ਪੀਐੱਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝਬਕਰਾ ਵਿਖੇ ਵਿਸ਼ੇਸ਼ ਕਰੀਅਰ ਗਾਈਡੈਂਸ ਸੈਸ਼ਨ ਪੀਐੱਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝਬਕਰਾ ਵਿਖੇ ਵਿਸ਼ੇਸ਼ ਕਰੀਅਰ ਗਾਈਡੈਂਸ ਸੈਸ਼ਨ
Publish Date: Wed, 07 Oct 2026 03:48 PM (IST)
Updated Date: Wed, 07 Oct 2026 03:50 PM (IST)
ਸੁਖਦੇਵ ਸਿੰਘ ਖੁਸ਼ੀਪੁਰ, ਪੰਜਾਬੀ ਜਾਗਰਣ ਗੁਰਦਾਸਪੁਰ: ਸਿੱਖਿਆ ਵਿਭਾਗ ਪੰਜਾਬ ਵੱਲੋਂ ਪੀਐੱਮ ਸ਼੍ਰੀ ਸਕੀਮ ਅਧੀਨ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਗਾਈਡੈਂਸ ਐਂਡ ਕੌਂਸਲਿੰਗ ਗਤੀਵਿਧੀਆਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਜ਼ਿਲ੍ਹਾ ਗੁਰਦਾਸਪੁਰ ਦੇ ਪੀਐੱਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝਬਕਰਾ ਵਿਖੇ ਵਿਸ਼ੇਸ਼ ਕਰੀਅਰ ਗਾਈਡੈਂਸ ਅਤੇ ਕਾਊਂਸਲਿੰਗ ਸੈਸ਼ਨ ਕਰਵਾਇਆ ਗਿਆ। ਇਸ ਮੌਕੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਫਸਰ ਨਰੇਸ਼ ਕੁਮਾਰ ਪੀਸੀਐੱਸ (ਅਲਾਈਡ) ਨੇ ਬਤੌਰ ਐਕਸਪਰਟ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਨਾਲ ਕਰੀਅਰ, ਰੋਜ਼ਗਾਰ ਅਤੇ ਜੀਵਨ ਵਿੱਚ ਸਫਲਤਾ ਹਾਸਲ ਕਰਨ ਸਬੰਧੀ ਪ੍ਰੇਰਣਾਦਾਇਕ ਵਿਚਾਰ ਸਾਂਝੇ ਕੀਤੇ। ਇਸ ਮੌਕੇ ਜ਼ਿਲ੍ਹਾ ਗਾਈਡੈਂਸ ਕੌਂਸਲਰ ਗੁਰਦਾਸਪੁਰ ਮੁਕੇਸ਼ ਵਰਮਾ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਸੈਸ਼ਨ ਦੀ ਸ਼ੁਰੂਆਤ ਮੌਕੇ ਸਕੂਲ ਦੀ ਇੰਚਾਰਜ ਸ਼ਾਰਦਾ ਦੇਵੀ ਵੱਲੋਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਫਸਰ ਅਤੇ ਐਕਸਪਰਟ ਨਰੇਸ਼ ਕੁਮਾਰ ਪੀਸੀਐਸ ਦਾ ਸਕੂਲ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਫਸਰ ਨਰੇਸ਼ ਕੁਮਾਰ ਨੇ ਕਿਹਾ ਕਿ ਜੀਵਨ ਵਿੱਚ ਤਰੱਕੀ ਅਤੇ ਸਫਲਤਾ ਪ੍ਰਾਪਤ ਕਰਨ ਲਈ ਸਿਰਫ਼ ਸੁਪਨੇ ਦੇਖਣਾ ਹੀ ਕਾਫ਼ੀ ਨਹੀਂ, ਸਗੋਂ ਉਨ੍ਹਾਂ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਲਈ ਮਿਹਨਤ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਹਰ ਵਿਦਿਆਰਥੀ ਵਿੱਚ ਅੱਗੇ ਵਧਣ ਦੀ ਸਮਰੱਥਾ ਹੁੰਦੀ ਹੈ, ਪਰ ਸਫਲਤਾ ਲਈ ਅਨੁਸ਼ਾਸਨ, ਸਮੇਂ ਦੀ ਸਹੀ ਵਰਤੋਂ, ਨਿਰੰਤਰ ਮਿਹਨਤ, ਸਕਾਰਾਤਮਕ ਸੋਚ ਅਤੇ ਆਪਣੇ ਟੀਚੇ ਪ੍ਰਤੀ ਵਚਨਬੱਧਤਾ ਲਾਜ਼ਮੀ ਹੈ।