ਬਾਬਾ ਬੰਦਾ ਸਿੰਘ ਬਹਾਦਰ ਸਕੂਲ ਵਿਖੇ ਮੁਕਾਬਲਿਆਂ ਵਿੱਚੋਂ ਅੱਵਲ ਰਹੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਬਾਬਾ ਬੰਦਾ ਸਿੰਘ ਬਹਾਦਰ ਸਕੂਲ ਵਿਖੇ ਮੁਕਾਬਲਿਆਂ ਵਿੱਚੋਂ ਅੱਵਲ ਰਹੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
Publish Date: Wed, 16 Sep 2026 04:05 PM (IST)
Updated Date: Wed, 16 Sep 2026 04:08 PM (IST)
ਲਖਬੀਰ ਖੁੰਡਾ, ਪੰਜਾਬੀ ਜਾਗਰਣ ਧਾਰੀਵਾਲ: ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਧਾਰੀਵਾਲ ਵਿਖੇ ਡਾਇਰੈਕਟਰ ਅਮਰਜੀਤ ਸਿੰਘ ਚਾਹਲ, ਸਕੱਤਰ ਪਰਮਿੰਦਰ ਕੌਰ ਚਾਹਲ ਅਤੇ ਪ੍ਰਿੰਸੀਪਲ ਹਰਤਾਜ ਸਿੰਘ ਸਿੱਧੂ ਦੀ ਯੋਗ ਅਗਵਾਈ ਹੇਠ ਸਕੂਲ ਵਿਖੇ ਵਿਦਿਆਰਥੀਆਂ ਦੀ ਰਚਨਾਤਮਕਤਾ, ਕਲਾਤਮਕ ਹੁਨਰ ਅਤੇ ਵਾਤਾਵਰਨ ਪ੍ਰਤੀ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ ‘ਇੰਟਰ ਹਾਊਸ ਮੁਕਾਬਲੇ ਬਰਡ ਹਾਊਸ ਮੇਕਿੰਗ’ ਅਤੇ ‘ਬੈਸਟ ਆਫ਼ ਵੇਸਟ’ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲੈਂਦਿਆਂ ਵੱਖ-ਵੱਖ ਬੇਕਾਰ ਸਮੱਗਰੀ ਦੀ ਸੁਚੱਜੇ ਢੰਗ ਨਾਲ ਵਰਤੋਂ ਕਰਕੇ ਸੁੰਦਰ ਅਤੇ ਆਕਰਸ਼ਕ ਰਚਨਾਵਾਂ ਤਿਆਰ ਕੀਤੀਆਂ। ‘ਬਰਡ ਹਾਊਸ ਮੇਕਿੰਗ’ ਮੁਕਾਬਲੇ ਰਾਹੀਂ ਵਿਦਿਆਰਥੀਆਂ ਨੇ ਪੰਛੀਆਂ ਲਈ ਘਰ ਬਣਾਉਣ ਦਾ ਸੁਨੇਹਾ ਦਿੱਤਾ ਅਤੇ ਪੰਛੀਆਂ ਦੀ ਸੰਭਾਲ ਪ੍ਰਤੀ ਆਪਣੀ ਸੰਵੇਦਨਸ਼ੀਲਤਾ ਦਾ ਪ੍ਰਗਟਾਵਾ ਕੀਤਾ। ‘ਬੈਸਟ ਆਫ਼ ਵੇਸਟ’ ਮੁਕਾਬਲੇ ਨੇ ਵਿਦਿਆਰਥੀਆਂ ਨੂੰ “ਵੇਸਟ ਨੂੰ ਬੈਸਟ ਵਿੱਚ ਬਦਲੋ” ਦਾ ਸੰਦੇਸ਼ ਦਿੰਦਿਆਂ ਰੀਸਾਈਕਲਿੰਗ ਅਤੇ ਵਾਤਾਵਰਨ ਸੰਭਾਲ ਦੀ ਮਹੱਤਤਾ ਸਮਝਾਈ। ਵਿਦਿਆਰਥੀਆਂ ਦੀਆਂ ਰਚਨਾਵਾਂ ਨੇ ਉਨ੍ਹਾਂ ਦੀ ਕਲਪਨਾਸ਼ਕਤੀ ਅਤੇ ਨਵੀਂ ਸੋਚ ਨੂੰ ਦਰਸਾਇਆ। ਮੁਕਾਬਲੇ ਦੌਰਾਨ ਬਰਡ ਹਾਊਸ ਮੇਕਿੰਗ ਵਿੱਚ ਅਜੀਤ ਹਾਊਸ ਨੇ ਪਹਿਲਾ, ਫ਼ਤਿਹ ਹਾਊਸ ਨੇ ਦੂਜਾ ਸਥਾਨ, ਜ਼ੋਰਾਵਰ ਹਾਊਸ ਨੇ ਤੀਜਾ ਸਥਾਨ ਹਾਸਲ ਕੀਤਾ ਅਤੇ ‘ਬੈਸਟ ਆਫ਼ ਵੇਸਟ ਵਿੱਚ ਅਜੀਤ ਹਾਊਸ ਨੇ ਪਹਿਲਾ, ਫ਼ਤਿਹ ਹਾਊਸ ਨੇ ਦੂਜਾ ਸਥਾਨ ਅਤੇ ਜ਼ੋਰਾਵਰ ਹਾਊਸ ਨੇ ਤੀਜਾ ਸਥਾਨ ਹਾਸਲ ਕੀਤਾ। ਅਵੱਲ ਰਹੇ ਵਿਦਿਆਰਥੀਆਂ ਨੂੰ ਡਾਇਰੈਕਟਰ ਅਮਰਜੀਤ ਸਿੰਘ ਚਾਹਲ, ਪ੍ਰਿੰਸੀਪਲ ਹਰਤਾਜ ਸਿੰਘ ਸਿੱਧੂ ਅਤੇ ਸਮੂਹ ਸਟਾਫ਼ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।