- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੇਡਾਂ ਵਤਨ ਪੰਜਾਬ ਦੀਆਂ-2026 ਸੀਜ਼ਨ-4: ਤਾਰਾਗੜ੍ਹ ਸਕੂਲ ਨੇ ਵੁਸ਼ੂ ਮੁਕਾਬਲਿਆਂ ਵਿੱਚ ਗੱਡੇ ਜਿੱਤ ਦੇ ਝੰਡੇ

ਸੁਖਦੇਵ ਸਿੰਘ, ਪੰਜਾਬੀ ਜਾਗਰਣ, ਬਟਾਲਾ : ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026 ਸੀਜ਼ਨ-4’ ਤਹਿਤ ਜ਼ਿਲ੍ਹਾ ਗੁਰਦਾਸਪੁਰ ਵਿੱਚ ਹੋਏ ਵੁਸ਼ੂ ਖੇਡ ਮੁਕਾਬਲਿਆਂ ਵਿੱਚ ਸ਼ਹੀਦ ਕਸ਼ਮੀਰੀ ਲਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਾਰਾਗੜ੍ਹ ਦੇ ਤਿੰਨ ਹੋਣਹਾਰ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਜਿੱਤ ਕੇ ਸਕੂਲ, ਆਪਣੇ ਮਾਪਿਆਂ ਅਤੇ ਸਮੁੱਚੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਵਿਦਿਆਰਥੀਆਂ ਦੀ ਇਸ ਵੱਡੀ ਪ੍ਰਾਪਤੀ ਨਾਲ ਸਕੂਲ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਸਕੂਲ ਮੈਨੇਜਮੈਂਟ, ਪ੍ਰਿੰਸੀਪਲ, ਅਧਿਆਪਕਾਂ ਅਤੇ ਮਾਪਿਆਂ ਵੱਲੋਂ ਜੇਤੂ ਖਿਡਾਰੀਆਂ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।ਬੀਤੀ 10 ਅਕਤੂਬਰ ਤੋਂ 15 ਅਕਤੂਬਰ 2026 ਤੱਕ ਕਰਵਾਏ ਗਏ ਇਨ੍ਹਾਂ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਸਕੂਲ ਦੀ ਬਾਰ੍ਹਵੀਂ ਜਮਾਤ ਦੇ ਕਾਮਰਸ ਗਰੁੱਪ ਦੇ ਵਿਦਿਆਰਥੀਆਂ ਅਸੀਸਪਾਲ ਸਿੰਘ, ਹਰਕਿਰਤ ਸਿੰਘ ਅਤੇ ਸਹਿਜਰੂਪ ਸਿੰਘ ਨੇ ਭਾਗ ਲਿਆ। ਤਿੰਨਾਂ ਵਿਦਿਆਰਥੀਆਂ ਨੇ ਆਪਣੀ ਮਿਹਨਤ, ਲਗਨ, ਅਨੁਸ਼ਾਸਨ ਅਤੇ ਖੇਡ ਪ੍ਰਤੀ ਸਮਰਪਣ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਦੇ ਤਗਮੇ ਆਪਣੇ ਨਾਮ ਕੀਤੇ। ਇਸ ਸ਼ਾਨਦਾਰ ਪ੍ਰਾਪਤੀ ਲਈ ਹਰੇਕ ਖਿਡਾਰੀ ਨੂੰ 10,000 ਰੁਪਏ ਦਾ ਨਕਦ ਇਨਾਮ ਵੀ ਮਿਲਿਆ। ਪ੍ਰਿੰਸੀਪਲ ਰਾਜਨ ਕੁਮਾਰ ਅਤੇ ਸਮੂਹ ਸਕੂਲ ਸਟਾਫ ਵੱਲੋਂ ਤਿੰਨਾਂ ਜੇਤੂ ਵਿਦਿਆਰਥੀਆਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਮੁਬਾਰਕਬਾਦ ਦੇਣ ਦੇ ਨਾਲ ਨਾਲ ਸੁਨਹਿਰੀ ਭਵਿੱਖ ਦੀ ਕਾਮਨਾ ਵੀ ਕੀਤੀ ਗਈ। ਸਕੂਲ ਮੈਨੇਜਮੈਂਟ ਅਤੇ ਸਮੂਹ ਸਟਾਫ ਨੇ ਉਮੀਦ ਜਤਾਈ ਕਿ ਇਹ ਹੋਣਹਾਰ ਖਿਡਾਰੀ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਮਿਹਨਤ ਕਰਦੇ ਰਹਿਣਗੇ ਅਤੇ ਹੋਰ ਉੱਚੀਆਂ ਮੰਜ਼ਿਲਾਂ ਹਾਸਲ ਕਰਕੇ ਆਪਣੇ ਮਾਪਿਆਂ, ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕਰਨਗੇ।