ਰਿਆੜਕੀ ਸਕੂਲ ਨੇ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਇਤਿਹਾਸਕ ਰਾਮ ਬਾਗੇ ਸਮਾਗਮ ਦੌਰਾਨ ਕੀਰਤਨ ਕਰਦੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀ।
Publish Date: Fri, 13 Nov 2026 05:28 PM (IST)
Updated Date: Sat, 14 Nov 2026 04:03 AM (IST)
ਫੋਟੋ: 13ਬੀਟੀਐਲ09 ਇਤਿਹਾਸਕ ਰਾਮ ਬਾਗੇ ਸਮਾਗਮ ਦੌਰਾਨ ਕੀਰਤਨ ਕਰਦੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀ। ਕਸ਼ਮੀਰ ਸਿੰਘ ਸੰਧੂ, ਪੰਜਾਬੀ ਜਾਗਰਣ ਕਾਦੀਆਂ : ਰਿਆੜਕੀ ਪਬਲਿਕ ਸਕੂਲ ਵੱਲੋਂ ਇੰਟੈਕ ਅੰਮ੍ਰਿਤਸਰ ਦੇ ਸਹਿਯੋਗ ਨਾਲ ਪੰਜਾਬ ਦੇ ਮਹਾਨ ਬਾਦਸ਼ਾਹ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਹਾੜਾ ਮਹਾਰਾਜਾ ਸਾਹਿਬ ਵੱਲੋਂ ਵਸਾਏ ਇਤਿਹਾਸਕ ਰਾਮ ਬਾਗ਼ ਵਿਖੇ ਉਨ੍ਹਾਂ ਦੇ ਨਿਵਾਸ ਅਸਥਾਨ ਰਹੇ ਸਮਰ ਪੈਲੇਸ ਦੇ ਦਰਾਂ ’ਤੇ ਸ਼ਰਧਾ ਨਾਲ ਮਨਾਇਆ ਗਿਆ। ਇਹ ਸਮਾਗਮ ਪ੍ਰਸਿੱਧ ਇਤਿਹਾਸਕਾਰ ਸੁਰਿੰਦਰ ਕੋਛੜ ਤੇ ਉੱਘੇ ਪੰਜਾਬੀ ਕਵੀ ਗੁਰਭਜਨ ਗਿੱਲ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ। ਰਿਆੜਕੀ ਪਬਲਿਕ ਸਕੂਲ ਤੇ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਦੇ ਵਿਦਿਆਰਥੀਆਂ ਦੇ ਨਾਲ-ਨਾਲ ਸ਼ਹਿਰ ਦੀਆਂ ਨਾਮਵਰ ਸੰਸਥਾਵਾਂ ਸਪਰਿੰਗ ਡੇਲ ਸੀਨੀਅਰ ਸੈਕੰਡਰੀ ਸਕੂਲ, ਡੀਏਵੀ ਇੰਟਰਨੈਸ਼ਨਲ ਸਕੂਲ ਤੇ ਨਿਸ਼ਾਨ-ਏ-ਸਿੱਖੀ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਵੀ ਇਸ ਸਮਾਗਮ ’ਚ ਉਤਸ਼ਾਹ ਨਾਲ ਭਾਗ ਲਿਆ। ਵਿਦਿਆਰਥੀਆਂ ਵੱਲੋਂ ਮਹਾਰਾਜਾ ਰਣਜੀਤ ਸਿੰਘ ਤੇ ਉਨ੍ਹਾਂ ਦੇ ਸਮੇਂ ਦੇ ਸਿੱਖ ਰਾਜ ਨਾਲ ਸਬੰਧਤ ਹੱਥੀਂ ਬਣਾਈਆਂ ਤਸਵੀਰਾਂ ਦੀ ਪ੍ਰਦਰਸ਼ਨੀ ਲਗਾਈ ਗਈ, ਜਦਕਿ ਮਹਾਰਾਜਾ ਸਾਹਿਬ ਬਾਰੇ ਵੱਖ-ਵੱਖ ਲੇਖਕਾਂ ਦੀਆਂ ਲਿਖੀਆਂ ਲਗਭਗ 65 ਪੁਸਤਕਾਂ ਦੀ ਵਿਸ਼ੇਸ਼ ਪ੍ਰਦਰਸ਼ਨੀ ਵੀ ਖਿੱਚ ਦਾ ਕੇਂਦਰ ਬਣੀ ਰਹੀ। ਸਮਾਗਮ ਦੀ ਆਰੰਭਤਾ ਰਿਆੜਕੀ ਪਬਲਿਕ ਸਕੂਲ ਅਤੇ ਡੀਏਵੀ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਨ ਨਾਲ ਕੀਤੀ। ਉਪਰੰਤ ਵਿਦਿਆਰਥੀਆਂ ਨੇ ਮਹਾਰਾਜਾ ਰਣਜੀਤ ਸਿੰਘ, ਸਿੱਖ ਰਾਜ ਅਤੇ ਉਸ ਦੀਆਂ ਪ੍ਰਾਪਤੀਆਂ ਬਾਰੇ ਖੋਜ ਭਰਪੂਰ ਲੇਖ ਪੜ੍ਹੇ ਅਤੇ ਕਵੀਸ਼ਰੀ, ਗੀਤਾਂ ਤੇ ਕਵਿਤਾਵਾਂ ਰਾਹੀਂ ਸਾਰੇ ਮਾਹੌਲ ਨੂੰ ਵਿਰਾਸਤੀ ਰੰਗ ਵਿੱਚ ਰੰਗ ਦਿੱਤਾ। ਰਿਆੜਕੀ ਸੰਸਥਾਵਾਂ ਦੇ ਡਾਇਰੈਕਟਰ ਮਨਪ੍ਰੀਤ ਕੌਰ ਵਿਰਕ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਵਿਰਾਸਤ ਨਾਲ ਜੋੜਨਾ ਇੱਕ ਵੱਡਾ ਕਾਰਜ ਹੈ ਅਤੇ ਰਿਆੜਕੀ ਪਬਲਿਕ ਸਕੂਲ ਇਸ ਦਿਸ਼ਾ ਵਿੱਚ ਲਗਾਤਾਰ ਯਤਨਸ਼ੀਲ ਹੈ। ਇੰਟੈਕ ਅੰਮ੍ਰਿਤਸਰ ਚੈਪਟਰ ਦੇ ਕਨਵੀਨਰ ਗਗਨਦੀਪ ਸਿੰਘ ਵਿਰਕ ਨੇ ਕਿਹਾ ਕਿ ਇਸ ਸਮਾਗਮ ਦਾ ਮਨੋਰਥ ਵਿਦਿਆਰਥੀਆਂ ’ਚ ਵਿਰਾਸਤ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ ਤਾਂ ਜੋ ਨਵੀਂ ਪੀੜ੍ਹੀ ਆਪਣੀ ਅਮੀਰ ਵਿਰਾਸਤ ਤੋਂ ਜਾਣੂ ਹੋ ਸਕੇ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪ੍ਰਸਿੱਧ ਇਤਿਹਾਸਕਾਰ ਸੁਰਿੰਦਰ ਕੋਛੜ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਵਿਰਾਸਤ ਨਾਲ ਜੋੜਨਾ ਅੱਜ ਦੇ ਸਮੇਂ ਦੀ ਵੱਡੀ ਲੋੜ ਹੈ। ਇਸ ਮੌਕੇ ‘ਪਾਂਡੀ ਪਾਤਸ਼ਾਹ’ ਅਤੇ ‘ਤਕਦੀਰ ਪੰਜਾਬੀਆਂ ਦੀ’ ਵਰਗੀਆਂ ਮਹਾਰਾਜਾ ਰਣਜੀਤ ਸਿੰਘ ਨੂੰ ਸਮਰਪਿਤ ਸ਼ਾਨਦਾਰ ਕਵਿਤਾਵਾਂ ਦੇ ਰਚੇਤਾ ਪ੍ਰਸਿੱਧ ਪੰਜਾਬੀ ਕਵੀ ਵਿਧਾਤਾ ਸਿੰਘ ਤੀਰ ਦੇ ਪਰਿਵਾਰ ਦੀ ਚੌਥੀ ਪੀੜ੍ਹੀ ’ਚੋਂ ਸਹਿਜ ਜੋਤ ਸਿੰਘ ਤੀਰ ਨੂੰ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ ਗਿਆ। ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਇਸ ਦਿਹਾੜੇ ਲਈ ਵਿਸ਼ੇਸ਼ ਤੌਰ ’ਤੇ ਤਿਆਰ ਕੀਤੇ ਸੋਵੀਨਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਪ੍ਰੋ. ਗਗਨਦੀਪ ਕੌਰ ਨਾਗਰਾ, ਜਤਿੰਦਰ ਕੁਮਾਰ, ਜੀਨਸ, ਮੈਡਮ ਸਾਕਸ਼ੀ ਵਿਆਸ, ਟੂਰਿਸਟ ਅਫ਼ਸਰ ਮਨਦੀਪ ਕੌਰ, ਮਿਊਜ਼ੀਅਮ ਤੋਂ ਗੁਰਪ੍ਰੀਤ ਸਿੰਘ ਅਤੇ ਕਿਰਨਦੀਪ ਕੌਰ ਖੰਗੂੜਾ ਵੀ ਹਾਜ਼ਰ ਸਨ।