- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੀਨਾਨਗਰ ਵਿਖੇ ਸ਼ਾਨਦਾਰ ਡਰੋਨ ਸ਼ੋਅ

ਆਕਾਸ਼, ਪੰਜਾਬੀ ਜਾਗਰਣ
ਦੀਨਾਨਗਰ: ਸ਼੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੀ ਲੜੀ ਤਹਿਤ ਦੀਨਾਨਗਰ ਵਿਖੇ ਕਰਵਾਏ ਗਏ ਸ਼ਾਨਦਾਰ ਡਰੋਨ ਸ਼ੋਅ ਨੇ ਆਸਮਾਨ ਨੂੰ ਜਗਮਗਾਉਂਦਿਆਂ ਗੁਰੂ ਜੀ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਪ੍ਰਭਾਵਸ਼ਾਲੀ ਪੇਸ਼ਕਾਰੀ ਕੀਤੀ । ਸਥਾਨਕ ਹੈਲੀਪੇਡ ਗਰਾਊਂਡ ਸਾਹਮਣੇ ਬਰਿਸ਼ਤਾ ਰੈਸਟੋਰੈਂਟ, ਦੀਨਾਨਗਰ ਵਿਖੇ ਕਰਵਾਏ ਗਏ ਇਸ ਸ਼ੋਅ ਵਿੱਚ ਸੰਤਾਂ-ਮਹਾਂਪੁਰਸ਼ਾਂ ਦੀ ਹਾਜਰੀ ਅਤੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਅਤੇ ਸਥਾਨਕ ਨਿਵਾਸੀਆਂ ਨੇ ਕੀਰਤਨ ਸਰਵਣ ਕਰਨ ਤੋਂ ਬਾਅਦ ਸ਼ੋਅ ਦੇਖਿਆ।
ਸ਼ੋਅ ਵਿੱਚ 500 ਡ੍ਰੋਨਾਂ ਰਾਹੀਂ ਸ਼੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਫਲਸਫੇ, ਬੇਗਮਪੁਰਾ ਦੇ ਸੰਕਲਪ, ਬਰਾਬਰੀ, ਦਇਆ, ਸਮਾਜਿਕ ਨਿਆਂ, ਮਨੁੱਖੀ ਮਾਣ-ਸਨਮਾਨ ਅਤੇ ਆਪਸੀ ਸਤਿਕਾਰ ਬਾਰੇ ਸਦੀਵੀ ਸੰਦੇਸ਼ ਨੂੰ ਬਹੁਤ ਹੀ ਖੂਬਸੂਰਤ ਢੰਗ ਨਾਲ ਦਰਸਾਇਆ ਗਿਆ। ਇਸ ਮੌਕੇ ਸਵਾਮੀ ਗੁਰਦੀਪ ਗਿਰੀ ਜੀ ਮਹਾਰਾਜ ਪਠਾਨਕੋਟ ਵਾਲਿਆਂ ਵਲੋਂ ਸੰਗਤਾਂ ਨਾਲ ਪ੍ਰਵਚਨ ਕੀਤੇ ਗਏ ਅਤੇ ਸ਼੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ 'ਤੇ ਚੱਲਣ ਲਈ ਪ੍ਰੇਰਿਆ। ਇਕੱਠ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਦੀਨਾਨਗਰ ਸਮਸ਼ੇਰ ਸਿੰਘ ਨੇ ਕਿਹਾ ਕਿ ਡਰੋਨ ਸ਼ੋਅ ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਰਵਿਦਾਸ ਜੀ ਨੂੰ ਢੁਕਵੀਂ ਸ਼ਰਧਾਂਜਲੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਗੁਰੂ ਜੀ ਪ੍ਰਤੀ ਉਨ੍ਹਾਂ ਦੀ ਡੂੰਘੀ ਸ਼ਰਧਾ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਨੌਜਵਾਨ ਪੀੜ੍ਹੀ ਨੂੰ ਸ਼੍ਰੀ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਤੋਂ ਜਾਣੂ ਕਰਵਾਉਣ ਲਈ ਪ੍ਰਭਾਵਸ਼ਾਲੀ ਮੰਚ ਪ੍ਰਦਾਨ ਕਰਦੀਆਂ ਹਨ। ਇਸ ਮੌਕੇ ਐੱਸਡੀਐੱਮ ਦੀਨਾਨਗਰ ਗਗਨਦੀਪ ਸਿੰਘ, ਤਹਿਸੀਲਦਾਰ ਸੁਖਵਿੰਦਰ ਸਿੰਘ, ਡੀਐੱਸਪੀ ਰਜਿੰਦਰ ਮਨਹਾਸ, ਲੋਕੇਸ਼ ਸਿੰਘ, ਜਸਬੀਰ ਸਿੰਘ ਕਠਿਆਲੀ ਚੇਅਰਮੈਨ ਮਾਰਕੀਟ ਕਮੇਟੀ, ਚੇਅਰਮੈਨ ਰਾਜੀਵ ਸੈਣੀ, ਰਣਜੀਤ ਸਿੰਘ ਬਲਾਕ ਪ੍ਰਧਾਨ, ਸੁਖਦੇਵ ਰਾਜ, ਬਲਾਕ ਪ੍ਰਧਾਨ ਵਤਨ ਸਿੰਘ, ਗੋਰਾ, ਬਲਾਕ ਪ੍ਰਧਾਨ ਰੁਪਿੰਦਰ ਕੌਰ ਬਲਾਕ ਪ੍ਰਧਾਨ ਮਨਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਕਾਜਲ, ਬਲਾਕ ਪ੍ਰਧਾਨ ਲਖਵਿੰਦਰ ਸਿੰਘ ਮੁੰਨਾਂਵਮੋ, ਬਲਾਕ ਪ੍ਰਧਾਨ ਰਣਜੀਤ ਸਿੰਘ ਸਮੇਤ ਇਲਾਕਾ ਨਿਵਾਸੀ ਵੱਡੀ ਗਿਣਤੀ ਵਿੱਚ ਮੌਜੂਦ ਸਨ।