- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਿੰਸੀਪਲਾਂ ਤੋਂ ਸੱਖਣੇ ਸਕੂਲਾਂ ਕਾਰਨ ਹੋ ਰਿਹਾ ਵਿਦਿਆਰਥੀਆਂ ਦੀ ਸਿੱਖਿਆ ਦਾ ਨੁਕਸਾਨ

ਵਿਜੈ ਥਾਪਰ, ਪੰਜਾਬੀ ਜਗਰਣ
ਬਟਾਲਾ: ਅੱਜ ਗੌਰਮਿੰਟ ਸਕੂਲ ਲੈਕਚਰਾਰ ਪ੍ਰਮੋਸ਼ਨ ਫਰੰਟ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਆਨਲਾਈਨ ਮੋਡ ਵਿੱਚ ਹੋਈ| ਇਸ ਵਿੱਚ ਲੰਮੇ ਸਮੇਂ ਤੋਂ ਤਰੱਕੀਆਂ ਦੀ ਉਡੀਕ ਕਰ ਰਹੇ ਲੈਕਚਰਾਰਾਂ ਨੇ ਭਾਗ ਲਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸੂਬਾ ਆਗੂ ਡਾਕਟਰ ਪਰਮਜੀਤ ਸਿੰਘ ਕਲਸੀ, ਅਰੁਣ ਕੁਮਾਰ ਤੇ ਰਣਬੀਰ ਸਿੰਘ ਸੋਹਲ ਨੇ ਦੱਸਿਆ ਪੰਜਾਬ ਦੇ 1927 ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪ੍ਰਿੰਸੀਪਲ ਅਤੇ 23 ਜ਼ਿਲ੍ਹਿਆਂ ਦੇ 46 ਡਿਪਟੀ ਡੀਈਓਜ਼ ਭਾਵ 1973 ਅਸਾਮੀਆਂ ਵਿੱਚੋਂ 1945 ਅਸਾਮੀਆਂ ਮਨਜ਼ੂਰ ਹਨ। ਉਨ੍ਹਾਂ ਦੱਸਿਆ ਕਿ ਬੀਤੇ ਸਮੇਂ ਵਿੱਚ ਇਕੱਤਰ ਕੀਤੇ ਡਾਟੇ ਅਨੁਸਾਰ ਪੰਜਾਬ ਵਿੱਚ ਤਕਰੀਬਨ 1200 ਅਸਾਮੀਆਂ ਖ਼ਾਲੀ ਹਨ, ਜੋ ਕੁੱਲ ਅਸਾਮੀਆਂ ਦਾ ਤਕਰੀਬਨ 62 ਫੀਸਦੀ ਬਣਦੀਆਂ ਹਨ |ਉਹਨਾਂ ਨੇ ਕੁਝ ਜ਼ਿਲ੍ਹਿਆਂ ਦੇ ਡਾਟੇ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਮਾਨਸਾ 'ਚ ਕਰੀਬ 65, ਫਰੀਦਕੋਟ 28, ਫ਼ਤਿਹਗੜ੍ਹ ਸਾਹਿਬ 24, ਫਿਰੋਜ਼ਪੁਰ 39, ਕਪੂਰਥਲਾ 40, ਮੋਗਾ 64, ਬਠਿੰਡਾ 90, ਲੁਧਿਆਣਾ 100, ਮੁਕਤਸਰ ਸਾਹਿਬ 42, ਐੱਸ ਬੀ ਐੱਸ ਨਗਰ 46, ਹੁਸ਼ਿਆਰਪੁਰ 