- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤ ਖੋਜ ਅਭਿਆਨ ਤਹਿਤ ਵਿਦਿਆਰਥੀਆਂ ਨੂੰ ਸਮੱਸਿਆ ਹੱਲ ਕਰਨ ਲਈ ਕੀਤਾ ਪ੍ਰੇਰਿਤ

ਆਕਾਸ਼, ਪੰਜਾਬੀ ਜਾਗਰਣ
ਗੁਰਦਾਸਪੁਰ: ਪੰਜਾਬ ਫੋਕ ਆਰਟ ਸੈਂਟਰ ਗੁਰਦਾਸਪੁਰ ਅਤੇ ਕਿਸਾਨ ਸੰਚਾਰ ਜ਼ੀਰਕਪੁਰ ਵੱਲੋਂ ਭਾਰਤ ਖੋਜ ਅਭਿਆਨ ਤਹਿਤ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਵਿੱਚ ਵਿਦਿਆਰਥੀਆਂ ਵਿੱਚ ਰਚਨਾਤਮਕਤਾ, ਜ਼ਮੀਨੀ ਪੱਧਰ ਦੇ ਨਵੀਨਤਾ-ਭਰੇ ਵਿਚਾਰ ਅਤੇ ਸਮੱਸਿਆ ਹੱਲ ਕਰਨ ਦੀ ਸੋਚ ਵਿਕਸਿਤ ਕਰਨ ਦੇ ਉਦੇਸ਼ ਨਾਲ ਇੱਕ ਸਘਣ ਮੁਹਿੰਮ ਚਲਾਈ ਗਈ।
ਇਸ ਮੁਹਿੰਮ ਤਹਿਤ ਕਮਲਜੀਤ ਅਤੇ ਹਰਮਨਪ੍ਰੀਤ ਸਿੰਘ ਖੇਤੀਬਾੜੀ ਵਿਸਥਾਰ ਅਧਿਕਾਰੀ ਨੇ ਬਾਬਾ ਅਜੀਤ ਸਿੰਘ ਖਾਲਸਾ ਕਾਲਜ, ਗੁਰਦਾਸ ਨੰਗਲ, ਗੁਰਦਾਸਪੁਰ; ਗੋਲਡਨ ਗਰੁੱਪ ਆਫ਼ ਇੰਸਟੀਚਿਊਟਸ, ਗੁਰਦਾਸਪੁਰ, ਐੱਸਡੀ ਕਾਲਜ, ਪਠਾਨਕੋਟ ਅਤੇ ਐਲਪਾਈਨ ਵੁੱਡ ਸਕੂਲ, ਦੁਨੇਰਾ, ਪਠਾਨਕੋਟ ਦਾ ਦੌਰਾ ਕਰਕੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ।
ਪ੍ਰੋਗਰਾਮ ਦਾ ਮੁੱਖ ਵਿਸ਼ਾ “ਸਫਲਤਾ ਲਈ ਰਚਨਾਤਮਕਤਾ ਅਤੇ ਹੁਨਰ ਨੂੰ ਘੜਨਾ” ਰਿਹਾ। ਸਟੋਰੀ ਟੈਲਿੰਗ ਤਕਨੀਕ ਰਾਹੀਂ ਵਿਦਿਆਰਥੀਆਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਰੋਜ਼ਾਨਾ ਜੀਵਨ ਦੀਆਂ ਸਮੱਸਿਆਵਾਂ ਨੂੰ ਵੱਖਰੇ ਨਜ਼ਰੀਏ ਨਾਲ ਦੇਖ ਕੇ ਰਚਨਾਤਮਕ ਸੋਚ, ਸਥਾਨਕ ਸਰੋਤਾਂ ਅਤੇ ਵਿਹਾਰਕ ਗਿਆਨ ਰਾਹੀਂ ਉਨ੍ਹਾਂ ਦੇ ਹੱਲ ਕਿਵੇਂ ਲੱਭੇ ਜਾ ਸਕਦੇ ਹਨ। ਵਿਦਿਆਰਥੀਆਂ ਨੂੰ ਅਜਿਹੇ ਆਮ ਲੋਕਾਂ ਦੀਆਂ ਕਹਾਣੀਆਂ ਸੁਣਾਈਆਂ ਗਈਆਂ, ਜਿਨ੍ਹਾਂ ਨੇ ਆਪਣੇ ਸਮਾਜ ਵਿੱਚ ਦਰਪੇਸ਼ ਸਮੱਸਿਆਵਾਂ ਨੂੰ ਆਪਣੀ ਰਚਨਾਤਮਕਤਾ ਅਤੇ ਉਪਲਬਧ ਸਥਾਨਕ ਸਰੋਤਾਂ ਦੀ ਵਰਤੋਂ ਕਰਕੇ ਹੱਲ ਕੀਤਾ। ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਇਹ ਸਮਝਾਉਣਾ ਸੀ ਕਿ ਨਵੀਨਤਾ ਸਿਰਫ਼ ਲੈਬਾਰਟਰੀਆਂ, ਮਹਿੰਗੀ ਤਕਨਾਲੋਜੀ ਜਾਂ ਵੱਡੇ ਸੰਸਥਾਨਾਂ ਤੱਕ ਸੀਮਿਤ ਨਹੀਂ ਹੈ। ਜਿਹੜਾ ਵੀ ਵਿਅਕਤੀ ਕਿਸੇ ਸਮੱਸਿਆ ਨੂੰ ਧਿਆਨ ਨਾਲ ਦੇਖ ਕੇ ਉਸ ਦਾ ਨਵਾਂ ਹੱਲ ਸੋਚਦਾ ਹੈ, ਉਹ ਇਨੋਵੇਟਰ ਬਣ ਸਕਦਾ ਹੈ। ਕਮਲਜੀਤ ਨੇ ਕਿਹਾ ਕਿ ਸਾਡੀਆਂ ਪਾਠ ਪੁਸਤਕਾਂ ਵਿੱਚ ਅਕਸਰ ਵਿਦੇਸ਼ੀ ਵਿਗਿਆਨੀਆਂ ਅਤੇ ਖੋਜਕਾਰਾਂ ਦੀਆਂ ਕਹਾਣੀਆਂ ਨੂੰ ਵੱਧ ਥਾਂ ਮਿਲਦੀ ਹੈ, ਜਦਕਿ ਭਾਰਤ ਦੇ ਪਿੰਡਾਂ, ਕਸਬਿਆਂ ਅਤੇ ਸਮਾਜ ਵਿੱਚ ਵੀ ਜ਼ਮੀਨੀ ਪੱਧਰ ਦੇ ਅਨੇਕਾਂ ਇਨੋਵੇਟਰ ਅਤੇ ਸਮੱਸਿਆ ਹੱਲ ਕਰਨ ਵਾਲੇ ਲੋਕ ਮੌਜੂਦ ਹਨ। ਉਨ੍ਹਾਂ ਦੀਆਂ ਕਹਾਣੀਆਂ ਨੌਜਵਾਨ ਪੀੜ੍ਹੀ ਤੱਕ ਪਹੁੰਚਾਉਣਾ ਬਹੁਤ ਜ਼ਰੂਰੀ ਹੈ।
ਉਨ੍ਹਾਂ ਨੇ ਖਾਸ ਤੌਰ ’ਤੇ ਪਠਾਨਕੋਟ ਦੇ ਮਸ਼ਹੂਰ ਰਾਜੂ ਭਿਖਾਰੀ ਦੀ ਉਦਾਹਰਨ ਦਿੱਤੀ, ਜਿਨ੍ਹਾਂ ਦਾ ਜ਼ਿਕਰ ਪ੍ਰਧਾਨ ਮੰਤਰੀ ਜੀ ਵੱਲੋਂ ‘ਮਨ ਕੀ ਬਾਤ’ ਪ੍ਰੋਗਰਾਮ ਵਿੱਚ ਵੀ ਕੀਤਾ ਜਾ ਚੁੱਕਾ ਹੈ। ਇਸ ਦੇ ਬਾਵਜੂਦ ਗੁਰਦਾਸਪੁਰ ਅਤੇ ਪਠਾਨਕੋਟ ਦੇ ਕਈ ਵਿਦਿਆਰਥੀ ਰਾਜੂ ਦੀ ਪ੍ਰੇਰਣਾਦਾਇਕ ਕਹਾਣੀ ਤੋਂ ਜਾਣੂ ਨਹੀਂ ਹਨ, ਕਿਉਂਕਿ ਉਨ੍ਹਾਂ ਦੀ ਕਹਾਣੀ ਪਾਠਕ੍ਰਮ ਦਾ ਹਿੱਸਾ ਨਹੀਂ ਹੈ। ਭਾਰਤ ਖੋਜ ਅਭਿਆਨ ਦੇ ਸੰਚਾਲਕ ਕਮਲ ਜੀਤ ਨੇ ਦੱਸਿਆ ਕਿ ਇਸੇ ਸਾਲ ਜਨਵਰੀ ਵਿੱਚ ਉਹ ਪੰਜਾਬ ਇਨੋਵੇਸ਼ਨ ਯਾਤਰਾ ਨੂੰ ਪੰਜਾਬ ਦੇ ਅੱਠ ਜ਼ਿਲ੍ਹਿਆਂ ਵਿੱਚ ਲੈ ਕੇ ਗਏ ਸਨ, ਜਿੱਥੇ ਲਗਭਗ 60 ਇਨੋਵੇਟਰਾਂ ਦੀ ਖੋਜ ਕੀਤੀ ਗਈ। ਭਾਰਤ ਖੋਜ ਅਭਿਆਨ ਦੇ ਸਥਾਨਕ ਨਾਇਕ ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਇਸ ਖੇਤਰ ਵਿੱਚ ਇਹ ਖੋਜ ਮੁਹਿੰਮ ਚਲਾਉਣਾ ਬਹੁਤ ਜ਼ਰੂਰੀ ਹੈ। ਗੁਰਦਾਸਪੁਰ ਅਤੇ ਪਠਾਨਕੋਟ ਸਰਹੱਦੀ ਖੇਤਰ ਹੋਣ ਕਰਕੇ ਇੱਥੋਂ ਦੇ ਲੋਕਾਂ ਦੀਆਂ ਚੁਣੌਤੀਆਂ ਅਤੇ ਹਾਲਾਤ ਵੱਖਰੇ ਹਨ। ਇਹ ਚੁਣੌਤੀਆਂ ਲੋਕਾਂ ਨੂੰ ਆਪਣੀਆਂ ਲੋੜਾਂ ਅਨੁਸਾਰ ਵਿਹਾਰਕ ਅਤੇ ਰਚਨਾਤਮਕ ਹੱਲ ਲੱਭਣ ਲਈ ਪ੍ਰੇਰਿਤ ਕਰਦੀਆਂ ਹਨ।