‘ਨਸ਼ਾ ਮੁਕਤ ਭਾਰਤ’ ਅਭਿਆਨ ਤਹਿਤ ਵਿਸ਼ੇਸ਼ ਗਤੀਵਿਧੀਆਂ; ਜੇਤੂ ਵਿਦਿਆਰਥੀਆਂ ਦਾ ਸਨਮਾਨ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਵਿਸ਼ੇਸ਼ ਗਤੀਵਿਧੀਆਂ; ਜੇਤੂ ਵਿਦਿਆਰਥੀਆਂ ਦਾ ਸਨਮਾਨ
Publish Date: Sat, 03 Oct 2026 04:54 PM (IST)
Updated Date: Sat, 03 Oct 2026 04:55 PM (IST)
ਕਸ਼ਮੀਰ ਸਿੰਘ ਸੰਧੂ, ਪੰਜਾਬੀ ਜਾਗਰਣ, ਕਾਦੀਆਂ: ‘ਨਸ਼ਿਆਂ ਨੂੰ ਨਾਂਹ, ਜ਼ਿੰਦਗੀ ਨੂੰ ਹਾਂ ਦੇ ਸੰਦੇਸ਼ ਨੂੰ ਵਿਦਿਆਰਥੀਆਂ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਕਾਦੀਆਂ-1 ਅਤੇ ਕਾਦੀਆਂ-2 ਦੇ ਵੱਖ-ਵੱਖ ਸਰਕਾਰੀ ਸਕੂਲਾਂ ’ਚ ਲੇਖ ਮੁਕਾਬਲੇ ਅਤੇ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਗਈਆਂ। ਜ਼ਿਲ੍ਹਾ ਸਿੱਖਿਆ ਅਫਸਰ ਗੁਰਦਾਸਪੁਰ ਰਾਜੇਸ਼ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਗਾਈਡੈਂਸ ਕੌਂਸਲਰ ਮੁਕੇਸ਼ ਵਰਮਾ ਵੱਲੋਂ ਕਾਦੀਆਂ-1 ਅਤੇ ਕਾਦੀਆਂ-2 ਦੇ ਵੱਖ-ਵੱਖ ਸਕੂਲਾਂ ਦਾ ਵਿਸ਼ੇਸ਼ ਦੌਰਾ ਕਰਕੇ ਨਸ਼ਾ ਮੁਕਤ ਭਾਰਤ ਅਭਿਆਨ ਸਮੇਤ ਗਾਈਡੈਂਸ ਗਤੀਵਿਧੀਆਂ ਦੀ ਸਮੀਖਿਆ ਕੀਤੀ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਬਲਾਕ ਗਾਈਡੈਂਸ ਕੌਂਸਲਰ ਕਾਦੀਆਂ-1 ਵਿਪਨ ਕੁਮਾਰ ਵੀ ਮੌਜੂਦ ਸਨ। ਦੌਰੇ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਲਾ ਤੇ ਮਸਾਣੀਆਂ ਸਮੇਤ ਸਰਕਾਰੀ ਹਾਈ ਸਕੂਲ ਪੰਜ ਗਰਾਈਆਂ ’ਚ ਵਿਦਿਆਰਥੀਆਂ ਨੇ ਨਸ਼ਾ ਵਿਰੋਧੀ ਵਿਸ਼ਿਆਂ ਅਤੇ ਲੇਖ ਮੁਕਾਬਲਿਆਂ ’ਚ ਭਾਗ ਲਿਆ। ਜਿਸ ’ਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਗਾਈਡੈਂਸ ਕੌਂਸਲਰ ਮੁਕੇਸ਼ ਵਰਮਾ ਵੱਲੋਂ ਸਕੂਲਾਂ ’ਚ ਸਫਾਈ-ਸਵੱਛਤਾ ਦੇ ਪ੍ਰਬੰਧਾਂ, ਸਕੂਲ ਕੈਂਪਸ ਦੀ ਸਫਾਈ ਅਤੇ ਵਿਦਿਆਰਥੀਆਂ ਲਈ ਸਾਫ਼-ਸੁਥਰਾ ਤੇ ਸਿਹਤਮੰਦ ਵਾਤਾਵਰਨ ਯਕੀਨੀ ਬਣਾਉਣ ਸਬੰਧੀ ਪ੍ਰਬੰਧਾਂ ਦੀ ਵੀ ਮੋਨੀਟਰਿੰਗ ਕੀਤੀ ਗਈ ਅਤੇ ਸਕੂਲ ਮੁਖੀਆਂ ਨੂੰ ਸਫਾਈ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ। ਬਲਾਕ ਗਾਈਡੈਂਸ ਕੌਂਸਲਰ ਵਿਪਨ ਕੁਮਾਰ ਨੇ ਕਿਹਾ ਕਿ ਵਿਦਿਆਰਥੀਆਂ ਵੱਲੋਂ ਨਸ਼ਿਆਂ ਵਿਰੁੱਧ ਦਿਖਾਇਆ ਗਿਆ ਉਤਸ਼ਾਹ ਸ਼ਲਾਘਾਯੋਗ ਹੈ। ਇਸ ਮੌਕੇ ਸਕੂਲਾਂ ’ਚ ਕਰਵਾਈਆਂ ਜਾ ਰਹੀਆਂ ਗਾਈਡੈਂਸ ਗਤੀਵਿਧੀਆਂ ਦੇ ਰਿਕਾਰਡ ਦੀ ਬਾਰੀਕੀ ਨਾਲ ਸਮੀਖਿਆ ਕੀਤੀ ਗਈ। ਇਸ ਦੇ ਨਾਲ ਨਸ਼ਿਆਂ ਵਿਰੁੱਧ ਕਰਵਾਈਆਂ ਗਈਆਂ ਗਤੀਵਿਧੀਆਂ ਅਤੇ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰੋਗਰਾਮਾਂ ਦਾ ਰਿਕਾਰਡ ਵੀ ਮੋਨੀਟਰ ਕੀਤਾ ਗਿਆ। ਇਸ ਤੋਂ ਇਲਾਵਾ ਇਸ ਮੌਕੇ ਬਲਾਕ ਨੋਡਲ ਅਫਸਰ ਕਾਦੀਆਂ-2 ਮਨਪ੍ਰੀਤ ਸਿੰਘ, ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਰਸ਼ਨ ਲਾਲ, ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਲਾ ਕੰਵਲਜੀਤ ਕੌਰ ਤੋਂ ਇਲਾਵਾ ਬਖਸ਼ੀਸ਼ ਸਿੰਘ, ਦੀਪਕ ਕੁਮਾਰ, ਤਜਿੰਦਰ ਸਿੰਘ, ਜਤਿੰਦਰ ਸਿੰਘ, ਰੁਪਿੰਦਰ ਸਿੰਘ, ਮਨਿੰਦਰ ਸਿੰਘ, ਹਰਪਾਲ ਸਿੰਘ ਅਤੇ ਸੁਖਪ੍ਰੀਤ ਸਿੰਘ ਹਾਜ਼ਰ ਸਨ।