66, ਪਟਿਆਲਾ 40, ਸੰਗਰੂਰ 66, ਬਰਨਾਲਾ 39, ਰੋਪੜ 31, ਸ੍ਰੀ ਅੰਮ੍ਰਿਤਸਰ ਸਾਹਿਬ 50, ਤਰਨਤਾਰਨ 61, ਗੁਰਦਾਸਪੁਰ 70, ਪਠਾਨਕੋਟ 27, ਜਲੰਧਰ 110, ਮੁਹਾਲੀ 7, ਫਾਜਿਲਕਾ 24, ਮਲੇਰਕੋਟਲਾ 15 ਸਕੂਲ ਪ੍ਰਿੰਸੀਪਲ ਤੋਂ ਸੱਖਣੇ ਹਨ। ਤੇਜਿੰਦਰ ਸਿੰਘ ਤੇ ਗੁਰਮੀਤ ਸਿੰਘ ਨਾਗੀ ਨੇ ਦੱਸਿਆ ਕਿ ਪੰਜਾਬ ਵਿੱਚ ਪਿਛਲੀ ਵਾਰ 2022 194 ਪ੍ਰਿੰਸੀਪਲ ਦੀਆਂ ਪ੍ਰਮੋਸ਼ਨਾ ਹੋਈਆਂ ਸਨ, ਜਿਨ੍ਹਾਂ ਵਿੱਚੋਂ ਤਕਰੀਬਨ 149 ਪ੍ਰਿੰਸੀਪਲ ਹੀ ਜੁਆਇਨ ਹੋਏ ਸਨ, ਜਿਸ ਤੋਂ ਬਾਅਦ ਵਿਭਾਗ ਲੰਮੀ ਕਾਨੂੰਨੀ ਪ੍ਰਕਿਰਿਆ ਵਿੱਚ ਉਲਝ ਗਿਆ ਅਤੇ ਵਿਭਾਗ ਦੇ ਕੁਝ ਅਧਿਕਾਰੀਆਂ ਦੀਆਂ ਗ਼ਲਤੀਆਂ ਕਾਰਨ ਪ੍ਰਮੋਸ਼ਨਾ ਕੋਰਟ ਕੇਸਾਂ ਵਿੱਚ ਉਲਝ ਗਈਆਂ । ਉਨ੍ਹਾਂ ਦੱਸਿਆ ਕਿ ਹੁਣ ਮਾਣਯੋਗ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਵਿੱਚ ਲੰਬਿਤ ਕੇਸਾਂ ਵਿੱਚ ਚੱਲ ਰਹੀ ਸਟੇਅ ਖ਼ਤਮ ਹੋ ਗਈ ਹੈ ਅਤੇ ਤਰੱਕੀਆਂ ਕਰਨ ਲਈ ਢੁੱਕਵਾਂ ਸਮਾਂ ਹੈ। ਗੁਰਵਿੰਦਰ ਸਿੰਘ ਤੇ ਨਿਰਮਲਜੀਤ ਸਿੰਘ ਨੇ ਦੱਸਿਆ ਕਿ ਪ੍ਰਿੰਸੀਪਲ ਬਣਨ ਲਈ ਸਿੱਧੀ ਭਰਤੀ ਦਾ ਕੋਟਾ 25% (486 ਅਸਾਮੀਆਂ ) ਅਤੇ ਤਰੱਕੀਆਂ ਦਾ ਕੋਟਾ 75% (1459) ਅਸਾਮੀਆਂ ਹੈ| ਤਰੱਕੀਆਂ ਦੇ ਕੋਟੇ ਵਿੱਚੋਂ ਬਤੌਰ ਪ੍ਰਿੰਸੀਪਲ ਤਰੱਕੀਆਂ ਲਈ ਤਿੰਨ ਧਿਰਾਂ ਯੋਗ ਹਨ, ਇਹਨਾਂ ਵਿੱਚੋਂ ਗਿਣਤੀ ਦੇ ਮਾਪਦੰਡ ਉੱਤੇ ਲੈਕਚਰਾਰ ਦਾ ਕੋਟਾ 70% (1021ਅਸਾਮੀਆਂ ), ਹੈੱਡ ਮਾਸਟਰਜ਼ ਦਾ ਕੋਟਾ 20% ( 292 ਅਸਾਮੀਆਂ ) ਅਤੇ ਵੋਕੇਸ਼ਨਲ ਲੈਕਚਰਾਰ ਦਾ ਕੋਟਾ 10% (146) ਬਣਦਾ ਹੈ। ਇਸ ਸਮੇਂ ਤਿੰਨਾਂ ਕਾਡਰਾਂ ਦੀ ਸੀਨੀਅਰਤਾ ਵਿਭਾਗ ਵੱਲੋਂ ਜਾਰੀ ਕੀਤੀ ਜਾ ਚੁੱਕੀ ਹੈ ਅਤੇ ਕਿਸੇ ਵੀ ਸੀਨੀਅਰਤਾ ਉੱਤੇ ਕੋਈ ਸਟੇਅ ਆਰਡਰ ਨਹੀਂ ਹਨ। ਜਥੇਬੰਦੀ ਦੇ ਆਗੂਆਂ ਨੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਅਤੇ ਸਕੱਤਰ ਸਕੂਲ ਸਿੱਖਿਆ ਸੋਨਾਲੀ ਗਿਰੀ ਆਈਏਐੱਸ ਤੋਂ ਮੰਗ ਕੀਤੀ ਕਿ ਪੰਜਾਬ ਵਿੱਚ ਪ੍ਰਿੰਸੀਪਲਾਂ ਦੀਆਂ ਨੂੰ ਅਣਹੋਂਦ ਕਾਰਨ ਹੋ ਰਹੇ ਸਿੱਖਿਆ ਦੇ ਨੁਕਸਾਨ ਤੇ ਸਕੂਲ ਸਿੱਖਿਆ ਦੇ ਵਿਕਾਸ ਦੇ ਹੋ ਰਹੇ ਹਰਜਾਨੇ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਦਿਆਰਥੀਆਂ ਦੇ ਹਿੱਤ ਵਿੱਚ ਜਲਦੀ ਤੋਂ ਜਲਦੀ ਤਰੱਕੀਆਂ ਕੀਤੀਆਂ ਜਾਣ। ਇਹਨਾਂ ਤਰੱਕੀਆਂ ਨਾਲ ਜਿੱਥੇ 25 ਤੋਂ 30 ਸਾਲਾਂ ਦੇ ਉੱਚ ਵਿਦਿਆ ਪ੍ਰਾਪਤ (ਕਈ ਪੀਐਚਡੀ, ਐਮ.ਫਿਲ) ਤਜਰਬੇਕਾਰ (ਕਈ 20 ਤੋਂ 26 ਸਾਲ), ਸੁਹਿਰਦ, ਪ੍ਰਿੰਸੀਪਲ ਸਿੱਖਿਆ ਵਿਭਾਗ ਪੰਜਾਬ ਨੂੰ ਪ੍ਰਾਪਤ ਹੋਣਗੇ ਉੱਥੇ ਪੰਜਾਬ ਦੇ ਸਿੱਖਿਆ ਕ੍ਰਾਂਤੀ ਵੱਲ ਵੱਧਦੇ ਕਦਮ ਹੋਰ ਪੁਖਤਾ ਢੰਗ ਨਾਲ ਅੱਗੇ ਵਧਣਗੇ।ਇਹ ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਬਹੁਤ ਸਾਰੇ ਅਜਿਹੇ ਯੋਗ ਲੈਕਚਰਾਰ ਵੀ ਹਨ ਜਿਨਾਂ ਨੇ 24-25 ਸਾਲ ਦੇ ਕਰੀਬ ਸੇਵਾ ਦੌਰਾਨ ਇੱਕ ਵੀ ਤਰੱਕੀ ਪ੍ਰਾਪਤੀ ਨਹੀਂ ਕੀਤੀ ਅਤੇ ਉਹ ਸਟੇਟ ਤੇ ਨੈਸ਼ਨਲ ਅਵਾਰਡੀ ਹੋਣ ਦੇ ਨਾਲ-ਨਾਲ ਜ਼ਿਲ੍ਹਾ ਪੱਧਰ ਦੇ ਵੱਖ-ਵੱਖ ਗਰੁੱਪ-ਏ ਕੇਡਰ ਦੇ ਰੁਤਬਿਆ ਵਿੱਚ ਕੰਮ ਕਰ ਚੁੱਕੇ ਹਨ।