- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੱਪਾਂ ਦੇ ਡੰਗ ਤੇਜ਼, ਵੱਖ-ਵੱਖ ਪਿੰਡਾਂ 'ਚ 8 ਨੂੰ ਡੰਗਿਆਂ

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ : ਪਿਛਲੇ ਦਿਨਾਂ ਤੋਂ ਲਗਾਤਾਰ ਖੇਤਾਂ ਤੇ ਘਰੇਲੂ ਕੰਮ-ਕਾਜ ਦੌਰਾਨ ਕਿਸਾਨਾਂ, ਮਜ਼ਦੂਰਾਂ ਤੇ ਮਹਿਲਾਵਾਂ ਨੂੰ ਸੱਪ ਵੱਲੋਂ ਡੰਗਣ ਦੀਆਂ ਘਟਨਾਵਾਂ ਵਿੱਚ ਵਾਧਾ ਹੋਣ ਕਾਰਨ ਲੋਕਾਂ ਵਿੱਚ ਸੱਪਾਂ ਦਾ ਡਰ ਪਾਇਆ ਜਾ ਰਿਹਾ ਹੈ। ਉੱਥੇ ਐਤਵਾਰ ਨੂੰ ਪਿੰਡ ਸੰਗਤਪੁਰ ਦੇ ਨੇੜੇ ਬਾਹਰੀ ਰਾਜ ਦੀ ਮਹਿਲਾ ਮਜ਼ਦੂਰ ਮੰਜੂ ਦੇਵੀ ਨੂੰ ਜ਼ਹਿਰੀਲੇ ਸੱਪ ਦੇ ਡੰਗਣ ਉਪਰੰਤ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਵਿਖੇ ਦਾਖਲ ਕਰਵਾਇਆ ਗਿਆ, ਪਰੰਤੂ ਡਿਊਟੀ ’ਤੇ ਤਾਇਨਾਤ ਡਾਕਟਰ ਤੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਵੱਲੋਂ 25 ਦੇ ਕਰੀਬ ਐਂਟੀ ਸਨੇਕ ਵੈਕਸੀਨ ਲਾਉਣ ਦੇ ਬਾਵਜੂਦ ਸੱਪ ਦੇ ਜ਼ਹਿਰ ਦਾ ਅਸਰ ਬੇਅਸਰ ਹੋਣ ਕਾਰਨ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਰੈਫਰ ਕਰ ਦਿੱਤਾ। ਇਸ ਮੌਕੇ ਡਿਊਟੀ ਦੇ ਤਾਇਨਾਤ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਦੱਸਿਆ ਕਿ ਸੱਪ ਜ਼ਹਿਰੀਲਾ ਹੋਣ ਕਾਰਨ ਮੰਜੂ ਦੇਵੀ ਨੂੰ ਐਂਟੀ ਸਨੇਕ ਦੀਆਂ 25 ਵੈਕਸੀਨ ਲਾਉਣ ਦੇ ਬਾਵਜੂਦ ਸੱਪ ਦੇ ਜ਼ਹਿਰ ਦਾ ਵੀ ਅਸਰ ਨਹੀਂ ਹੋਇਆ। ਮਹਿਲਾ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ 108 ਐਬੂਲੈਂਸ ਰਾਹੀਂ ਸਿਵਿਲ ਹਸਪਤਾਲ ਗੁਰਦਾਸਪੁਰ ਵਿਖੇ ਰੈਫਰ ਕਰਵਾ ਦਿੱਤਾ ਹੈ। ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਵਿੱਚ ਬਲਦੇਵ ਸਿੰਘ ਰਾਹੂਵਾਲ, ਮੋਹਨ ਮਸੀਹ ਰੜੇਵਾਲੀ, ਜਸਵਿੰਦਰ ਸਿੰਘ ਕੋਟਲਾ ਮੁਗਲਾ, ਮਹਿੰਦਰ ਸਿੰਘ ਘਣੀਆਂ-ਕੇ-ਬਾਂਗਰ, ਕੰਵਲਜੀਤ ਸਿੰਘ, ਗੁਰਦੀਪ ਸਿੰਘ ਕੋਟਲਾ ਅਤੇ ਬੱਬੂ ਰਾਊਵਾਲ, ਜਿਨਾਂ ਨੂੰ ਬੀਤੇ ਦਿਨ ਸੱਪ ਨੇ ਡੰਗਿਆ ਸੀ, ਨੂੰ ਐਂਟੀ ਸਨੇਕ ਵੈਕਸੀਨ ਲਾ ਕੇ ਸੱਪ ਦੇ ਜ਼ਹਿਰ ਨੂੰ ਬੇਅਸਰ ਕਰਕੇ ਉਹਨਾਂ ਨੂੰ ਛੁੱਟੀ ਦੇ ਦਿੱਤੀ ਹੈ। ਇਸ ਮੌਕੇ ਡਾ. ਸੁਖਦੀਪ ਸਿੰਘ ਭਾਗੋਵਾਲੀਆ ਮੈਡੀਸਨ ਸਪੈਸ਼ਲ ਲਿਸਟ ਨੇ ਕਿਹਾ ਕਿ ਕਮਿਊਟਰੀ ਸਿਹਤ ਕੇਂਦਰ ਕਲਾਨੌਰ ਜਿੱਥੇ ਦੂਰ-ਦੁਰਾਡੇ ਦੇ ਪਿੰਡਾਂ ਦੇ ਲੋਕ ਸੱਪ ਦੇ ਡੰਗਣ ਉਪਰੰਤ ਇਲਾਜ ਕਰਵਾਉਣ ਲਈ ਆਉਂਦੇ ਹਨ। ਉਨ੍ਹਾਂ ਕਿਹਾ ਕਿ ਸੱਪ ਦੇ ਡੰਗਣ ਉਪਰੰਤ ਤੁਰੰਤ ਸਰਕਾਰੀ ਹਸਪਤਾਲ ਵਿੱਚ ਇਲਾਜ ਕਰਵਾਓ ਕਿਉਂਕਿ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਐਂਟੀ ਸਨੇਕ ਵੈਕਸੀਨ ਉਪਲਬਧ ਹੈ। ਸੱਪ ਦੇ ਡੰਗਣ ਉਪਰੰਤ ਮਰੀਜ਼ ਨੂੰ ਤੁਰੰਤ ਨੇੜਲੇ ਲੇ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਉਣਾ ਚਾਹੀਦਾ ਹੈ ਤੇ ਸੱਪ ਦੇ ਡੰਗਣ ਉਪਰੰਤ ਕਿਸੇ ਵੀ ਬਾਬੇ ਦੇ ਮਣਕੇ ਦਾ ਇਸਤੇਮਾਲ ਨਾ ਕੀਤਾ ਜਾਵੇ ਅਤੇ ਨਾ ਹੀ ਸੱਪ ਦੇ ਕੱਟੇ ਵਾਲੀ ਥਾਂ ਤੇ ਡੂੰਘਾ ਕੱਟ ਲਾਇਆ ਜਾਵੇ ਕਿਉਂਕਿ ਡੂੰਘਾ ਕੱਟ ਲਾਉਣ ਨਾਲ ਸਰੀਰ ਦੀਆਂ ਨਾਲੀਆਂ ਕੱਟੀਆਂ ਜਾ ਸਕਦੀਆਂ ਹਨ।