- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਾਂਤ ਪੱਧਰੀ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਸੁਖਜਿੰਦਰ ਸਕੂਲ ਦੇ ਵਿਦਿਆਰਥੀਆਂ ਨੇ ਜਿੱਤੇ ਗੋਲਡ ਮੈਡਲ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਗੁਰਦਾਸਪੁਰ : ਸੁਖਜਿੰਦਰ ਮੈਮੋਰੀਅਲ ਪਬਲਿਕ ਸਕੂਲ, ਬਬਰੀ ਗੁਰਦਾਸਪੁਰ ਦੇ ਵਿਦਿਆਰਥੀਆਂ ਨੇ ਕਰਾਟੇ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪ੍ਰਾਂਤ ਪੱਧਰੀ ‘ਖੇਡਾਂ ਵਤਨ ਪੰਜਾਬ ਦੀਆਂ’ ਅੰਡਰ-17 ਮੁਕਾਬਲਿਆਂ ਵਿੱਚ ਆਪਣੀ ਖੇਡ ਪ੍ਰਤਿਭਾ ਦਾ ਲੋਹਾ ਮਨਵਾਇਆ। ਐੱਸਏਐੱਸ ਨਗਰ (ਮੋਹਾਲੀ) ਵਿਖੇ ਹੋਏ ਇਨ੍ਹਾਂ ਮੁਕਾਬਲਿਆਂ ਵਿੱਚ ਸਕੂਲ ਦੇ ਵਿਦਿਆਰਥੀ ਜੈਦੀਪ ਸਿੰਘ ਨੇ ਗੋਲਡ ਮੈਡਲ ਅਤੇ ਜਸਦੀਪ ਸਿੰਘ ਨੇ ਸਿਲਵਰ ਮੈਡਲ ਜਿੱਤ ਕੇ ਸਕੂਲ, ਜ਼ਿਲ੍ਹੇ ਤੇ ਇਲਾਕੇ ਦਾ ਮਾਣ ਵਧਾਇਆ। ਜੈਦੀਪ ਸਿੰਘ ਨੇ ਅੰਡਰ-17 ਵਰਗ ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ ਅਤੇ 10 ਹਜ਼ਾਰ ਦਾ ਨਕਦ ਇਨਾਮ ਜਿੱਤਿਆ। ਇਸੇ ਤਰ੍ਹਾਂ ਜਸਦੀਪ ਸਿੰਘ ਨੇ ਆਪਣੀ ਖੇਡ ਕਲਾ, ਮਿਹਨਤ ਅਤੇ ਦ੍ਰਿੜ੍ਹਤਾ ਦਾ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਹਾਸਲ ਕੀਤਾ ਅਤੇ 7 ਹਜ਼ਾਰ ਦਾ ਨਕਦ ਇਨਾਮ ਆਪਣੇ ਨਾਮ ਕੀਤਾ। ਇਸ ਮੌਕੇ ਸਕੂਲ ਦੀ ਚੇਅਰਪਰਸਨ ਦਲਜੀਤ ਕੌਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਬੱਚਿਆਂ ਵਿੱਚ ਅਨੁਸ਼ਾਸਨ, ਆਤਮ-ਵਿਸ਼ਵਾਸ, ਸਹਿਣਸ਼ੀਲਤਾ ਅਤੇ ਮਿਹਨਤ ਦੀ ਭਾਵਨਾ ਪੈਦਾ ਕਰਦੀਆਂ ਹਨ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਜੈਦੀਪ ਸਿੰਘ ਨੇ ਕਿਹਾ ਕਿ ਸਕੂਲ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਅੱਗੇ ਵਧਣ ਲਈ ਉਚਿਤ ਮੌਕੇ ਅਤੇ ਪ੍ਰੇਰਣਾ ਪ੍ਰਦਾਨ ਕਰਦਾ ਹੈ। ਸਕੂਲ ਦੇ ਪ੍ਰਿੰਸੀਪਲ ਜਤਿੰਦਰ ਸ਼ਰਮਾ ਨੇ ਵਿਦਿਆਰਥੀਆਂ ਦੀ ਇਸ ਸਫਲਤਾ ’ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਜੈਦੀਪ ਸਿੰਘ ਅਤੇ ਜਸਦੀਪ ਸਿੰਘ ਨੇ ਆਪਣੀ ਮਿਹਨਤ ਅਤੇ ਖੇਡ ਪ੍ਰਤਿਭਾ ਨਾਲ ਸਕੂਲ ਦਾ ਨਾਮ ਉੱਚਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਕੂਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਖੇਡਾਂ ਨੂੰ ਵਿਸ਼ੇਸ਼ ਮਹੱਤਵ ਦਿੰਦਾ ਹੈ ਅਤੇ ਅਜਿਹੀਆਂ ਪ੍ਰਾਪਤੀਆਂ ਵਿਦਿਆਰਥੀਆਂ ਨੂੰ ਹੋਰ ਵੱਡੇ ਟੀਚੇ ਹਾਸਲ ਕਰਨ ਲਈ ਉਤਸ਼ਾਹਿਤ ਕਰਦੀਆਂ ਹਨ।