- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੇਡਾਂ ਵਤਨ ਪੰਜਾਬ ਦੀਆਂ-2026: ਐੱਸਐੱਸ ਬਾਜਵਾ ਸਕੂਲ ਦੀ ਵਾਲੀਬਾਲ ਟੀਮ ਦੀ ਝੰਡੀ

ਕਸ਼ਮੀਰ ਸਿੰਘ ਸੰਧੂ\ਤਾਰਿਕ ਅਹਿਮਦ, ਪੰਜਾਬੀ ਜਾਗਰਣ
ਕਾਦੀਆਂ : ਪਿੰਡ ਖੁਜਾਲਾ ਦੇ ਸਰਕਾਰੀ ਸਟੇਡੀਅਮ ਵਿੱਚ ਖੇਡਾਂ ਵਤਨ ਪੰਜਾਬ ਦੀਆਂ-2026 (ਸੀਜ਼ਨ-4) ਦਾ ਸ਼ੁਭ ਆਰੰਭ ਹੋਇਆ। ਇਸ ਖੇਡ ਮੁਕਾਬਲੇ ਵਿੱਚ ਵੱਖ-ਵੱਖ ਸੰਸਥਾਵਾਂ ਤੋਂ 200 ਤੋਂ ਵੱਧ ਖਿਡਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਮੁਕਾਬਲੇ ਵਿੱਚ ਐੱਸਐੱਸ ਬਾਜਵਾ ਮੈਮੋਰੀਅਲ ਪਬਲਿਕ ਸਕੂਲ ਕਾਦੀਆਂ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ। ਸਕੂਲ ਦੀ ਅੰਡਰ-14 ਵਾਲੀਬਾਲ ਟੀਮ ਨੇ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦਿਆਂ ਮੁਕਾਬਲੇ ਵਿੱਚ ਸ਼ਾਮਲ ਸਾਰੀਆਂ ਟੀਮਾਂ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਜੇਤੂ ਖਿਡਾਰੀਆਂ ਨੂੰ ਸੋਨੇ ਦੇ ਤਗਮੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ, ਐਥਲੈਟਿਕਸ ਮੁਕਾਬਲੇ ਵਿੱਚ ਵੀ ਸਕੂਲ ਦੇ ਵਿਦਿਆਰਥੀਆਂ ਅਰੁਣ ਕੁਮਾਰ ਨੇ ਲੰਬੀ ਛਾਲ ਵਿੱਚ ਸੋਨੇ ਦਾ ਤਗਮਾ ਅਤੇ ਰਾਜਵੀਰ ਸਿੰਘ ਨੇ 800 ਮੀਟਰ ਦੌੜ ਵਿੱਚ ਕਾਂਸੇ ਦਾ ਤਗਮਾ ਹਾਸਲ ਕੀਤਾ। ਇਸ ਸ਼ਾਨਦਾਰ ਸਫਲਤਾ ਦਾ ਸਿਹਰਾ ਸਕੂਲ ਦੇ ਡੀਪੀ ਬਾਸਿਤ ਅਹਿਮਦ ਅਤੇ ਪੀਟੀਆਈ ਸੁਖਜਿੰਦਰ ਸਿੰਘ ਦੀ ਮਿਹਨਤ, ਮਾਰਗਦਰਸ਼ਨ ਅਤੇ ਨਿਰੰਤਰ ਸਿਖਲਾਈ ਨੂੰ ਜਾਂਦਾ ਹੈ। ਖਿਡਾਰੀਆਂ ਨੂੰ ਸਕੂਲ ਪਹੁੰਚਣ ’ਤੇ ਪ੍ਰਿੰਸੀਪਲ ਅਮਿਤ ਸਿੰਘ ਨੋਗਾ ਅਤੇ ਵਾਈਸ ਪ੍ਰਿੰਸੀਪਲ ਕਪਿਲ ਸ਼ਰਮਾ ਸਮੇਤ ਸਮੂਹ ਸਟਾਫ਼ ਨੇ ਵਧਾਈ ਦਿੰਦਿਆਂ ਉਨ੍ਹਾਂ ਦਾ ਹੌਸਲਾ ਵਧਾਇਆ। ਇਸ ਮੌਕੇ ਸਕੂਲ ਡਾਇਰੈਕਟਰ ਐੱਮਐੱਲ ਸ਼ਰਮਾ ਨੇ ਖਿਡਾਰੀਆਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਆਉਣ ਵਾਲੇ ਸੈਸ਼ਨ ਵਿੱਚ ਖੇਡਾਂ ਲਈ ਵਿਸ਼ੇਸ਼ ਪ੍ਰਬੰਧ ਕਰਦੇ ਹੋਏ ਵਿਸ਼ੇਸ਼ ਕੋਚ ਨਿਯੁਕਤ ਕੀਤੇ ਜਾਣਗੇ ਤਾਂ ਜੋ ਵਿਦਿਆਰਥੀ ਰਾਜ ਅਤੇ ਰਾਸ਼ਟਰੀ ਪੱਧਰ ’ਤੇ ਵੀ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਸਕਣ। ਸਕੂਲ ਪ੍ਰਧਾਨ ਡਾ. ਰਾਜੇਸ਼ ਸ਼ਰਮਾ ਅਤੇ ਕੋਆਰਡੀਨੇਟਰ ਡਾ. ਸ਼ਾਲਿਨੀ ਸ਼ਰਮਾ ਨੇ ਵੀ ਜੇਤੂ ਵਿਦਿਆਰਥੀਆਂ ਨੂੰ ਹਾਰਦਿਕ ਵਧਾਈ ਦਿੰਦਿਆਂ ਅੱਗੇ ਵਧਣ ਲਈ ਪ੍ਰੇਰਿਆ।