ਜਨਗਣਨਾ ਬਾਰੇ ਗੋਲਡਨ ਗਰੁੱਪ ਆਫ ਇੰਸਟੀਚਿਊਟ ਦੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ ਜਨਗਣਨਾ 2027 ਦੇ ਦੂਜੇ ਪੜਾਅ ਸਬੰਧੀ ਗੋਲਡਨ ਗਰੁੱਪ ਆਫ ਇੰਸਟੀਚਿਊਟ ਵਿਖੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ
Publish Date: Tue, 17 Nov 2026 04:53 PM (IST)
Updated Date: Tue, 17 Nov 2026 04:54 PM (IST)
ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ: ਜਨਗਣਨਾ 2027 ਦੇ ਦੂਜੇ ਪੜਾਅ ਸਬੰਧੀ ਮਾਸਟਰ ਟਰੇਨਰਾਂ ਵੱਲੋਂ ਸਥਾਨਕ ਗੋਲਡਨ ਗਰੁੱਪ ਆਫ ਇੰਸਟੀਚਿਊਟ ਵਿਖੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ ਤਾਂ ਜੋ ਵਿਦਿਆਰਥੀ ਘਰ ਜਾ ਕੇ ਆਪਣੇ ਮਾਤਾ ਪਿਤਾ ਆਂਢ-ਗੁਆਂਢ ਤੇ ਰਿਸ਼ਤੇਦਾਰਾਂ ਨੂੰ ਜਨਗਣਨਾ 2027 ਦੇ ਦੂਜੇ ਪੜਾਅ ਬਾਰੇ ਜਾਗਰੂਕ ਕਰ ਸਕਣ। ਇਸ ਮੌਕੇ ਓਇਸ਼ੀ ਮੰਡਲ, ਆਈਏਐੱਸ, ਐੱਸਡੀਐੱਮ ਕਲਾਨੌਰ, ਅਦੀਬਾ ਅਨਮ, ਆਈਏਐੱਸ ਜੀਏ (ਯੂਟੀ) ਗੁਰਦਾਸਪੁਰ, ਡਾ. ਮੋਹਿਤ ਮਹਾਜਨ, ਚੇਅਰਮੈਨ ਗੋਲਡਨ ਗਰੁੱਪ ਆਫ ਇੰਸਟੀਚਿਊਟ ਗੁਰਦਾਸਪੁਰ, ਵਿਨੋਦ ਬੇਰੀ, ਡਿਪਟੀ ਈਐੱਸਏ, ਡਾ. ਰਾਘਵ ਮਹਾਜਨ ਐੱਮਡੀ, ਪ੍ਰਿੰਸੀਪਲ ਡਾ. ਨਿਧੀ ਮਹਾਜਨ ਮੌਜੂਦ ਸਨ। ਮੈਡਮ ਅਦੀਬਾ ਅਨਮ ਨੇ ਵਿਦਿਆਰਥੀਆਂ ਨੂੰ ਸਵੈ ਗਣਨਾ ਕਰਨ ਲਈ ਪ੍ਰੇਰਿਤ ਕਰਦਿਆਂ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਜਿੰਨੀ ਵੀ ਜਨਗਣਨਾ ਹੋਵੇਗੀ, ਉਸ ਦੇ ਆਧਾਰ ਤੇ ਹੀ ਸਾਡੇ, ਸਕੂਲ, ਹਸਪਤਾਲ ਅਤੇ ਸੜਕਾਂ ਦਾ ਜੋ ਵੀ ਵਿਕਾਸ ਹੋਵੇਗਾ, ਉਹ ਸਾਡੀ ਜਣਗਣਨਾ ਤੇ ਹੀ ਨਿਰਭਰ ਹੋਵੇਗਾ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਆਪਣੀ ਸਹੀ ਜਾਣਕਾਰੀ ਦਿੱਤੀ ਜਾਵੇ। ਆਪਣੇ ਆਂਢ-ਗੁਆਂਢ ਨੂੰ ਵੀ ਇਸ ਬਾਰੇ ਦੱਸਿਆ ਜਾਵੇ, ਤਾਂ ਜੋ ਹਰੇਕ ਨਾਗਰਿਕ ਆਪਣੀ ਜਾਣਕਾਰੀ ਪੋਰਟਲ ਰਾਹੀਂ ਸਾਂਝੀ ਕਰ ਸਕੇ ਅਤੇ ਕੋਈ ਵਾਂਝਾ ਨਾ ਰਹਿ ਸਕੇ। ਉਨ੍ਹਾਂ ਦੱਸਿਆ ਕਿ ਜਨਗਣਨਾ- 2027 ਦੀ ਸਵੈ-ਗਣਨਾ 16 ਨਵੰਬਰ ਤੋਂ 30 ਨਵੰਬਰ ਤੱਕ ਸਰਕਾਰ ਵੱਲੋਂ ਆਨਲਾਈਨ ਪੋਰਟਲ ਖੋਲਿਆ ਗਿਆ ਹੈ। ਜਿਸ ਤਹਿਤ ਲੋਕ ਪੋਰਟਲ ’ਤੇ ਲਾਗਇਨ ਕਰਕੇ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਣਕਾਰੀ ਖੁਦ ਭਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਪ੍ਰਕਿਰਿਆ ਨਾਲ ਲੋਕਾਂ ਨੂੰ ਆਪਣੀ ਜਾਣਕਾਰੀ ਸਹੀ ਅਤੇ ਸੁਵਿਧਾਜਨਕ ਢੰਗ ਨਾਲ ਦਰਜ ਕਰਨ ਦਾ ਮੌਕਾ ਮਿਲੇਗਾ। ਉਨ੍ਹਾਂ ਦੱਸਿਆ ਕਿ ਇਸ ਤੋ ਬਾਅਦ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਜਨਗਣਨਾ ਕਰਮਚਾਰੀ ਘਰ-ਘਰ ਜਾ ਕੇ ਜਾਣਕਾਰੀ ਇਕੱਤਰ ਕਰਨਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਵੱਧ ਤੋਂ ਵੱਧ ਇਸ ਸਹੂਲਤ ਦਾ ਲਾਭ ਲੈਣ।