- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੰਡੀ ਵਿੱਚ ਝੋਨੇ ਦੀ ਖਰੀਦ ਵਿੱਚ ਤੇਜ਼ੀ ਨਾ ਹੋਣ ਦੇ ਵਿਰੋਧ ਵਿੱਚ ਧਰਨਾ

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ
ਕਲਾਨੌਰ: ਬਾਰਡਰ ਏਰੀਏ ਦੇ ਸੈਂਕੜੇ ਪਿੰਡਾਂ ਦੀ ਪ੍ਰਮੁੱਖ ਅਨਾਜ ਮੰਡੀ ਕਲਾਨੌਰ ਵਿੱਚ ਬਿਨਾਂ ਕੱਟ ਝੋਨੇ ਦੀ ਖਰੀਦ ਵਿੱਚ ਤੇਜ਼ੀ ਲਿਆਉਣ ਲਈ ਕਿਸਾਨਾਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਕਲਾਨੌਰ-ਬਟਾਲਾ ਮਾਰਗ ’ਤੇ ਪੈਂਦੀ ਅਨਾਜ ਮੰਡੀ ਦੇ ਸਾਹਮਣੇ ਧਰਨਾ ਮਾਰ ਕੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਕਰੀਬ ਚਾਰ ਘੰਟੇ ਕਲਾਨੌਰ-ਬਟਾਲਾ ਮਾਰਗ ’ਤੇ ਜਾਮ ਲੱਗਣ ਕਾਰਨ ਇਸ ਮਾਰਗ ਤੋਂ ਆਉਣ-ਜਾਣ ਵਾਲੇ ਸਰਕਾਰੀ, ਪ੍ਰਾਈਵੇਟ ਵਾਹਨਾਂ ਤੋਂ ਇਲਾਵਾ ਸਕੂਲੀ ਬੱਸਾਂ ਵਿੱਚ ਆਉਣ-ਜਾਣ ਵਾਲੇ ਵਿਦਿਆਰਥੀਆਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਦਕਿ ਇਸ ਧਰਨੇ ਨੂੰ ਚੁਕਾਉਣ ਲਈ ਐੱਸਡੀਐੱਮ ਲਛਮਨ ਸਿੰਘ ਵਿਸ਼ੇਸ਼ ਤੌਰ ’ਤੇ ਧਰਨੇ ਵਿੱਚ ਪੁੱਜੇ ਅਤੇ ਕਿਸਾਨਾਂ ਨੂੰ ਝੋਨੇ ਦੀ ਖਰੀਦ ਬਿਨਾਂ ਘੱਟ ਤੇਜ਼ੀ ਨਾਲ ਕਰਵਾਉਣ ਦਾ ਵਿਸ਼ਵਾਸ ਦੇਣ ਉਪਰੰਤ ਇਸ ਧਰਨੇ ਨੂੰ ਚੁਕਾਇਆ ਗਿਆ।
ਇਸ ਮੌਕੇ ’ਤੇ ਕਲਾਨੌਰ-ਬਟਾਲਾ ਮਾਰਗ ’ਤੇ ਸੰਯੁਕਤ ਕਿਸਾਨ ਮੋਰਚੇ ਨਾਲ ਸੰਬੰਧਿਤ ਵੱਖ-ਵੱਖ ਜਥੇਬੰਦੀਆਂ, ਜਿਨ੍ਹਾਂ ਵਿੱਚ ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਹਰਜੀਤ ਸਿੰਘ ਕਾਹਲੋਂ, ਜਵਾਨ ਤੇ ਕਿਸਾਨ ਭਲਾਈ ਦੇ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਤੋਂ ਇਲਾਵਾ ਵੱਖ-ਵੱਖ ਜਥੇਬੰਦੀਆਂ ਅਤੇ ਇਲਾਕੇ ਦੇ ਕਿਸਾਨਾਂ ਵੱਲੋਂ ਕਿਸਾਨਾਂ ਦੀ ਝੋਨੇ ਦੀ ਖਰੀਦ ਨੂੰ ਬਿਨਾਂ ਕੱਟ ਯਕੀਨੀ ਬਣਾਉਣ ਲਈ ਦੁਪਹਿਰ ਇੱਕ ਵਜੇ ਤੋਂ ਕਲਾਨੌਰ-ਬਟਾਲਾ ਮਾਰਗ ’ਤੇ ਮੰਡੀ ਦੇ ਸਾਹਮਣੇ ਲਗਾਇਆ ਧਰਨਾ ਕਰੀਬ 4 ਵਜੇ ਖ਼ਤਮ ਹੋਇਆ। ਇਸ ਮੌਕੇ ’ਤੇ ਉਕਤ ਜਥੇਬੰਦੀਆਂ ਦੇ ਬੁਲਾਰਿਆਂ ਨੇ ਕਿਹਾ ਕਿ ਕਲਾਨੌਰ ਅਨਾਜ ਮੰਡੀ ਵਿੱਚ ਝੋਨੇ ਦੀ ਖਰੀਦ ਨੂੰ ਲੈ ਕੇ ਦੋ ਦਿਨ ਪਹਿਲਾਂ ਵੀ ਮਾਰਕੀਟ ਕਮੇਟੀ ਦਫ਼ਤਰ ਦੇ ਮੂਹਰੇ ਧਰਨਾ ਲਗਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਆੜ੍ਹਤੀਆਂ ਅਤੇ ਕਿਸਾਨਾਂ ਦੇ ਝੋਨੇ ਨੂੰ ਸੈਲਰ ਮਾਲਕਾਂ ਵੱਲੋਂ 161 ਕੱਟ ਲਾਉਣ ਦੀ ਗੱਲ ਕਹਿਣ ਦੇ ਵਿਰੋਧ ਵਿੱਚ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਕਲਾਨੌਰ-ਬਟਾਲਾ ਮਾਰਗ ਦਾ ਚੱਕਾ ਜਾਮ ਕਰਕੇ ਧਰਨਾ ਮਾਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਕਿਸਾਨਾਂ ਦੀ ਲੁੱਟ ਨਹੀਂ ਹੋਣ ਦਿੱਤੀ ਜਾਵੇਗੀ। ਇਸ ਮੌਕੇ ’ਤੇ ਕਲਾਨੌਰ-ਬਟਾਲਾ ਮਾਰਗ ’ਤੇ ਕੀਤੇ ਚੱਕਾ ਜਾਮ ਨੂੰ ਖੁਲਵਾਉਣ ਲਈ ਐੱਸਡੀਐੱਮ ਲਛਮਨ ਸਿੰਘ ਧਰਨੇ ਵਿੱਚ ਪਹੁੰਚੇ ਅਤੇ ਕਿਸਾਨ ਜਥੇਬੰਦੀਆਂ ਅਤੇ ਕਿਸਾਨਾਂ ਨਾਲ ਗੱਲਬਾਤ ਕਰਨ ਉਪਰੰਤ ਉਨ੍ਹਾਂ ਵਿਸ਼ਵਾਸ ਦਵਾਇਆ ਕਿ ਮੰਡੀ ਵਿੱਚ ਦਿਨ ਵਿੱਚ ਦੋ ਵਾਰ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਝੋਨੇ ਦੀ ਖਰੀਦ ਕੀਤੀ ਜਾਵੇਗੀ। ਇਸ ਮੌਕੇ ’ਤੇ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਸੈਲਰ ਮਾਲਕਾਂ ਨਾਲ ਵੀ ਐਗਰੀਮੈਂਟ ਹੋ ਚੁੱਕਾ ਹੈ ਅਤੇ ਸੈਲਰ ਮਾਲਕ ਮੰਡੀਆਂ ਵਿੱਚੋਂ ਝੋਨੇ ਦੀ ਲਿਫਟਿੰਗ ਨੂੰ ਯਕੀਨੀ ਬਣਾਉਣਗੇ। ਇਸ ਮੌਕੇ ’ਤੇ ਉਨ੍ਹਾਂ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਨਿਰਵਿਘਨ ਸਹਿਤ ਵਿਕਰੀ ਨੂੰ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਦਾ ਸਹਿਯੋਗ ਦੇਣ, ਤਾਂ ਜੋ ਝੋਨੇ ਦੀ ਫ਼ਸਲ ਕਿਸਾਨਾਂ ਦੀ ਹੱਥੋਂ-ਹੱਥ ਵਿਕ ਸਕੇ। ਇਸ ਮੌਕੇ ’ਤੇ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿੱਚ ਸੁੱਕਾ ਝੋਨਾ ਲੈ ਕੇ ਆਉਣ, ਤਾਂ ਜੋ ਖਰੀਦ ਏਜੰਸੀਆਂ ਸਰਕਾਰੀ ਝੋਨਾ ਤੁਰੰਤ ਖਰੀਦ ਸਕਣ। ਇਸ ਮੌਕੇ ’ਤੇ ਕਾਮਰੇਡ ਕੰਵਲਜੀਤ ਸਿੰਘ, ਗੁਰਵਿੰਦਰ ਸਿੰਘ ਗੁਰਾਇਆ, ਸਤਨਾਮ ਸਿੰਘ ਬਲਾਰੀਆ, ਗੁਰਜੀਤ ਸਿੰਘ ਬਲਾਰੀਆ, ਗੁਰਪ੍ਰੀਤ ਸਿੰਘ ਗੋਪੀ, ਸੁਖਵਿੰਦਰ ਸਿੰਘ, ਕਵਲਜੀਤ ਸਿੰਘ ਰੰਧਾਵਾ, ਬਲਵਿੰਦਰ ਸਿੰਘ, ਗੁਰਦੀਪ ਸਿੰਘ, ਬਲਰਾਜ ਸਿੰਘ, ਕੁਲਵਿੰਦਰ ਸਿੰਘ, ਗੁਰਪਿੰਦਰ ਸਿੰਘ ਆੜ੍ਹਤੀ ਆਦਿ ਹਾਜ਼ਰ ਸਨ।