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਲੇਖਿਕਾ ਨੇ ਰਿਸ਼ਤਿਆਂ ਦੀ ਜਟਿਲਤਾ, ਜਾਤ-ਪਾਤ, ਆਰਥਿਕ ਅਸਮਾਨਤਾ ਅਤੇ ਪਰਵਾਸ ਦੀ ਲਾਲਸਾ ਵਰਗੇ ਗੰਭੀਰ ਸਮਾਜਿਕ ਮਸਲਿਆਂ ਨੂੰ ਆਪਣੀਆਂ ਰਚਨਾਵਾਂ ਵਿੱਚ ਬੜੀ ਬਾਰੀਕੀ ਨਾਲ ਪੇਸ਼ ਕੀਤਾ ਹੈ। ਉਨ੍ਹਾਂ ਦੀ ਰਚਨਾ ਨਿੱਜੀ ਅਨੁਭਵ ਨੂੰ ਸਮੂਹਿਕ ਚੇਤਨਾ ਨਾਲ ਜੋੜਦੀ ਹੋਈ ਮਨੁੱਖੀ ਮੁਕਤੀ ਅਤੇ ਬਿਹਤਰ ਸਮਾਜ ਦੀ ਕਾਮਨਾ ਨੂੰ ਆਵਾਜ਼ ਦਿੰਦੀ ਹੈ। ਸਮਾਗਮ ਦੇ ਅੰਤ ਵਿੱਚ ਬੁਲਾਰਿਆਂ ਨੇ ਕਿਹਾ ਕਿ ‘ਸ਼ਬਦ’ ਮੈਗਜ਼ੀਨ ਦਾ ਇਹ ਵਿਸ਼ੇਸ਼ ਅੰਕ ਸੁਰਿੰਦਰ ਗੀਤ ਦੇ ਸਾਹਿਤ ਨੂੰ ਸਮਝਣ ਲਈ ਪਾਠਕਾਂ, ਸਾਹਿਤ-ਪ੍ਰੇਮੀਆਂ ਅਤੇ ਖੋਜਾਰਥੀਆਂ ਲਈ ਮਹੱਤਵਪੂਰਨ ਸਮੱਗਰੀ ਮੁਹੱਈਆ ਕਰਵਾਉਂਦਾ ਹੈ ਅਤੇ ਪੰਜਾਬੀ ਪਰਵਾਸੀ ਸਾਹਿਤ ਦੇ ਅਧਿਐਨ ਵਿੱਚ ਵੀ ਸਾਰਥਕ ਯੋਗਦਾਨ ਪਾਵੇਗਾ। ਇਸ ਮੌਕੇ ਜਸਪਾਲ ਸਿੰਘ, ਪ੍ਰੋ. ਸਹਿਬਾਜਦੀਪ ਸਿੰਘ, ਪ੍ਰੋ. ਕੰਵਲਜੀਤ ਕੌਰ, ਪ੍ਰੋ. ਮਨਮੀਤ ਕੌਰ , ਪ੍ਰੋ. ਨਵਦੀਪ ਕੌਰ, ਪ੍ਰੋ. ਅਮਨਦੀਪ ਕੌਰ ਅਤੇ ਪ੍ਰੋ. ਪਲਕਪ੍ਰੀਤ ਕੌਰ ਹਾਜ਼ਰ ਸਨ ।