ਪੈਟਰੋਲ ਪੰਪਾਂ ‘ਤੇ ਸਥਿਤੀ ਹੋਈ ਆਮ, ਗੈਸ ਏਜੰਸੀਆਂ ਦੇ ਬਾਹਰ ਅਜੇ ਵੀ ਸਿਲੰਡਰਾਂ ਨੂੰ ਲੈ ਕੇ ਜੱਦੋ ਜਹਿਦ ਜਾਰੀ
ਪੈਟਰੋਲ ਪੰਪਾਂ ‘ਤੇ ਸਥਿਤੀ ਹੋਈ ਆਮ, ਗੈਸ ਏਜੰਸੀਆਂ ਦੇ ਬਾਹਰ ਅਜੇ ਵੀ ਸਿਲੰਡਰਾਂ ਨੂੰ ਲੈ ਕੇ ਜੱਦੋ ਜਹਿਦ ਜਾਰੀ
Publish Date: Sat, 28 Mar 2026 05:20 PM (IST)
Updated Date: Sun, 29 Mar 2026 04:06 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਗੁਰਦਾਸਪੁਰ: ਤੇਲ ਖ਼ਤਮ ਹੋਣ ਦੀਆਂ ਅਫਵਾਹਾਂ ਤੋਂ ਬਾਅਦ ਪਿਛਲੇ ਕਈ ਦਿਨਾਂ ਤੋਂ ਪੈਟਰੋਲ ਪੰਪਾਂ ’ਤੇ ਦੇਖੀ ਜਾ ਰਹੀ ਬਹੁਤ ਜ਼ਿਆਦਾ ਭੀੜ ਹੁਣ ਖ਼ਤਮ ਹੋ ਗਈ ਹੈ। ਹੁਣ ਪੈਟਰੋਲ ਪੰਪਾਂ ’ਤੇ ਸਥਿਤੀ ਪੂਰੀ ਤਰ੍ਹਾਂ ਆਮ ਹੋ ਗਈ ਹੈ ਜਿਸ ਨਾਲ ਲੋਕਾਂ ਨੇ ਕੁਝ ਰਾਹਤ ਮਹਿਸੂਸ ਕੀਤੀ ਹੈ। ਦੂਜੇ ਪਾਸੇ ਗੈਸ ਸਿਲੰਡਰਾਂ ਨੂੰ ਲੈ ਕੇ ਗੈਸ ਏਜੰਸੀਆਂ ਦੇ ਬਾਹਰ ਲੋਕਾਂ ਦੀ ਭੀੜ ਦੇਖੀ ਜਾ ਰਹੀ ਹੈ। ਲੋਕ ਸਿਲੰਡਰ ਹਾਸਲ ਕਰਨ ਲਈ ਲੰਬੀਆਂ ਕਤਾਰਾਂ ਵਿੱਚ ਲੱਗੇ ਹੋਏ ਹਨ। ਦੱਸ ਦਈਏ ਕਿ ਅਫਵਾਹਾਂ ਦੇ ਚੱਲਦਿਆਂ ਪਿਛਲੇ ਦਿਨਾਂ ਵਿੱਚ ਖਪਤਕਾਰਾਂ ’ਚ ਘਬਰਾਹਟ ਫੈਲ ਗਈ ਸੀ ਜਿਸ ਕਾਰਨ ਪੈਟਰੋਲ ਪੰਪਾਂ ’ਤੇ ਲੰਬੀਆਂ ਕਤਾਰਾਂ ਲੱਗ ਗਈਆਂ ਸਨ। ਬੀਤੇ ਸ਼ੁੱਕਰਵਾਰ ਨੂੰ ਜ਼ਿਲ੍ਹੇ ਦੇ ਕਰੀਬ 20 ਫੀਸਦੀ ਪੈਟਰੋਲ ਪੰਪ ਡਰਾਈ ਹੋ ਗਏ ਸਨ ਜਿਸ ਨਾਲ ਆਮ ਲੋਕਾਂ ’ਚ ਹੜਕੰਪ ਮੱਚ ਗਿਆ ਸੀ। ਲੋਕਾਂ ਨੂੰ ਜਿੱਥੇ ਇੱਕ ਪਾਸੇ ਘਰੇਲੂ ਗੈਸ ਸਿਲੰਡਰ ਲਈ ਦਸ-ਦਸ ਦਿਨ ਇੰਤਜ਼ਾਰ ਕਰਨਾ ਪੈ ਰਿਹਾ ਹੈ, ਉੱਥੇ ਵਾਹਨਾਂ ਵਿੱਚ ਤੇਲ ਭਰਵਾਉਣ ਲਈ ਵੀ ਉਨ੍ਹਾਂ ਨੂੰ ਘੰਟਿਆਂ ਪੈਟਰੋਲ ਪੰਪਾਂ ’ਤੇ ਲਾਈਨ ’ਚ ਖੜ੍ਹਾ ਹੋਣਾ ਪੈ ਰਿਹਾ ਸੀ। ਸ਼ੁੱਕਰਵਾਰ ਸਵੇਰ ਤੋਂ ਹੀ ਪੈਟਰੋਲ ਪੰਪਾਂ ’ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ ਸਨ। ਪੈਟਰੋਲ-ਡੀਜ਼ਲ ਦੀ ਘਾਟ ਨੂੰ ਲੈ ਕੇ ਤੇਜ਼ੀ ਨਾਲ ਫੈਲ ਰਹੀਆਂ ਅਫਵਾਹਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਸਨ। ਲੋਕ ਅਫਰਾ-ਤਫਰੀ ਵਿੱਚ ਆਪਣੇ ਵਾਹਨਾਂ ਵਿੱਚ ਪੈਟਰੋਲ-ਡੀਜ਼ਲ ਭਰਵਾਉਣ ਲਈ ਪੰਪਾਂ ’ਤੇ ਪਹੁੰਚ ਗਏ ਸਨ। ਹਾਲਾਂਕਿ ਪ੍ਰਸ਼ਾਸਨ ਅਤੇ ਪੈਟਰੋਲ ਪੰਪ ਸੰਚਾਲਕਾਂ ਦਾ ਕਹਿਣਾ ਸੀ ਕਿ ਫਿਲਹਾਲ ਜ਼ਿਲ੍ਹੇ ਵਿੱਚ ਪੈਟਰੋਲ-ਡੀਜ਼ਲ ਦੀ ਕੋਈ ਗੰਭੀਰ ਘਾਟ ਨਹੀਂ ਹੈ, ਪਰ ਲੋਕਾਂ ਦੀ ਘਬਰਾਹਟ ਦੇ ਚੱਲਦਿਆਂ ਸਥਿਤੀ ਵਿਗੜ ਗਈ ਸੀ। ਵਧਦੀ ਭੀੜ ਅਤੇ ਅਫਰਾ-ਤਫਰੀ ਦੇ ਵਿੱਚ ਪੈਟਰੋਲ ਪੰਪ ਸੰਚਾਲਕਾਂ ਨੇ ਕੈਨੀਆਂ ਅਤੇ ਬੋਤਲਾਂ ਵਿੱਚ ਪੈਟਰੋਲ-ਡੀਜ਼ਲ ਭਰਵਾ ਕੇ ਸਟੋਰ ਕਰਨ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੰਪਾਂ ’ਤੇ ਸਪੱਸ਼ਟ ਨਿਰਦੇਸ਼ ਜਾਰੀ ਕੀਤੇ ਸਨ। ਹਾਲਾਂਕਿ ਪ੍ਰਸ਼ਾਸਨ ਅਤੇ ਤੇਲ ਕੰਪਨੀਆਂ ਵੱਲੋਂ ਲਗਾਤਾਰ ਸਥਿਤੀ ’ਤੇ ਨਿਯੰਤਰਣ ਰੱਖਣ ਅਤੇ ਲੋਕਾਂ ਨੂੰ ਭਰੋਸਾ ਦਿਵਾਉਣ ਤੋਂ ਬਾਅਦ ਹੁਣ ਹੋਲੀ-ਹੋਲੀ ਭੀੜ ਘੱਟ ਹੁੰਦੀ ਗਈ। ਪੈਟਰੋਲ ਪੰਪ ਸੰਚਾਲਕਾਂ ਅਨੁਸਾਰ ਹੁਣ ਸਾਰੇ ਪੰਪਾਂ ‘ਤੇ ਆਮ ਦਿਨਾਂ ਵਰਗੀ ਹੀ ਆਵਾਜਾਈ ਹੈ। ਕਿਸੇ ਵੀ ਤਰ੍ਹਾਂ ਦੀ ਨਕਲੀ ਘਾਟ ਜਾਂ ਸੰਕਟ ਦੀ ਸਥਿਤੀ ਨਹੀਂ ਹੈ। --ਸਿਲੰਡਰ ਨੂੰ ਤਰਸ ਰਹੇ ਲੋਕ-- ਪੈਟਰੋਲ ਪੰਪਾਂ ’ਤੇ ਹਾਲਾਤ ਠੀਕ ਹੋ ਚੁੱਕੇ ਹਨ ਪਰ ਘਰੇਲੂ ਐੱਲਪੀਜੀ ਖਪਤਕਾਰਾਂ ਦੀ ਪਰੇਸ਼ਾਨੀ ਦਾ ਹੱਲ ਨਹੀਂ ਹੋ ਪਾ ਰਿਹਾ। ਬੁਕਿੰਗ ਕਰਨ ਦੇ ਦਸ-ਦਸ ਦਿਨ ਬਾਅਦ ਵੀ ਖਪਤਕਾਰਾਂ ਨੂੰ ਸਿਲੰਡਰ ਨਹੀਂ ਮਿਲ ਪਾ ਰਿਹਾ। ਹਰ ਗੈਸ ਏਜੰਸੀ ਦੇ ਬਾਹਰ ਸਵੇਰ ਤੋਂ ਹੀ ਖਪਤਕਾਰਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਰਹਿੰਦੀਆਂ ਹਨ। ਔਰਤਾਂ ਅਤੇ ਬਜ਼ੁਰਗਾਂ ਨੂੰ ਖਾਸ ਤੌਰ ’ਤੇ ਇਸ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਕ ਖਪਤਕਾਰ ਨੇ ਦੱਸਿਆ ਕਿ ਦਸ ਦਿਨ ਪਹਿਲਾਂ ਬੁਕਿੰਗ ਕੀਤੀ ਸੀ, ਪਰ ਹੁਣ ਤੱਕ ਸਿਲੰਡਰ ਨਹੀਂ ਮਿਲਿਆ। ਖਪਤਕਾਰ ਇਸ ਸਥਿਤੀ ਤੋਂ ਨਿਰਾਸ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਰਸੋਈ ਗੈਸ ਵਰਗੀ ਮੁੱਢਲੀ ਲੋੜ ਲਈ ਇੰਨੀਆਂ ਦਿੱਕਤਾਂ ਝੱਲਣੀਆਂ ਪੈ ਰਹੀਆਂ ਹਨ, ਜਦਕਿ ਸਰਕਾਰ ਨੂੰ ਸਪਲਾਈ ਪ੍ਰਬੰਧ ਦੁਰੁਸਤ ਕਰਨਾ ਚਾਹੀਦਾ ਹੈ। ਉੱਧਰ ਏਜੰਸੀ ਸੰਚਾਲਕਾਂ ਦਾ ਕਹਿਣਾ ਹੈ ਕਿ ਡਿਮਾਂਡ ਵੱਧ ਹੋਣ ਅਤੇ ਸਪਲਾਈ ਘੱਟ ਮਿਲਣ ਕਾਰਨ ਇਹ ਸਥਿਤੀ ਬਣੀ ਹੋਈ ਹੈ। -------- ਛੋਟੇ ਦੁਕਾਨਦਾਰਾਂ ਦਾ ਕਾਰੋਬਾਰ ਬੰਦ ਹੋਣ ਦੀ ’ਤੇ ਘਰੇਲੂ ਐੱਲਪੀਜੀ ਸਿਲੰਡਰਾਂ ਦੀ ਵਧਦੀ ਕਿੱਲਤ ਦਾ ਅਸਰ ਹੁਣ ਛੋਟੇ ਦੁਕਾਨਦਾਰਾਂ ਦੇ ਕਾਰੋਬਾਰ ’ਤੇ ਵੀ ਡੂੰਘਾ ਪੈਣ ਲੱਗਾ ਹੈ। ਰਸੋਈ ਗੈਸ ਦੀ ਅਨਿਯਮਿਤ ਸਪਲਾਈ ਦੇ ਚਲਦਿਆਂ ਢਾਬਿਆਂ, ਹੋਟਲਾਂ, ਰੇਹੜੀ ਵਾਲਿਆਂ ਅਤੇ ਛੋਟੇ ਖਾਣ-ਪੀਣ ਦੇ ਸਥਾਨਾਂ ਦਾ ਸੰਚਾਲਨ ਮੁਸ਼ਕਲ ਹੋ ਗਿਆ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸਮੇਂ ਸਿਰ ਸਿਲੰਡਰ ਨਹੀਂ ਮਿਲਣ ਨਾਲ ਉਨ੍ਹਾਂ ਦਾ ਰੁਜ਼ਗਾਰ ਬੰਦ ਹੋਣ ਦੀ ਕਗਾਰ ’ਤੇ ਪਹੁੰਚ ਗਿਆ ਹੈ। ਜੇਕਰ ਇਸੇ ਤਰ੍ਹਾਂ ਹਾਲਾਤ ਰਹੇ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਕਟ ਹੋਰ ਵੀ ਜ਼ਿਆਦਾ ਪੈਦਾ ਹੋ ਜਾਵੇਗਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਿਲੰਡਰਾਂ ਦੀ ਚੱਲ ਰਹੀ ਕਿੱਲਤ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ।