- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਿਊਮਨ ਰਾਇਟਸ ਕਮਿਸ਼ਨ ਪੰਜਾਬ ਦੀ ਮੈਂਬਰ ਰੁਪਿੰਦਰ ਕੌਰ ਦੀ ਟੀਮ ਵੱਲੋਂ ਥਾਣਾ ਧਾਰੀਵਾਲ ਦਾ ਵਿਸ਼ੇਸ਼ ਦੌਰਾ

ਲਖਬੀਰ ਖੁੰਡਾ, ਪੰਜਾਬੀ ਜਾਗਰਣ, ਧਾਰੀਵਾਲ : ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ (ਹਿਊਮਨ ਰਾਇਟਸ ਕਮਿਸ਼ਨ) ਦੀ ਮੈਂਬਰ ਰੁਪਿੰਦਰ ਕੌਰ ਢੀਂਗਰਾ ਦੀ ਅਗਵਾਈ ਹੇਠਲੀ ਵਿਸ਼ੇਸ਼ ਟੀਮ ਵੱਲੋਂ ਥਾਣਾ ਧਾਰੀਵਾਲ ਦਾ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਟੀਮ ਨੇ ਥਾਣੇ ਦੇ ਅੰਦਰੂਨੀ ਪ੍ਰਬੰਧਾਂ, ਸਾਫ਼-ਸਫ਼ਾਈ ਅਤੇ ਆਮ ਲੋਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਦਾ ਗੰਭੀਰਤਾ ਨਾਲ ਜਾਇਜ਼ਾ ਲਿਆ। ਚੈਕਿੰਗ ਦੌਰਾਨ ਟੀਮ ਨੇ ਥਾਣਾ ਪਰਿਸਰ, ਮੁੱਖ ਦਫ਼ਤਰ ਅਤੇ ਹਵਾਲਾਤ ਦਾ ਨਿਰੀਖਣ ਕੀਤਾ। ਰੁਪਿੰਦਰ ਕੌਰ ਨੇ ਥਾਣੇ ਵਿੱਚ ਆਪਣੀਆਂ ਸਮੱਸਿਆਵਾਂ ਲੈ ਕੇ ਆਉਣ ਵਾਲੇ ਆਮ ਨਾਗਰਿਕਾਂ ਲਈ ਬੈਠਣ, ਪੀਣ ਵਾਲੇ ਸਾਫ਼ ਪਾਣੀ ਅਤੇ ਹੋਰ ਬੁਨਿਆਦੀ ਸਹੂਲਤਾਂ ਦੀ ਮੌਜੂਦਾ ਸਥਿਤੀ ਨੂੰ ਦੇਖਿਆ। ਇਸ ਦੇ ਨਾਲ ਹੀ ਹਵਾਲਾਤ ਵਿੱਚ ਬੰਦ ਵਿਅਕਤੀਆਂ ਦੇ ਮਾਨਵ ਅਧਿਕਾਰਾਂ ਦੀ ਰੱਖਿਆ ਅਤੇ ਉਨ੍ਹਾਂ ਨਾਲ ਕੀਤੇ ਜਾਣ ਵਾਲੇ ਵਰਤਾਅ ਸਬੰਧੀ ਵੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਥਾਣਾ ਧਾਰੀਵਾਲ ਦੇ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਥਾਣੇ ਵਿੱਚ ਆਉਣ ਵਾਲੇ ਹਰ ਨਾਗਰਿਕ ਨਾਲ ਸੁਖਾਵਾਂ ਤੇ ਸਤਿਕਾਰਯੋਗ ਵਰਤਾਅ ਕੀਤਾ ਜਾਵੇ, ਤਾਂ ਜੋ ਲੋਕਾਂ ਨੂੰ ਆਪਣੀ ਫ਼ਰਿਆਦ ਰੱਖਣ ਵਿੱਚ ਕੋਈ ਦਿੱਕਤ ਨਾ ਆਵੇ। ਇਸ ਮੌਕੇ ਥਾਣਾ ਧਾਰੀਵਾਲ ਦੇ ਪੁਲਿਸ ਅਧਿਕਾਰੀਆਂ ਨੇ ਟੀਮ ਨੂੰ ਵਿਸ਼ਵਾਸ ਦਿਵਾਇਆ ਕਿ ਕਮਿਸ਼ਨ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇਗੀ ਅਤੇ ਆਮ ਜਨਤਾ ਦੀ ਸੁਵਿਧਾ ਦਾ ਪੂਰਾ ਧਿਆਨ ਰੱਖਿਆ ਜਾਵੇਗਾ।