ਜ਼ਿਲ੍ਹੇ ’ਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ’ਤੇ ਸਖ਼ਤੀ, ਇੱਕੋ ਦਿਨ ’ਚ 146 ਚਾਲਾਨ ਜ਼ਿਲ੍ਹੇ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ 'ਤੇ ਸਖ਼ਤੀ, ਇੱਕੋ ਦਿਨ ਵਿੱਚ 146 ਚਾਲਾਨ
Publish Date: Thu, 08 Oct 2026 03:23 PM (IST)
Updated Date: Thu, 08 Oct 2026 03:23 PM (IST)
ਸਭ ਤੋਂ ਵੱਧ 34 ਚਾਲਾਨ ਬਿਨਾਂ ਹੈਲਮੈਟ ਪਹਿਨੇ ਦੋਪਹੀਆ ਵਾਹਨ ਚਲਾਉਣ ਵਾਲਿਆਂ ਦੇ ਕੱਟੇ ਪਲਵਿੰਦਰ ਸਿੰਘ, ਪੰਜਾਬੀ ਜਾਗਰਣ ਗੁਰਦਾਸਪੁਰ: ਜ਼ਿਲ੍ਹਾ ਪੁਲਿਸ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਖ਼ਿਲਾਫ਼ ਸਖ਼ਤ ਰੁਖ਼ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ। ਪੁਲਿਸ ਨੇ ਪੂਰੇ ਜ਼ਿਲ੍ਹੇ ਵਿੱਚ ਨਿਯਮ ਤੋੜਨ ਵਾਲਿਆਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਹੈ। ਇਸ ਮੁਹਿੰਮ ਤਹਿਤ ਇੱਕੋ ਦਿਨ ਵਿੱਚ ਪੁਲਿਸ ਨੇ 146 ਵਾਹਨ ਚਾਲਕਾਂ ਦੇ ਚਾਲਾਨ ਕੱਟੇ ਹਨ। ਪੁਲਿਸ ਅਧਿਕਾਰੀਆਂ ਮੁਤਾਬਕ ਇਹ ਮੁਹਿੰਮ ਅੱਗੇ ਵੀ ਲਗਾਤਾਰ ਜਾਰੀ ਰਹੇਗੀ, ਤਾਂ ਜੋ ਸੜਕ ਹਾਦਸਿਆਂ ਤੇ ਕੰਟਰੋਲ ਕੀਤਾ ਜਾ ਸਕੇ ਅਤੇ ਲੋਕਾਂ ਵਿੱਚ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕਤਾ ਵਧੇ। ਪੁਲਿਸ ਦੇ ਅੰਕੜਿਆਂ ਅਨੁਸਾਰ ਇੱਕ ਦਿਨ ਵਿੱਚ ਕੀਤੇ ਗਏ 146 ਚਾਲਾਨਾਂ ਵਿੱਚੋਂ ਸਭ ਤੋਂ ਵੱਧ 34 ਚਾਲਾਨ ਬਿਨਾਂ ਹੈਲਮੈਟ ਪਹਿਨੇ ਦੋਪਹੀਆ ਵਾਹਨ ਚਲਾਉਣ ਵਾਲਿਆਂ ਦੇ ਕੱਟੇ ਗਏ ਹਨ। ਇਸ ਤੋਂ ਇਲਾਵਾ 25 ਚਾਲਾਨ ਗਲਤ ਪਾਰਕਿੰਗ ਦੇ ਕੀਤੇ ਗਏ ਹਨ। ਜ਼ਿਲ੍ਹਾ ਪੁਲਿਸ ਨੇ ਇੱਕੋ ਦਿਨ ਵਿੱਚ ਬਿਨਾਂ ਹੈਲਮੈਟ ਵਾਲਿਆਂ ਦੇ 34, ਬਲੈਕ ਫਿਲਮ ਦੇ 8, ਪਟਾਕੇ ਮਾਰਨ ਵਾਲਿਆਂ ਦੇ 4, ਸੀਟ ਬੈਲਟ ਦੇ 7, ਬਿਨਾਂ ਇੰਸੋਰੈਂਸ ਦੇ 10, ਬਿਨਾਂ ਲਾਇਸੈਂਸ ਦੇ 14, ਬਿਨਾਂ ਨੰਬਰ ਪਲੇਟ ਦੇ 12, ਬਿਨਾਂ ਪ੍ਰਦੂਸ਼ਣ ਦੇ 1, ਟ੍ਰਿਪਲਿੰਗ ਦੇ 14, ਸਿਗਨਲ ਅਤੇ ਸਿਗਨਲ ਤੋੜਨ ਦੇ 13 ਚਾਲਾਨ ਕੀਤੇ ਹਨ। ਇਸ ਤੋਂ ਇਲਾਵਾ ਚਾਰ ਵਾਹਨਾਂ ਨੂੰ ਇੰਪਾਊਂਡ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਬਿਨਾਂ ਹੈਲਮੈਟ ਦੋਪਹੀਆ ਚਲਾਉਣਾ ਅਤੇ ਗਲਤ ਤਰੀਕੇ ਨਾਲ ਵਾਹਨ ਪਾਰਕ ਕਰਨਾ ਟ੍ਰੈਫਿਕ ਵਿਵਸਥਾ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦਾ ਹੈ। ਇਸ ਨਾਲ ਨਾ ਸਿਰਫ਼ ਹਾਦਸਿਆਂ ਦਾ ਖ਼ਤਰਾ ਵਧਦਾ ਹੈ, ਬਲਕਿ ਆਮ ਲੋਕਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪੁਲਿਸ ਨੇ ਅਜਿਹੇ ਵਾਹਨ ਚਾਲਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਨਿਯਮਾਂ ਦੀ ਅਣਦੇਖੀ ਨਾ ਕਰਨ, ਵਰਨਾ ਅੱਗੇ ਵੀ ਕਾਰਵਾਈ ਕੀਤੀ ਜਾਵੇਗੀ। ਵਿਸ਼ੇਸ਼ ਮੁਹਿੰਮ ਦੌਰਾਨ ਪੁਲਿਸ ਸਿਰਫ਼ ਹੈਲਮੈਟ ਅਤੇ ਪਾਰਕਿੰਗ ਤੱਕ ਸੀਮਿਤ ਨਹੀਂ ਰਹੀ। ਪੁਲਿਸ ਨੇ ਕਾਲੀ ਫਿਲਮ, ਬੁਲੇਟ ਸਾਈਲੈਂਸਰ, ਬਿਨਾਂ ਇੰਸ਼ੋਰੈਂਸ, ਬਿਨਾਂ ਲਾਇਸੈਂਸ, ਬਿਨਾਂ ਨੰਬਰ ਪਲੇਟ ਅਤੇ ਪ੍ਰਦੂਸ਼ਣ ਪ੍ਰਮਾਣ ਪੱਤਰ ਦੇ ਬਿਨਾਂ ਚੱਲਣ ਵਾਲੇ ਵਾਹਨਾਂ ਦੇ ਵੀ ਚਾਲਾਨ ਕੀਤੇ ਹਨ। ਅਧਿਕਾਰੀਆਂ ਮੁਤਾਬਕ ਕਈ ਦੋਪਹੀਆ ਵਾਹਨਾਂ ਵਿੱਚ ਬੁਲੇਟ ਸਾਈਲੈਂਸਰ ਲੱਗਾ ਹੋਇਆ ਪਾਇਆ ਗਿਆ, ਜਿਸ ਨਾਲ ਤੇਜ਼ ਆਵਾਜ਼ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੁੰਦਾ ਹੈ। ਉੱਧਰ ਕੁਝ ਵਾਹਨਾਂ ਵਿੱਚ ਕਾਲੀ ਫਿਲਮ ਲੱਗੀ ਹੋਈ ਸੀ, ਜੋ ਨਿਯਮਾਂ ਦੇ ਖ਼ਿਲਾਫ਼ ਹੈ। ਪੁਲਿਸ ਨੇ ਬਿਨਾਂ ਦਸਤਾਵੇਜ਼ ਵਾਲੇ ਵਾਹਨਾਂ ਨੂੰ ਵੀ ਚਿੰਨ੍ਹਿਤ ਕੀਤਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਵਾਹਨ ਚਲਾਉਣ ਤੋਂ ਪਹਿਲਾਂ ਸਾਰੇ ਜ਼ਰੂਰੀ ਕਾਗਜ਼ਾਤ ਪੂਰੇ ਰੱਖਣਾ ਚਾਲਕ ਦੀ ਜ਼ਿੰਮੇਵਾਰੀ ਹੈ। ਟ੍ਰੈਫਿਕ ਇੰਚਾਰਜ ਗੁਰਦਾਸਪੁਰ ਐੱਸਆਈ ਸਤਨਾਮ ਸਿੰਘ ਦਾ ਕਹਿਣਾ ਹੈ ਕਿ ਇਹ ਮੁਹਿੰਮ ਇੱਕ ਦਿਨ ਤੱਕ ਸੀਮਿਤ ਨਹੀਂ ਰਹੇਗੀ। ਸ਼ਹਿਰ ਦੇ ਪ੍ਰਮੁੱਖ ਚੌਕਾਂ, ਬਾਜ਼ਾਰਾਂ, ਸਕੂਲ-ਕਾਲਜ ਖੇਤਰਾਂ ਅਤੇ ਭੀੜ-ਭੜੱਕੇ ਵਾਲੇ ਇਲਾਕਿਆਂ ਵਿੱਚ ਲਗਾਤਾਰ ਨਿਗਰਾਨੀ ਰੱਖੀ ਜਾਵੇਗੀ। ਅਧਿਕਾਰੀਆਂ ਮੁਤਾਬਕ, ਟ੍ਰੈਫਿਕ ਨਿਯਮਾਂ ਦਾ ਪਾਲਣ ਕਰਵਾਉਣਾ ਸਿਰਫ਼ ਚਾਲਾਨ ਕੱਟਣ ਲਈ ਨਹੀਂ, ਬਲਕਿ ਲੋਕਾਂ ਦੀ ਸੁਰੱਖਿਆ ਲਈ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸੜਕ ਹਾਦਸਿਆਂ ਵਿੱਚ ਸਭ ਤੋਂ ਵੱਧ ਜਾਨਾਂ ਬਿਨਾਂ ਹੈਲਮੈਟ ਅਤੇ ਲਾਪਰਵਾਹੀ ਨਾਲ ਵਾਹਨ ਚਲਾਉਣ ਕਾਰਨ ਜਾਂਦੀਆਂ ਹਨ। ਇਸ ਲਈ ਪੁਲਿਸ ਦੀ ਕੋਸ਼ਿਸ਼ ਹੈ ਕਿ ਲੋਕ ਖ਼ੁਦ ਨਿਯਮਾਂ ਦਾ ਪਾਲਣ ਕਰਨ ਅਤੇ ਸੁਰੱਖਿਅਤ ਯਾਤਰਾ ਕਰਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਦੋਪਹੀਆ ਵਾਹਨ ਚਲਾਉਂਦੇ ਸਮੇਂ ਹੈਲਮੈਟ ਜ਼ਰੂਰ ਪਹਿਨਣ। ਕਾਰ ਚਲਾਉਂਦੇ ਸਮੇਂ ਸੀਟ ਬੈਲਟ ਦਾ ਇਸਤੇਮਾਲ ਕਰਨ। ਵਾਹਨ ਦੇ ਸਾਰੇ ਦਸਤਾਵੇਜ਼ ਜਿਵੇਂ ਲਾਇਸੈਂਸ, ਇੰਸ਼ੋਰੈਂਸ, ਆਰਸੀ, ਪ੍ਰਦੂਸ਼ਣ ਪ੍ਰਮਾਣ ਪੱਤਰ ਨਾਲ ਰੱਖਣ। ਵਾਹਨ ਨੂੰ ਨਿਰਧਾਰਤ ਜਗ੍ਹਾ ਤੇ ਹੀ ਪਾਰਕ ਕਰਨ। ਤੇਜ਼ ਆਵਾਜ਼ ਕਰਨ ਵਾਲੇ ਹਾਰਨ ਜਾਂ ਸਾਈਲੈਂਸਰ ਦਾ ਇਸਤੇਮਾਲ ਨਾ ਕਰਨ। ਕਾਲੀ ਫਿਲਮ ਲਗਾਉਣ ਤੋਂ ਬਚਣ। ਪੁਲਿਸ ਦਾ ਕਹਿਣਾ ਹੈ ਕਿ ਨਿਯਮਾਂ ਦਾ ਪਾਲਣ ਕਰਨ ਨਾਲ ਨਾ ਸਿਰਫ਼ ਚਾਲਾਨ ਤੋਂ ਬਚਿਆ ਜਾ ਸਕਦਾ ਹੈ, ਬਲਕਿ ਜਾਨ ਅਤੇ ਮਾਲ ਦੀ ਸੁਰੱਖਿਆ ਵੀ ਹੁੰਦੀ ਹੈ। ਬਾਕਸ --ਟ੍ਰੈਫਿਕ ਚਾਲਾਨਾਂ ਦੀ ਸਥਿਤੀ-- ਥਾਣਾ -- ਕੁੱਲ ਚਾਲਾਨ ਸਿਟੀ - 7 ਸਦਰ - 12 ਤਿੱਬੜ - 5 ਕਲਾਨੌਰ - 8 ਧਾਰੀਵਾਲ - 8 ਕਾਹਨੂੰਵਾਨ - 12 ਭੈਣੀ ਮਿਆਂ ਖਾਂ - 5 ਦੀਨਾਨਗਰ - 8 ਪੁਰਾਣਾ ਸ਼ਾਲਾ - 6 ਬਹਿਰਾਮਪੁਰ - 10 ਦੋਰਾਂਗਲਾ - 7 ਘੁੰਮਣ ਕਲਾਂ - 8 ਪੀਸੀਆਰ - 19 ਟ੍ਰੈਫਿਕ ਪੁਲਿਸ - 31 ਕੁੱਲ - 146